- ਮਾਡਲ ਟਾਊਨ ਗੁਰਦੁਆਰੇ

- ਮਾਡਲ ਟਾਊਨ ਗੁਰਦੁਆਰੇ ਸਾਹਿਬ ਦੇ ਬਾਹਰ ਸ਼ੁੱਕਰਵਾਰ ਸਵੇਰੇ ਵਰ੍ਹਾਈਆਂ ਸਨ ਅੰਨ੍ਹੇਵਾਹ ਗੋਲ਼ੀਆਂ
- 10 ਗੋਲੀਆਂ ਮਾਰੀਆਂ ਸਨ ਥਾਰ ਗੱਡੀ ’ਚ ਬੈਠਦਿਆਂ ਹੀ ਪ੍ਰਾਪਰਟੀ ਡੀਲਰ ਨੂੰ
- .30 ਬੋਰ ਪਿਸਤੌਲ ਵੀ ਬਰਾਮਦ ਕੀਤੀ, ਮੁਲਜ਼ਮ ਹਸਪਤਾਲ ’ਚ ਭਰਤੀ
ਜਾਸ, ਜਲੰਧਰ/ਅੰਮ੍ਰਿਤਸਰ : ਜਲੰਧਰ ’ਚ ਸ਼ੁੱਕਰਵਾਰ ਸਵੇਰੇ ਪ੍ਰਾਪਰਟੀ ਡੀਲਰ ਤੇ ਫਾਇਨੈਂਸਰ 43 ਸਾਲਾ ਸਤਵਿੰਦਰ ਪਾਲ ਸਿੰਘ ਉਰਫ ਲੱਕੀ ਉਬਰਾਏ ਦੀ 10 ਗੋਲੀਆਂ ਮਾਰ ਕੇ ਹੱਤਿਆ ਦੇ ਮਾਮਲੇ ’ਚ ਦੂਜੇ ਦਿਨ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਇਸ ਹੱਤਿਆਕਾਂਡ ਨੂੰ ਅੰਜਾਮ ਦੇਣ ਵਾਲੇ ਮੁੱਖ ਮੁਲਜ਼ਮ ਨੂੰ ਅੰਮ੍ਰਿਤਸਰ ਵਿਚ ਮੁਕਾਬਲਾ ਮਗਰੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਜਲੰਧਰ ਦੇ ਮਿੱਠਾਪੁਰ ਨਿਵਾਸੀ ਸ਼ਮਿੰਦਰ ਪਾਲ ਵਜੋਂ ਹੋਈ ਹੈ। ਸ਼ਮਿੰਦਰ ਪ੍ਰਾਪਰਟੀ ਡੀਲਰ ਦਾ ਰਿਕਵਰੀ ਏਜੰਟ ਅਤੇ ਡਰਾਈਵਰ ਸੀ। ਉਸ ਕੋਲੋਂ ਪੁਲਿਸ ਨੇ ਇਕ ਵਿਦੇਸ਼ੀ ਬਰੇਟਾ ਕੰਪਨੀ ਦੀ .30 ਬੋਰ ਪਿਸਤੌਲ ਵੀ ਬਰਾਮਦ ਕੀਤੀ ਹੈ। ਮੁਲਜ਼ਮ ਮੁਕਾਬਲੇ ਵਿਚ ਜ਼ਖਮੀ ਹੋ ਗਿਆ ਹੈ ਤੇ ਉਸਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਯਾਦ ਰਹੇ ਕਿ ਜੀਟੀਬੀ ਨਗਰ ਨਿਵਾਸੀ ਲੱਕੀ ਉਬਰਾਏ ਆਮ ਆਦਮੀ ਪਾਰਟੀ (ਆਪ) ਦੇ ਜਲੰਧਰ ਕੈਂਟ ਦੇ ਵਾਰਡ 35 ਦੇ ਇੰਚਾਰਜ ਸਨ।
ਡੀਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਹੋਈ ਇਸ ਘਟਨਾ ਮਗਰੋਂ ਮੁਲਜ਼ਮਾਂ ਦੀ ਪਛਾਣ ਤੇ ਗ੍ਰਿਫਤਾਰੀ ਲਈ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਨਾਲ ਸਾਂਝੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਸ਼ਨਿਚਰਵਾਰ ਦੀ ਸ਼ਾਮ ਭਰੋਸੇਯੋਗ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਪਤਾ ਲੱਗਾ ਕਿ ਹੱਤਿਆ ਮਗਰੋਂ ਮੁਲਜ਼ਮ ਸ਼ਮਿੰਦਰ ਸਿੰਘ ਗ੍ਰਿਫਤਾਰੀ ਤੋਂ ਬਚਣ ਲਈ ਅਮ੍ਰਿਤਸਰ ਦੇ ਖਾਸਾ ਇਲਾਕੇ ’ਚ ਲੁਕਿਆ ਹੋਇਆ ਹੈ। ਇਸ ਜਾਣਕਾਰੀ 'ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਲੇ-ਦੁਆਲੇ ਦੇ ਇਲਾਕਿਆਂ ’ਚ ਨਾਕੇ ਲਗਾ ਕੇ ਗੰਭੀਰਤਾ ਨਾਲ ਚੈਕਿੰਗ ਸ਼ੁਰੂ ਕੀਤੀ। ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਸੁਹੈਲ ਕਾਸਿਮ ਮੀਰ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਜਦੋਂ ਬਾਈਕ 'ਤੇ ਆ ਰਹੇ ਮੁਲਜ਼ਮ ਨੂੰ ਟੀਮ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਬਾਈਕ ਮੋੜ ਕੇ ਭੱਜਣ ਦੀ ਕੋਸ਼ਿਸ਼ ’ਚ ਸੰਤੁਲਨ ਗੁਆ ਬੈਠਾ ਤੇ ਉਥੇ ਹੀ ਡਿ਼ੱਗ ਗਿਆ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ 'ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਨੇ ਆਤਮਰੱਖਿਆ ’ਚ ਜਵਾਬੀ ਕਾਰਵਾਈ ਕੀਤੀ, ਜਿਸ ਵਿਚ ਮੁਲਜ਼ਮ ਜ਼ਖਮੀ ਹੋ ਗਿਆ। ਐੱਸਐੱਸਪੀ ਨੇ ਦੱਸਿਆ ਕਿ ਸ਼ਮਿੰਦਰ ਦਾ ਅਪਰਾਧਿਕ ਰਿਕਾਰਡ ਰਿਹਾ ਹੈ। ਮੁੱਢਲੀ ਪੁੱਛਗਿੱਛ ਦੇ ਦੌਰਾਨ ਇਸ ਹੱਤਿਆਕਾਂਡ ਵਿਚ ਅਹਿਮ ਖੁਲਾਸੇ ਕੀਤੇ ਹਨ। ਪੁਲਿਸ ਟੀਮਾਂ ਹੋਰ ਮੁਲਜ਼ਮਾਂ ਦੀ ਫੜੋ-ਫੜੀ ਲਈ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।
----
ਸਵੇਰੇ 7:35 ਵਜੇ ਦੋ ਹਮਲਾਵਰਾਂ ਨੇ ਦਿੱਤਾ ਸੀ ਘਟਨਾ ਨੂੰ ਅੰਜਾਮ
ਇਹ ਜਾਣਕਾਰੀ ਮਿਲੀ ਹੈ ਕਿ ਖਾਲਸਾ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਕਰੀਬ ਅੱਠ ਮਹੀਨੇ ਪੁਰਾਣੇ ਵਿਵਾਦ ਦੀ ਰੰਜਿਸ਼ ਵਿਚ ਸ਼ੁੱਕਰਵਾਰ ਦੀ ਸਵੇਰ ਲੱਕੀ ਉਬਰਾਏ ਦੀ ਹੱਤਿਆ ਕੀਤੀ ਗਈ ਸੀ। ਲੱਕੀ ਸਵੇਰੇ ਮਾਡਲ ਟਾਊਨ ਸਥਿਤ ਗੁਰਦੁਆਰੇ ਸਾਹਿਬ ’ਚ ਮੱਥਾ ਟੇਕਣ ਦੇ ਬਾਅਦ ਜਦੋਂ 7:35 ਵਜੇ ਗੁਰਦੁਆਰੇ ਸਾਹਿਬ ਤੋਂ ਬਾਹਰ ਨਿਕਲ ਕੇ ਆਪਣੀ ਗੱਡੀ ਵਿਚ ਬੈਠ ਰਿਹਾ ਸੀ, ਤਾਂ ਗੁਰਦੁਆਰੇ ਸਾਹਿਬ ਦੇ ਨਾਲ ਵਾਲੀ ਗਲੀ ਤੋਂ ਪੈਦਲ ਆਏ ਇਕ ਹਮਲਾਵਰ ਨੇ ਦੋਵਾਂ ਹੱਥਾਂ ’ਚ ਪਿਸਤੌਲ ਫੜ ਕੇ 12-15 ਗੋਲੀਆਂ ਚਲਾਈਆਂ। ਪੰਜ ਗੋਲੀਆਂ ਓਬਰਾਏ ਦੇ ਸੀਨੇ ’ਚ, ਦੋ ਗਰਦਨ 'ਤੇ, ਦੋ ਬਾਹਾਂ 'ਤੇ ਅਤੇ ਇਕ ਸਿਰ 'ਤੇ ਲੱਗੀ। ਇਸ ਤੋਂ ਬਾਅਦ ਹਮਲਾਵਰ ਗਲੀ ’ਚ ਐਕਟਿਵਾ ਸਟਾਰਟ ਕਰ ਕੇ ਖੜ੍ਹੇ ਸਾਥੀ ਪਿੱਛੇ ਬੈਠ ਕੇ ਫਰਾਰ ਹੋ ਗਿਆ। ਗੰਭੀਰ ਰੂਪ ਵਿਚ ਜ਼ਖਮੀ ਲੱਕੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਸੀ।
--
ਲੱਕੀ ਨੇ ਕੀਤੀ ਕੁੱਟਮਾਰ ਤਾਂ ਗੈਂਗਸਟਰ ਜੋਗਾ ਦੀ ਮਦਦ ਨਾਲ ਕਰ ਦਿੱਤੀ ਹੱਤਿਆ!
ਸੂਤਰਾਂ ਅਨੁਸਾਰ, ਸ਼ਮਿੰਦਰ ਪਹਿਲਾਂ ਗੈਂਗਸਟਰ ਜੋਗਾ ਫੋਲੜੀਵਾਲ ਲਈ ਕੰਮ ਕਰਦਾ ਸੀ। ਉਸ ਦੇ ਅਮਰੀਕਾ ਜਾਣ ਦੇ ਬਾਅਦ ਕਰੀਬ ਦੋ ਸਾਲ ਪਹਿਲਾਂ ਉਹ ਲੱਕੀ ਦੇ ਫਾਇਨੈਂਸ ਦੇ ਕੰਮ ’ਚ ਰਿਕਵਰੀ ਅਤੇ ਡਰਾਈਵਿੰਗ ਦਾ ਕੰਮ ਕਰਨ ਲੱਗਾ ਸੀ। ਇਸ ਦੇ ਬਾਵਜੂਦ ਉਹ ਜੋਗਾ ਦੇ ਸੰਪਰਕ ਵਿਚ ਸੀ। ਲੱਕੀ ਨਾਲ ਜੁੜੇ ਲੋਕਾਂ ਅਨੁਸਾਰ, ਚਾਰ ਦਿਨ ਪਹਿਲਾਂ ਸ਼ਮਿੰਦਰ ਨੇ ਫਾਇਨੈਂਸ ਰਿਕਵਰੀ ਦੇ ਪੈਸੇ ਨਾਲ ਨਸ਼ਾ ਕਰ ਲਿਆ, ਜਿਸ ਕਾਰਨ ਲੱਕੀ ਨੇ ਉਸ ਦੀ ਕੁੱਟਮਾਰ ਕੀਤੀ ਤੇ ਕੰਮ ਤੋਂ ਕੱਢਣ ਦੀ ਧਮਕੀ ਦਿੱਤੀ। ਉਦੋਂ ਤੋਂ ਉਸ ਨੇ ਮਨ ’ਚ ਰੰਜਿਸ਼ ਰੱਖ ਲਈ ਤੇ ਜੋਗਾ ਨਾਲ ਸੰਪਰਕ ਕਰਕੇ ਉਸ ਦੀ ਹੱਤਿਆ ਕਰਨ ਲਈ ਕਿਹਾ। ਹਾਲਾਂਕਿ ਪੁਲਿਸ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਹੇ।
---
ਅੰਮ੍ਰਿਤਸਰ ਤੱਕ ਟਰੱਕ ਰਾਹੀਂ ਲਿਫਟ, ਫਿਰ ਟੈਕਸੀ ਲਈ ਤੇ ਬਾਅਦ ’ਚ ਮਿਲੀ ਬਾਈਕ
ਇਹ ਜਾਣਕਾਰੀ ਮਿਲੀ ਹੈ ਕਿ ਵਾਰਦਾਤ ਮਗਰੋਂ ਸ਼ਮਿੰਦਰ ਤੇ ਉਸ ਦੇ ਸਾਥੀ ਜਲੰਧਰ ਤੋਂ ਫਰਾਰ ਹੋਏ। ਨੂਰਮਹਿਲ ਨੇੜੇ ਪਹੁੰਚ ਕੇ ਉਨ੍ਹਾਂ ਨੇ ਰਸਤਾ ਬਦਲ ਲਿਆ। ਸ਼ਮਿੰਦਰ ਨੇ ਮਿੱਠਾਪੁਰ ’ਚੋਂ ਨਿਕਲਦੇ ਸਮੇਂ ਕਿਸੇ ਜਾਣਕਾਰ ਨੂੰ ਫੋਨ ਕੀਤਾ ਸੀ। ਰਸਤੇ ’ਚ ਉਸ ਨੇ ਦੋ ਜਗ੍ਹਾਂ ਟਰੱਕ ਤੋਂ ਲਿਫਟ ਲਈ ਤੇ ਬਾਅਦ ਵਿਚ ਟੈਕਸੀ ਜ਼ਰੀਏ ਅੰਮ੍ਰਿਤਸਰ ਪੁੱਜਾ। ਅੰਮ੍ਰਿਤਸਰ ਨੇੜੇ ਉਸ ਨੂੰ ਇਕ ਬਿਨਾਂ ਨੰਬਰ ਦੀ ਬਾਈਕ ਮਿਲੀ, ਜਿਸ ਨਾਲ ਉਹ ਅੱਗੇ ਵਧ ਰਿਹਾ ਸੀ। ਹਾਲਾਂਕਿ ਇਨ੍ਹਾਂ ਤੱਥਾਂ ਦੀ ਆਧਿਕਾਰਤ ਪੁਸ਼ਟੀ ਹਾਲੇ ਨਹੀਂ ਹੋਈ ਹੈ। ਦੂਜੇ ਮੁਲਜ਼ਮਾਂ ਦੇ ਲੁਧਿਆਣਾ ਵੱਲ ਫਰਾਰ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ।
---
ਮੋਬਾਈਲ ਲੋਕੇਸ਼ਨ ਤੇ ਸੀਸੀਟੀਵੀ ਤੋਂ ਹੋਇਆ ਟ੍ਰੈਕ
ਜਲੰਧਰ ਪੁਲਿਸ ਨੇ ਮੋਬਾਈਲ ਫੋਨ ਲੋਕੇਸ਼ਨ ਤੇ ਸੀਸੀਟੀਵੀ ਫੁਟੇਜ ਜ਼ਰੀਏ ਮੁਲਜ਼ਮ ਨੂੰ ਟ੍ਰੈਕ ਕੀਤਾ। ਆਖਰੀ ਲੋਕੇਸ਼ਨ ਅੰਮ੍ਰਿਤਸਰ ਦੇ ਆਲੇ-ਦੁਆਲੇ ਮਿਲਣ ਤੋਂ ਬਾਅਦ ਜਲੰਧਰ ਪੁਲਿਸ ਨੇ ਅੰਮ੍ਰਿਤਸਰ ਪੁਲਿਸ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਉਸ ਦਾ ਐਨਕਾਊਂਟਰ ਕਰ ਕੇ ਫੜ ਕੀਤਾ।
----
ਦੂਜੀ ਪਿਸਟਲ ਨਾਲ ਹੋਰ ਮੁਲਜ਼ਮ ਫ਼ਰਾਰ
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਵਾਰਦਾਤ ਵਿਚ ਦੋ ਪਿਸਤੌਲਾਂ ਦੀ ਵਰਤੋਂ ਹੋਈ ਸੀ। ਇਕ ਸ਼ਮਿੰਦਰ ਕੋਲੋਂ ਬਰਾਮਦ ਹੋ ਚੁੱਕਿਆ ਹੈ, ਜਦਕਿ ਦੂਜਾ ਉਸ ਦੇ ਸਾਥੀ ਕੋਲ ਹੋਣ ਦੀ ਜਾਣਕਾਰੀ ਹੈ। ਉਸ ਮੁਲਜ਼ਮ ਦੀ ਭਾਲ ਵਿਚ ਲਗਾਤਾਰ ਛਾਪੇਮਾਰੀ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸਾਜ਼ਿਸ਼ ਰਚਣ ਦੇ ਮੁੱਖ ਮੁਲਜ਼ਮ ਤੋਂ ਪੁੱਛਗਿੱਛ ’ਚ ਹੋਰ ਸਹਿਯੋਗੀਆਂ ਦੇ ਨਾਮ ਵੀ ਸਾਹਮਣੇ ਆਏ ਹਨ। ਉਨ੍ਹਾਂ ਦੀ ਭਾਲ ’ਚ ਪੁਲਿਸ ਟੀਮਾਂ ਲੱਗੀਆਂ ਹੋਈਆਂ ਹਨ।
---
ਕੋਟਸ
ਮੁਲਜ਼ਮ ਖ਼ਿਲਾਫ਼ ਜਲੰਧਰ ਵਿਚ ਪਹਿਲਾਂ ਹੀ ਵੱਖ-ਵੱਖ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ। ਸਾਜ਼ਿਸ਼ ਦੀ ਪੂਰੀ ਕੜੀ ਨੂੰ ਖੰਘਾਲਿਆ ਜਾ ਰਿਹਾ ਹੈ ਅਤੇ ਫਰਾਰ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ। ਹੁਣ ਪੁਲਿਸ ਦੀ ਨਜ਼ਰ ਉਨ੍ਹਾਂ ਲੋਕਾਂ ’ਤੇ ਹੈ, ਜਿਨ੍ਹਾਂ ਨੇ ਮੁਲਜ਼ਮ ਨੂੰ ਫਰਾਰ ਹੋਣ ’ਚ ਮਦਦ ਪਹੁੰਚਾਈ। ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਉਹ ਅੰਮ੍ਰਿਤਸਰ ਵਿਚ ਕਿਸ ਕੋਲ ਆ ਰਿਹਾ ਸੀ।
- ਸੋਹੈਲ ਕਾਸਿਮ ਮੀਰ, ਐੱਸਐੱਸਪੀ ਅੰਮ੍ਰਿਤਸਰ (ਦਿਹਾਤੀ)