-ਆਨਲਾਈਨ ਆਫਰ ਦੇ ਨਾਂ

-ਆਨਲਾਈਨ ਆਫਰ ਦੇ ਨਾਂ 'ਤੇ ਵਧ ਰਹੀ ਠੱਗੀ, ਸਾਈਬਰ ਠੱਗ ਇੰਟਰਨੈੱਟ 'ਤੇ ਪਾ ਰਹੇ ਆਕਰਸ਼ਕ ਆਫਰ
ਸੁਕਰਾਂਤ, ਜਾਗਰਣ, ਜਾਲੰਧਰ
ਫਿਲੌਰ ’ਚ ਇਕ ਨੌਜਵਾਨ ਨੂੰ ਇੰਟਰਨੈੱਟ 'ਤੇ ਸਸਤੀ ਗੱਡੀ ਦੀ ਭਾਲ ਕਰਨੀ ਮਹਿੰਗਾ ਪੈ ਗਈ। ਨੌਜਵਾਨ ਨੂੰ ਆਨਲਾਈਨ ਇਕ ਆਕਰਸ਼ਕ ਆਫਰ ਦਿਖਾਈ ਦਿੱਤਾ, ਜਿਸ ਵਿਚ ਬਹੁਤ ਹੀ ਘੱਟ ਕੀਮਤ 'ਤੇ ਦੋਪਹੀਆ ਜਾਂ ਚਾਰ ਪਹੀਆ ਵਾਹਨ ਉਪਲੱਬਧ ਕਰਨ ਦਾ ਦਾਅਵਾ ਕੀਤਾ ਗਿਆ ਸੀ। ਆਫਰ 'ਤੇ ਭਰੋਸਾ ਕਰਦਿਆਂ ਜਦੋਂ ਉਸ ਨੇ ਦਿੱਤੇ ਗਏ ਲਿੰਕ 'ਤੇ ਕਲਿੱਕ ਕੀਤਾ, ਉਸ ਦਾ ਬੈਂਕ ਖਾਤਾ ਹੈਕ ਹੋ ਗਿਆ ਤੇ ਕੁਝ ਹੀ ਮਿੰਟਾਂ ਵਿਚ 70 ਹਜ਼ਾਰ ਰੁਪਏ ਠੱਗਾਂ ਨੇ ਉਡਾ ਲਏ। ਇਹ ਕੋਈ ਇਕ ਮਾਮਲਾ ਨਹੀਂ ਹੈ, ਬਲਕਿ ਅਜਿਹੇ ਸਾਈਬਰ ਫਰਾਡ ਦੇ ਕੇਸ ਲਗਾਤਾਰ ਵੱਧ ਰਹੇ ਹਨ ਅਤੇ ਸਾਈਬਰ ਥਾਣਿਆਂ ’ਚ ਹਰ ਰੋਜ਼ ਸ਼ਿਕਾਇਤਾਂ ਦਰਜ ਹੋ ਰਹੀਆਂ ਹਨ। ਦਰਜਨਾਂ ਅਜਿਹੀਆਂ ਸ਼ਿਕਾਇਤਾਂ ਹਨ ਜਿਨ੍ਹਾਂ ’ਚ ਸਸਤਾ ਵਾਹਨ ਖਰੀਦਣ ਦੇ ਚੱਕਰ ’ਚ ਲੋਕ ਠੱਗੇ ਜਾ ਚੁੱਕੇ ਹਨ ਤੇ ਉਨ੍ਹਾਂ ਦੇ ਖਾਤੇ ਹੈਕ ਕਰ ਕੇ ਠੱਗਾਂ ਨੇ ਪੈਸੇ ਕੱਢੇ ਜਾ ਰਹੇ ਹਨ। ਜਲੰਧਰ ਦੇ ਸ਼ਹਿਰ ਅਤੇ ਦਿਹਾਤ ’ਚ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਪੁਲਿਸ ਵਾਰ-ਵਾਰ ਸਾਈਬਰ ਠੱਗਾਂ ਤੋਂ ਬਚਣ ਦੀ ਚਿਤਾਵਨੀ ਦਿੰਦੀ ਹੈ ਪਰ ਫਿਰ ਵੀ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਹਨ।
---
ਸਾਈਬਰ ਠੱਗੀ ਦਾ ਇਹ ਤਰੀਕਾ ਕਿਵੇਂ ਕੰਮ ਕਰਦਾ ਹੈ
ਸਾਈਬਰ ਠੱਗ ਸੋਸ਼ਲ ਮੀਡੀਆ, ਵੈੱਬਸਾਈਟਾਂ ਅਤੇ ਆਨਲਾਈਨ ਪਲੇਟਫਾਰਮਾਂ 'ਤੇ ਸਸਤੇ ਵਾਹਨਾਂ ਦੇ ਫ਼ਰਜੀ ਇਸ਼ਤਿਹਾਰ ਪਾਉਂਦੇ ਹਨ। ਇਹ ਇੰਨੇ ਆਕਰਸ਼ਕ ਹੁੰਦੇ ਹਨ ਕਿ ਲੋਕ ਆਸਾਨੀ ਨਾਲ ਇਨ੍ਹਾਂ ਦੇ ਨੈੱਟਵਰਕ ’ਚ ਫਸ ਜਾਂਦੇ ਹਨ। ਜਦੋਂ ਕੋਈ ਵਿਅਕਤੀ ਇਨ੍ਹਾਂ ਆਫਰਾਂ ’ਚ ਰੁਚੀ ਦਿਖਾਉਂਦਾ ਹੈ ਤਾਂ ਉਸ ਨੂੰ ਇਕ ਲਿੰਕ ਭੇਜਿਆ ਜਾਂਦਾ ਹੈ। ਜਿਵੇਂ ਹੀ ਵਿਅਕਤੀ ਉਸ 'ਤੇ ਕਲਿੱਕ ਕਰਦਾ ਹੈ, ਉਸ ਦੀ ਬੈਂਕਿੰਗ ਵੇਰਵੇ, ਓਟੀਪੀ ਜਾਂ ਨਿੱਜੀ ਜਾਣਕਾਰੀ ਹਾਸਲ ਕਰ ਲਈ ਜਾਂਦੀ ਹੈ, ਜਿਸ ਤੋਂ ਬਾਅਦ ਠੱਗ ਉਸ ਦੇ ਖਾਤੇ ਤੋਂ ਪੈਸੇ ਕਢਵਾ ਲੈਂਦੇ ਹਨ।
---
ਕਿਵੇਂ ਫਸਦੇ ਹਨ ਲੋਕ
-ਘੱਟ ਕੀਮਤ ’ਚ ਚੰਗੀ ਡੀਲ ਪਾਉਣ ਦਾ ਲਾਲਚ
-ਆਫਰ ਨੂੰ ਸੀਮਤ ਸਮੇਂ ਦਾ ਦੱਸ ਕੇ ਜਲਦੀ ਫੈਸਲਾ ਕਰਨ ਲਈ ਪ੍ਰੇਰਿਤ ਕਰਨਾ
-ਵੈੱਬਸਾਈਟ ਤੇ ਮੈਸੇਜ ਨੂੰ ਅਸਲੀ ਜਿਹਾ ਦਿਖਾਉਣਾ
-ਤਕਨੀਕੀ ਜਾਣਕਾਰੀ ਦੀ ਕਮੀ
---
ਬਚਾਅ ਦੇ ਤਰੀਕੇ
-ਕਿਸੇ ਵੀ ਅਣਜਾਣ ਲਿੰਕ 'ਤੇ ਕਲਿੱਕ ਨਾ ਕਰੋ
-ਵਾਹਨ ਖਰੀਦਣ ਤੋਂ ਪਹਿਲਾਂ ਵਿਕਰੇਤਾ ਦੀ ਪੂਰੀ ਜਾਂਚ ਕਰੋ
-ਓਟੀਪੀ, ਬੈਂਕ ਡਿਟੇਲਜ਼ ਜਾਂ ਪਾਸਵਰਡ ਕਿਸੇ ਨਾਲ ਸਾਂਝੇ ਨਾ ਕਰੋ
-ਸਿਰਫ ਭਰੋਸੇਮੰਦ ਵੈੱਬਸਾਈਟ ਜਾਂ ਅਧਿਕਾਰਤ ਡੀਲਰ ਤੋਂ ਹੀ ਖਰੀਦਾਰੀ ਕਰੋ
-ਮੋਬਾਈਲ ਤੇ ਬੈਂਕਿੰਗ ਐਪਸ ’ਚ ਸੁਰੱਖਿਆ ਅਪਡੇਟ ਰੱਖੋ
---
ਕਈ ਲੋਕ ਹੋ ਚੁੱਕੇ ਹਨ ਠੱਗੀ ਦਾ ਸ਼ਿਕਾਰ
ਕੇਸ 1: ਜਲੰਧਰ ਦੀ ਰਹਿਣ ਵਾਲੀ ਇਕ ਅਧਿਆਪਕ ਨੇ ਸਕੂਲ ਆਉਣ ਜਾਣ ਲਈ ਆਨਲਾਈਨ ਸੈਕੰਡ ਹੈਂਡ ਸਕੂਟਰ ਵੇਖਿਆ। ਫੇਸਬੁੱਕ 'ਤੇ ਸਕੂਟਰ ਦਾ ਇਸ਼ਤਿਹਾਰ ਦੇਖ ਕੇ ਸੰਪਰਕ ਕੀਤਾ। ਇਸ਼ਤਿਹਾਰ ’ਚ ਸਕੂਟਰ ਬਹੁਤ ਸ਼ਾਨਦਾਰ ਤੇ ਸਸਤੇ ਰੇਟ 'ਤੇ ਦੇਣ ਦੀ ਗੱਲ ਕੀਤੀ ਗਈ। ਇਸ ਲਈ ਇਕ ਖਾਤਾ ਭੇਜਿਆ ਗਿਆ, ਜਿਸ 'ਚ 50 ਹਜ਼ਾਰ ਰੁਪਏ ਐਡਵਾਂਸ ਪਾਉਣ ਨੂੰ ਕਿਹਾ ਗਿਆ। ਇਕ ਨੰਬਰ 'ਤੇ ਔਰਤ ਦੀ ਗੱਲ ਵੀ ਹੋਈ। ਪੈਸੇ ਪਾਉਣ ਤੋਂ ਬਾਅਦ ਨੰਬਰ ਬੰਦ ਹੋ ਗਿਆ। ਬਾਅਦ ’ਚ ਪਤਾ ਲੱਗਾ ਕਿ ਠੱਗੀ ਹੋ ਗਈ ਹੈ।
ਕੇਸ 2: ਜਲੰਧਰ ਦੇ ਇਕ ਕਾਲਜ ਵਿਦਿਆਰਥੀ ਨੇ ਆਨਲਾਈਨ ਬਾਈਕ ਵੇਖੀ ਜਿਸ 'ਤੇ ਕਾਫੀ ਵਧੀਆ ਆਫਰ ਮਿਲਿਆ। ਆਫਰ ਨੂੰ ਪ੍ਰਾਪਤ ਕਰਨ ਲਈ ਦੋ ਦਿਨ ਦਾ ਸਮਾਂ ਦਿੱਤਾ ਗਿਆ ਸੀ। ਉਸ 'ਤੇ ਇਕ ਲਿੰਕ ਆਇਆ ਜਿਸ 'ਤੇ ਕਲਿੱਕ ਕਰਨ 'ਤੇ ਬਾਈਕ ਦੀ ਡਿਟੇਲ ਆਉਣ ਦੀ ਗੱਲ ਕੀਤੀ ਗਈ। ਲਿੰਕ 'ਤੇ ਕਲਿੱਕ ਕਰਦੇ ਹੀ 12 ਹਜ਼ਾਰ ਰੁਪਏ ਖਾਤੇ ਤੋਂ ਕੱਟੇ ਗਏ।
ਕੇਸ 3: ਸੈਕੰਡ ਹੈਂਡ ਕਾਰ ਦਾ ਆਫਰ ਵੇਖ ਕੇ ਇਕ ਵਪਾਰੀ ਨੇ ਆਨਲਾਈਨ ਰਿਕੁਐਸਟ ਭੇਜੀ। ਪਤਾ ਅੰਮ੍ਰਿਤਸਰ ਦਾ ਦੱਸਿਆ ਗਿਆ ਤੇ ਕਾਰ ਨੂੰ ਆਕਰਸ਼ਕ ਆਫਰ ਤੇ ਸਸਤੇ ਰੇਟ 'ਤੇ ਦੇਣ ਦੀ ਗੱਲ ਕੀਤੀ ਗਈ। ਇਸ ਤੋਂ ਬਾਅਦ ਲਿੰਕ ਭੇਜਿਆ ਗਿਆ ਤੇ ਫਿਰ ਠੱਗ ਨੇ 80 ਹਜ਼ਾਰ ਰੁਪਏ ਟ੍ਰਾਂਸਫਰ ਕਰਵਾ ਲਏ।
---
ਸਾਈਬਰ ਠੱਗੀ ਤੋਂ ਬਚਣ ਲਈ ਜਾਗਰੂਕ ਰਹਿਣਾ ਤੇ ਚੌਕਸਲੀ ਵਰਤਣਾ ਹੀ ਇਸ ਤਰ੍ਹਾਂ ਦੇ ਫਰਾਡ ਤੋਂ ਬਚਣ ਦਾ ਸਹੀ ਤਰੀਕਾ ਹੈ। ਅੱਜ ਦੇ ਸਮੇਂ ’ਚ ਚੌਕਸੀ ਹੀ ਸਭ ਤੋਂ ਵੱਡਾ ਬਚਾਅ ਹੈ। ਕਿਸੇ ਵੀ ਅਣਜਾਣ ਲਿੰਕ 'ਤੇ ਕਲਿੱਕ ਨਾ ਕਰੋ, ਨਾ ਹੀ ਕਿਸੇ ਅਣਜਾਣ ਵਿਅਕਤੀ ਨਾਲ ਕੋਈ ਜਾਣਕਾਰੀ ਸਾਂਝੀ ਕਰੋ।
ਪਲਵਿੰਦਰ ਸਿੰਘ, ਸਾਈਬਰ ਐਕਸਪਰਟ।