ਯੁਵਾ ਦਿਵਸ ’ਤੇ ਨਸ਼ਾ ਮੁਕਤ ਭਾਰਤ ਮੁਹਿੰਮ ਦੀ ਚੁੱਕੀ ਸਹੁੰ
ਲਾਇਲਪੁਰ ਖਾਲਸਾ ਕਾਲਜ ਨੇ ਰਾਸ਼ਟਰੀ ਯੁਵਾ ਦਿਵਸ ਮਨਾਇਆ
Publish Date: Mon, 12 Jan 2026 06:38 PM (IST)
Updated Date: Mon, 12 Jan 2026 06:42 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਦੇ ਐੱਨਐੱਸਐੱਸ ਯੂਨਿਟ ਨੇ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਵਸ ਮਨਾਇਆ। ਇਸ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ, ਵਿਦਿਆਰਥੀਆਂ ਤੇ ਸਟਾਫ ਨੇ ਸਵਾਮੀ ਵਿਵੇਕਾਨੰਦ ਜੀ ਦੀ ਫੋਟੋ ਤੇ ਫੁੱਲ ਅਰਪਣ ਕਰਕੇ ਕੀਤੀ। ਉਨ੍ਹਾਂ ਨੇ ਆਪਣੇ ਸੰਦੇਸ਼ ’ਚ ਕਿਹਾ ਕਿ ਸਵਾਮੀ ਜੀ ਦਾ ਜੀਵਨ ਤੇ ਸਿੱਖਿਆਵਾਂ ਚਰਿੱਤਰ ਨਿਰਮਾਣ ਤੇ ਸਵੈ-ਵਿਸ਼ਵਾਸ ਨੂੰ ਪ੍ਰੇਰਿਤ ਕਰਦੀਆਂ ਹਨ ਜੋ ਕਿ ਯੁਵਾ ਸਸ਼ਕਤੀਕਰਨ ਤੇ ਰਾਸ਼ਟਰ ਨਿਰਮਾਣ ਲਈ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਅੱਗੇ ਕਿਹਾ ਕਿ ਵੋਕਲ ਫਾਰ ਲੋਕਲ , ਸਰੀਰਕ ਤੰਦਰੁਸਤੀ, ਅਨੁਸ਼ਾਸਨ ਤੇ ਟੀਮ ਵਰਕ ਲਈ ਦੇਸ਼ ਵਿਆਪੀ ਮੁਹਿੰਮਾਂ 2047 ਤੱਕ ਵਿਕਸ਼ਤ ਭਾਰਤ ਦੇ ਦ੍ਰਿਸ਼ਟੀਕੋਣ ਲਈ ਮਾਪਦੰਡ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਕੀਤਾ। ਫਿਰ, ਸਮਾਜਿਕ ਨਿਆਂ ਤੇ ਸਸ਼ਕਤੀਕਰਨ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਨਸ਼ਾ ਮੁਕਤ ਭਾਰਤ ਅਭਿਆਨ (ਐੱਨਐੱਮਬੀਏ) ਬਾਰੇ ਸਹੁੰ ਚੁੱਕੀ ਗਈ, ਜਿਸ ਦਾ ਉਦੇਸ਼ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਜਾਗਰੂਕਤਾ ਪੈਦਾ ਕਰਨਾ ਤੇ ਸਕਾਰਾਤਮਕ ਵਿਵਹਾਰਕ ਤਬਦੀਲੀ ਨੂੰ ਉਤਸ਼ਾਹਿਤ ਕਰਨਾ ਹੈ। ਐੱਨਐੱਸਐੱਸ ਦੇ ਮੁੱਖ ਪ੍ਰੋਗਰਾਮ ਅਫਸਰ ਪ੍ਰੋ. ਸਤਪਾਲ ਸਿੰਘ ਨੇ ਦੱਸਿਆ ਕਿ ਸਵਾਮੀ ਵਿਵੇਕਾਨੰਦ ਦੇ ਆਦਰਸ਼ਾਂ ਤੋਂ ਪ੍ਰੇਰਨਾ ਲੈ ਕੇ ਰਾਸ਼ਟਰੀ ਏਕਤਾ ਤੇ ਸਵੈ-ਨਿਰਭਰਤਾ ਦੇ ਸੰਦੇਸ਼ ਨੂੰ ਫੈਲਾਉਣ ਲਈ ਕਾਲਜ ਗੇਟ ਤੋਂ ਲਾਡੋਵਾਲੀ ਸੜਕ ਤੱਕ 2 ਕਿੱਲੋਮੀਟਰ ਦੀ ਰਨ ਫਾਰ ਸਵਦੇਸ਼ੀ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਸਵਾਮੀ ਜੀ ਦੇ ਸਿਧਾਂਤਾਂ ਦੀ ਪਾਲਣਾ ਕਰਦੇ ਹੋਏ ਐੱਨਐੱਸਐੱਸ ਵਲੰਟੀਅਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਈ ਸਿਵਲ ਡਿਫੈਂਸ ਯੋਧਿਆਂ ਦੀ ਆਫ਼ਤ ਪ੍ਰਬੰਧਨ ਸਿਖਲਾਈ ’ਚ ਹਿੱਸਾ ਲੈਣ ਦਾ ਵਿਕਲਪ ਚੁਣਿਆ ਹੈ ਤਾਂ ਜੋ ਉਹ ਲੋੜ ਦੇ ਸਮੇਂ ’ਚ ਆਪਣੀ ਭੂਮਿਕਾ ਨਿਭਾ ਸਕਣ। ਇਸ ਸਮਾਗਮ ਦੌਰਾਨ, ਕਾਲਜ ਦੇ ਐੱਨਐੱਸਐੱਸ ਵਲੰਟੀਅਰਾਂ ਤੇ ਨਾਨ-ਟੀਚਿੰਗ ਸਟਾਫ਼ ਮੈਂਬਰਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।