ਲੱਕੀ ਓਬਰਾਏ ਹੱਤਿਆਕਾਂਡ: ਸ਼ਿੰਗਰੀ ਨੇ ਖ਼ੁਦ ਕੀਤਾ ਸੀ ਜੋਗਾ ਨਾਲ ਸੰਪਰਕ
ਲੱਕੀ ਓਬਰਾਏ ਹੱਤਿਆਕਾਂਡ: ਸ਼ਿੰਗਰੀ ਨੇ ਖੁਦ ਕੀਤਾ ਸੀ ਜੋਗਾ ਨਾਲ ਸੰਪਰਕ
Publish Date: Sun, 08 Feb 2026 07:39 PM (IST)
Updated Date: Mon, 09 Feb 2026 04:09 AM (IST)

- ਖ਼ਾਲਸਾ ਕਾਲਜ ਦੀ ਪ੍ਰਧਾਨਗੀ ਤੋਂ ਸ਼ੁਰੂ ਹੋਇਆ ਵਿਵਾਦ, ਸੋਸ਼ਲ ਮੀਡੀਆ ਦੀ ਜੰਗ ਤੇ ਆਪਸੀ ਰੰਜਿਸ਼ ਨੇ ਲਈ ਜਾਨ - ਫ਼ਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਚਰਚਿਤ ਪ੍ਰਾਪਰਟੀ ਡੀਲਰ ਲੱਕੀ ਓਬਰਾਏ ਹੱਤਿਆਕਾਂਡ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸ਼ਿੰਗਰੀ ਨੇ ਵਿਦੇਸ਼ ’ਚ ਬੈਠੇ ਜੋਗਾ ਨਾਲ ਖ਼ੁਦ ਸੰਪਰਕ ਕਰ ਕੇ ਉਸ ਨੂੰ ਕਿਹਾ ਸੀ ਕਿ ਉਹ ਲੱਕੀ ਤੋਂ ਬਦਲਾ ਲੈਣਾ ਚਾਹੁੰਦਾ ਹੈ। ਇਸ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮ ਸ਼ਿੰਗਰੀ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਕਰੀਬ 15 ਸਾਲਾਂ ਤੱਕ ਗੂੜੀ ਦੋਸਤੀ ਨਿਭਾਉਣ ਵਾਲੇ ਜੋਗਾ ਤੇ ਲੱਕੀ ਓਬਰਾਏ ਵਿਚਕਾਰ ਖ਼ਾਲਸਾ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹੌਲੀ-ਹੌਲੀ ਖ਼ੂਨੀ ਦੁਸ਼ਮਣੀ ’ਚ ਬਦਲ ਗਿਆ। ਜੋਗਾ ਦੇ ਵਿਦੇਸ਼ ਜਾਣ ਤੋਂ ਬਾਅਦ ਲੱਕੀ ਓਬਰਾਏ ਨੇ ਕਾਲਜ ਦੀ ਪ੍ਰਧਾਨਗੀ ਆਪਣੇ ਇਕ ਨਜ਼ਦੀਕੀ ਸਾਥੀ ਨੂੰ ਦਿਵਾ ਦਿੱਤੀ, ਜੋ ਜੋਗਾ ਨੂੰ ਬਿਲਕੁਲ ਪਸੰਦ ਨਹੀਂ ਆਇਆ। ਵਿਦੇਸ਼ ’ਚ ਰਹਿੰਦੇ ਹੋਏ ਵੀ ਜੋਗਾ ਇਸ ਮੁੱਦੇ ਨੂੰ ਲੈ ਕੇ ਸਰਗਰਮ ਰਿਹਾ, ਜਦਕਿ ਲੱਕੀ ਜਨਤਕ ਮੀਟਿੰਗਾਂ ਤੇ ਸਭਾਵਾਂ ’ਚ ਖੁੱਲ੍ਹੇਆਮ ਕਹਿੰਦਾ ਰਿਹਾ ਕਿ ਵਿਦੇਸ਼ ’ਚ ਬੈਠੇ ਕਿਸੇ ਵਿਅਕਤੀ ਦੇ ਸਮਰਥਕ ਨੂੰ ਮੈਦਾਨ ’ਚ ਨਹੀਂ ਉਤਰਨ ਦਿੱਤਾ ਜਾਵੇਗਾ। ਇਸ ਬਿਆਨਬਾਜ਼ੀ ਨਾਲ ਦੋਹਾਂ ਵਿਚਕਾਰ ਤਣਾਅ ਹੋਰ ਵਧ ਗਿਆ। ਕੁਝ ਦਿਨ ਪਹਿਲਾਂ ਦੋਹਾਂ ਵਿਚਕਾਰ ਫੇਸਬੁੱਕ ’ਤੇ ਵੀ ਤਿੱਖੀ ਬਹਿਸ ਹੋਈ ਸੀ, ਜਿਸ ਨਾਲ ਵਿਵਾਦ ਜਨਤਕ ਹੋ ਗਿਆ। ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਸ਼ਿੰਗਰੀ, ਜੋ ਕਈ ਸਾਲਾਂ ਤੋਂ ਲੱਕੀ ਨਾਲ ਕੰਮ ਕਰ ਰਿਹਾ ਸੀ ਤੇ ਜੋਗਾ ਦਾ ਵੀ ਜਾਣੂ ਸੀ, ਇਸ ਸਾਜ਼ਿਸ਼ ਦੀ ਇਕ ਮਹੱਤਵਪੂਰਨ ਕੜੀ ਬਣਿਆ। ਸ਼ਿੰਗਰੀ ਨਸ਼ੇ ਦੀ ਲਤ ਦਾ ਸ਼ਿਕਾਰ ਸੀ ਤੇ ਕਈ ਵਾਰ ਲੱਕੀ ਵੱਲੋਂ ਉਸ ਨੂੰ ਡਾਂਟ ਤੇ ਮਾਰ ਵੀ ਪੈ ਚੁੱਕੀ ਸੀ। ਦੋਸ਼ ਹੈ ਕਿ ਉਸ ਨੇ ਲੱਕੀ ਲਈ ਆਏ ਕੁਝ ਪੈਸੇ ਨਸ਼ੇ ’ਚ ਉਡਾ ਦਿੱਤੇ ਸਨ, ਜਿਸ ਕਾਰਨ ਲੱਕੀ ਨੇ ਉਸ ਦੀ ਕੁੱਟਮਾਰ ਕੀਤੀ ਤੇ ਇਹ ਗੱਲ ਜਨਤਕ ਵੀ ਹੋ ਗਈ। ਇਸ ਬੇਇੱਜ਼ਤੀ ਤੇ ਰੰਜਿਸ਼ ਕਾਰਨ ਸ਼ਿੰਗਰੀ ਨੇ ਜੋਗਾ ਨਾਲ ਸੰਪਰਕ ਕਰ ਕੇ ਬਦਲਾ ਲੈਣ ਦੀ ਇੱਛਾ ਜਤਾਈ। ਜੋਗਾ ਪਹਿਲਾਂ ਤੋਂ ਹੀ ਲੱਕੀ ਖ਼ਿਲਾਫ਼ ਕਾਰਵਾਈ ਲਈ ਮਾਨਸਿਕ ਤੌਰ ’ਤੇ ਤਿਆਰ ਸੀ। ਉਸ ਨੇ ਸ਼ਿੰਗਰੀ ਤੋਂ ਲੱਕੀ ਦੇ ਆਉਣ-ਜਾਣ ਦੇ ਰਸਤੇ ਤੇ ਗਤੀਵਿਧੀਆਂ ਬਾਰੇ ਜਾਣਕਾਰੀ ਮੰਗੀ ਤੇ ਨਾਲ ਹੀ ਇਕ ਵਾਹਨ ਦਾ ਇੰਤਜ਼ਾਮ ਕਰਨ ਲਈ ਕਿਹਾ। ਲੱਕੀ ਕੋਲ ਕਿਸੇ ਦੀ ਗਿਰਵੀ ਰੱਖੀ ਗੱਡੀ ਸੀ, ਜੋ ਸ਼ਿੰਗਰੀ ਕੋਲ ਰਹਿੰਦੀ ਸੀ। ਸ਼ਿੰਗਰੀ ਨੇ ਇਹ ਵੀ ਦੱਸਿਆ ਕਿ ਲੱਕੀ ਕਦੋਂ ਤੇ ਕਿੱਥੇ ਇਕੱਲਾ ਤੇ ਬਿਨਾਂ ਹਥਿਆਰ ਦੇ ਹੋਵੇਗਾ। ਇਸ ਤੋਂ ਬਾਅਦ ਜੋਗਾ ਨੇ ਸ਼ੂਟਰਾਂ ਦਾ ਇੰਤਜ਼ਾਮ ਕੀਤਾ ਤੇ ਸਾਜ਼ਿਸ਼ ਨੂੰ ਅਮਲੀਜਾਮਾ ਪਹਿਨਾਇਆ ਗਿਆ। ਗੋਲ਼ੀ ਚਲਾਉਣ ਵਾਲਾ ਸ਼ੂਟਰ ਖੁਦ ਸ਼ਿੰਗਰੀ ਨੂੰ ਮਿਲਿਆ ਸੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਜੋਗਾ ਵੱਲੋਂ ਭੇਜੇ ਗਏ ਸ਼ੂਟਰ ਸਿੱਧੇ ਤੌਰ ’ਤੇ ਸ਼ਿੰਗਰੀ ਦੇ ਸੰਪਰਕ ’ਚ ਸਨ। ਹੱਤਿਆ ਤੋਂ ਦੋ ਦਿਨ ਪਹਿਲਾਂ ਉਹ ਸ਼ਿੰਗਰੀ ਨਾਲ ਵਾਰਦਾਤ ਵਾਲੀ ਥਾਂ ’ਤੇ ਵੀ ਗਏ ਸਨ। ਉੱਥੇ ਉਨ੍ਹਾਂ ਰਸਤੇ ਦੀ ਰੇਕੀ ਕੀਤੀ, ਭੱਜਣ ਦੇ ਸੰਭਾਵੀ ਰਾਹ ਵੇਖੇ ਤੇ ਪੂਰੀ ਯੋਜਨਾ ਤਿਆਰ ਕੀਤੀ। ਪੁਲਿਸ ਦਾ ਮੰਨਣਾ ਹੈ ਕਿ ਇਹ ਪੂਰੀ ਤਰ੍ਹਾਂ ਯੋਜਨਾਬੱਧ ਹੱਤਿਆ ਸੀ, ਜਿਸ ’ਚ ਕਈ ਲੋਕਾਂ ਦੀ ਭੂਮਿਕਾ ਰਹੀ। ਗੋਲ਼ੀ ਲੱਗਣ ਤੋਂ ਬਾਅਦ ਸ਼ਿੰਗਰੀ ਨੇ ਕਿਹਾ, ਗ਼ਲਤੀ ਹੋ ਗਈ ਗੋਲੀ ਲੱਗਣ ਤੋਂ ਬਾਅਦ ਗ੍ਰਿਫ਼ਤਾਰ ਹੋਏ ਸ਼ਿੰਗਰੀ ਨੇ ਚੀਕਦੇ ਹੋਏ ਕਿਹਾ ਕਿ ਉਸ ਤੋਂ ਗ਼ਲਤੀ ਹੋ ਗਈ ਹੈ ਤੇ ਉਸ ਨੂੰ ਇਕ ਮੌਕਾ ਦਿੱਤਾ ਜਾਵੇ। ਹਾਲਾਂਕਿ ਪੁਲਿਸ ਹੁਣ ਉਸ ਦੇ ਬਿਆਨਾਂ ਦੀ ਪੁਸ਼ਟੀ ਹੋਰ ਸਬੂਤਾਂ ਨਾਲ ਕਰ ਰਹੀ ਹੈ। ਇਸ ਸਮੇਂ ਉਹ ਨਿਗਰਾਨੀ ਹੇਠ ਰੱਖਿਆ ਗਿਆ ਹੈ। ਫ਼ਰਾਰ ਮੁਲਜ਼ਮਾਂ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਜਾਰੀ ਉੱਧਰ, ਪੁਲਿਸ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਜਾਂਚ ’ਚ ਅਜਿਹੇ ਕਈ ਲੋਕਾਂ ਦੀ ਪਛਾਣ ਹੋਈ ਹੈ, ਜਿਨ੍ਹਾਂ ਮੁਲਜ਼ਮਾਂ ਨੂੰ ਠਹਿਰਣ ਦੀ ਥਾਂ ਦਿੱਤੀ, ਭੱਜਣ ’ਚ ਮਦਦ ਕੀਤੀ ਜਾਂ ਹਥਿਆਰ ਮੁਹੱਈਆ ਕਰਵਾਏ। ਇਨ੍ਹਾਂ ਸਭ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੋਰ ਗ੍ਰਿਫ਼ਤਾਰੀਆਂ ਸੰਭਵ ਹਨ। ਇਹ ਹੈ ਮਾਮਲਾ ਕੁਝ ਦਿਨ ਪਹਿਲਾਂ ਮਾਡਲ ਟਾਊਨ ਸਥਿਤ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਗਏ ਲੱਕੀ ਓਬਰਾਏ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਵਾਰਦਾਤ ਦੀ ਜ਼ਿੰਮੇਵਾਰੀ ਵਿਦੇਸ਼ ’ਚ ਬੈਠੇ ਜੋਗਾ ਫੋਲੜੀਵਾਲ ਨੇ ਲਈ ਸੀ। ਮਾਮਲੇ ’ਚ ਪੁਲਿਸ ਨੇ ਜੋਗਾ ਤੇ ਦਲਬੀਰਾ ਨਾਮਕ ਗੈਂਗਸਟਰਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਸੀ। ਬਾਅਦ ’ਚ ਅੰਮ੍ਰਿਤਸਰ ਪੁਲਿਸ ਨੇ ਇਸ ਹੱਤਿਆਕਾਂਡ ਨਾਲ ਜੁੜੇ ਸ਼ਿੰਦਰੀ ਨਾਮਕ ਦੋਸ਼ੀ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ।