ਓਬਰਾਏ ਹੱਤਿਆਕਾਂਡ ਦਾ ਹਮਲਾਵਰ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ, ਕਰਿੰਦਾ ਵੀ ਲਾਪਤਾ
ਲੱਕੀ ਓਬਰਾਏ ਹੱਤਿਆਕਾਂਡ : 36 ਘੰਟਿਆਂ ਬਾਅਦ ਵੀ ਹਮਲਾਵਰ ਪੁਲਿਸ ਦੀ ਪਕੜ ਤੋਂ ਬਾਹਰ, ਕਰਿੰਦਾ ਵੀ ਲਾਪਤਾ
Publish Date: Sat, 07 Feb 2026 08:46 PM (IST)
Updated Date: Sat, 07 Feb 2026 08:50 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਚਰਚਿਤ ਪ੍ਰਾਪਰਟੀ ਡੀਲਰ ਤੇ ਆਮ ਆਦਮੀ ਪਾਰਟੀ ਦੇ ਆਗੂ ਲੱਕੀ ਉਬਰਾਏ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਪਿੱਛੇ ਖਾਲਸਾ ਕਾਲਜ ਦੀ ਪ੍ਰਧਾਨਗੀ ਤੇ ਵੱਕਾਰ ਦੀ ਲੜਾਈ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਵਾਰਦਾਤ ਨੂੰ 36 ਘੰਟੇ ਬੀਤ ਜਾਣ ਦੇ ਬਾਵਜੂਦ ਮੁੱਖ ਹਮਲਾਵਰ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਹੱਤਿਆ ਤੋਂ ਬਾਅਦ ਮੁਲਜ਼ਮ ਪਹਿਲਾਂ ਸਕੂਟਰ ’ਤੇ ਜਲੰਧਰ ਸ਼ਹਿਰ ਤੋਂ ਫਰਾਰ ਹੋਏ ਪਰ ਰਸਤੇ ’ਚ ਇਕ ਕਾਰ ਲੈ ਕੇ ਸਕੂਟਰ ਤੇ ਕਾਰ ਦੋਵਾਂ ’ਚ ਸਵਾਰ ਹੋ ਕੇ ਭੱਜ ਨਿਕਲੇ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਕਾਰ ਰਾਹੀਂ ਮਿੱਠਾਪੁਰ ਵੱਲ ਗਏ ਤੇ ਉਥੋਂ ਨੂਰਮਹਿਲ ਹੁੰਦੇ ਹੋਏ ਲੁਧਿਆਣਾ ਵੱਲ ਫਰਾਰ ਹੋ ਗਏ। ਹਾਲਾਂਕਿ ਪੁਲਿਸ ਵੱਲੋਂ ਇਨ੍ਹਾਂ ਤੱਥਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਪਰ ਕਿਹਾ ਜਾ ਰਿਹਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਪੁਲਿਸ ਮੁਲਜ਼ਮਾਂ ਕਾਫੀ ਨੇੜੇ ਪੁੱਜ ਚੁੱਕੀ ਹੈ ਤੇ ਜਲਦ ਹੀ ਗ੍ਰਿਫ਼ਤਾਰੀ ਹੋ ਸਕਦੀ ਹੈ। ----------------------- ਕਿਵੇਂ ਦੋਸਤ ਬਣੇ ਦੁਸ਼ਮਣ ਲਗਪਗ ਦੋ ਮਹੀਨੇ ਪਹਿਲਾਂ ਤੱਕ ਲੱਕੀ ਤੇ ਜੋਗਾ ਦੋਵੇਂ ਪੁਰਾਣੇ ਦੋਸਤ ਸਨ ਪਰ ਜਦੋਂ ਖਾਲਸਾ ਕਾਲਜ ਦੀ ਪ੍ਰਧਾਨਗੀ ਲਈ ਲੱਕੀ ਨੇ ਜੋਗਾ ਦੇ ਵਿਰੁੱਧ ਆਪਣੇ ਸਾਥੀ ਨੂੰ ਖੜ੍ਹਾ ਕਰ ਦਿੱਤਾ ਤਾਂ ਦੋਵਾਂ ਦੇ ਰਿਸ਼ਤਿਆਂ ’ਚ ਕੁੜੱਤਣ ਪੈਦਾ ਹੋ ਗਈ। ਇਕ ਸਮਾਂ ਸੀ ਜਦੋਂ ਲੱਕੀ ਤੇ ਜੋਗਾ ਦੀ ਦੋਸਤੀ ਸ਼ਹਿਰ ’ਚ ਮਿਸਾਲ ਮੰਨੀ ਜਾਂਦੀ ਸੀ। ਦੋਵੇਂ ਇਕੱਠੇ ਨਜ਼ਰ ਆਉਂਦੇ, ਇਕ-ਦੂਜੇ ਦੇ ਜਨਮਦਿਨ ਮਨਾਉਂਦੇ ਤੇ ਸਮਾਜਿਕ ਸਮਾਗਮਾਂ ’ਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿੰਦੇ ਸਨ ਪਰ ਖਾਲਸਾ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੇ ਵਿਵਾਦ ਨੇ ਹੌਲੀ-ਹੌਲੀ ਡੂੰਘਾ ਖੱਡ ਦਾ ਰੂਪ ਧਾਰ ਲਿਆ। ਜੋਗਾ ਕਾਲਜ ਪ੍ਰਸ਼ਾਸਨ ’ਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਂਦਾ ਸੀ ਤੇ ਪ੍ਰਧਾਨ ਦੀ ਨਿਯੁਕਤੀ ’ਚ ਉਸ ਦੀ ਅਹਿਮ ਭਾਗੀਦਾਰੀ ਰਹਿੰਦੀ ਸੀ ਪਰ ਜਦੋਂ ਲੱਕੀ ਨੇ ਆਪਣੇ ਸਮਰਥਕ ਨੂੰ ਪ੍ਰਧਾਨ ਅਹੁਦੇ ਲਈ ਖੜ੍ਹਾ ਕਰਕੇ ਉਸ ਦੀ ਨਿਯੁਕਤੀ ਕਰਵਾ ਦਿੱਤੀ ਤਾਂ ਇਹੀ ਫੈਸਲਾ ਦੋਵਾਂ ਵਿਚਾਲੇ ਟਕਰਾਅ ਦੀ ਵਜ੍ਹਾ ਬਣ ਗਿਆ। ਦੋਸ਼ ਹੈ ਕਿ ਇਸ ਤੋਂ ਬਾਅਦ ਦੋਵਾਂ ਵਿਚਾਲੇ ਰੰਜਿਸ਼ ਸ਼ੁਰੂ ਹੋ ਗਈ। ਦੱਸਿਆ ਜਾਂਦਾ ਹੈ ਕਿ ਬਾਅਦ ’ਚ ਜੋਗਾ ਨੇ ਸੋਨੂ ਖਤਰੀ ਗੈਂਗ ਨਾਲ ਸਾਂਝ ਪਾਈ ਤੇ ਵਿਦੇਸ਼ ਚਲਾ ਗਿਆ। ਦੂਜੇ ਪਾਸੇ ਲੱਕੀ ਨੇ ਰਾਜਨੀਤੀ ’ਚ ਆਪਣੀ ਸਰਗਰਮੀ ਵਧਾਈ ਤੇ ਆਮ ਆਦਮੀ ਪਾਰਟੀ ਵੱਲੋਂ ਕੈਂਟ ਹਲਕੇ ਦਾ ਇੰਚਾਰਜ ਬਣ ਗਿਆ। ਲੱਕੀ ਦਾ ਵਧਦਾ ਰਾਜਨੀਤਿਕ ਕੱਦ ਤੇ ਕਾਰੋਬਾਰੀ ਪ੍ਰਭਾਵ ਕਈ ਲੋਕਾਂ ਨੂੰ ਰੜਕਣ ਲੱਗਾ। 25 ਦਸੰਬਰ 2025 ਨੂੰ ਜੋਗਾ ਵੱਲੋਂ ਫੇਸਬੁੱਕ ’ਤੇ ਲੱਕੀ ਨੂੰ ਧਮਕੀ ਦਿੱਤੀ ਗਈ। ਇਸ ਤੋਂ ਬਾਅਦ 6 ਫਰਵਰੀ 2026 ਨੂੰ ਲੱਕੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ’ਚ ਲੱਕੀ ਦੇ ਕਰਿੰਦੇ ਸਿੰਗਰੀ ਦੀ ਭੂਮਿਕਾ ਵੀ ਸਾਹਮਣੇ ਆਈ ਹੈ, ਜੋ ਹੱਤਿਆ ਤੋਂ ਬਾਅਦ ਤੋਂ ਹੀ ਫਰਾਰ ਹੈ ਤੇ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ---------------------------- ਅਰਜੁਨ ਨਾਂ ਦਾ ਨੌਜਵਾਨ ਫੜੇ ਜਾਣ ਦੀ ਰਹੀ ਚਰਚਾ ਸ਼ੁੱਕਰਵਾਰ ਨੂੰ ਇਸ ਮਾਮਲੇ ’ਚ ਅਰਜੁਨ ਨਾਮਕ ਨੌਜਵਾਨ ਦੇ ਫੜੇ ਜਾਣ ਦੀ ਚਰਚਾ ਰਹੀ। ਦੱਸਿਆ ਜਾ ਰਿਹਾ ਸੀ ਕਿ ਅਰਜੁਨ ਨੇ ਹਮਲਾਵਰ ਤਿਆਰ ਕੀਤੇ ਤੇ ਹੱਤਿਆ ਲਈ ਹਥਿਆਰ ਵੀ ਮੁਹੱਈਆ ਕਰਵਾਏ। ਅਰਜੁਨ ਪਹਿਲਾਂ ਰਾਮਾ ਮੰਡੀ ’ਚ ਹੋਏ ਇਕ ਹੱਤਿਆਕਾਂਡ ਕਾਰਨ ਵੀ ਚਰਚਾ ’ਚ ਰਹਿ ਚੁੱਕਾ ਹੈ। ਹਾਲਾਂਕਿ ਪੁਲਿਸ ਨੇ ਅਰਜੁਨ ਦੀ ਗ੍ਰਿਫ਼ਤਾਰੀ ਦੀਆਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਅਜੇ ਤੱਕ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋਈ ਤੇ ਨਾ ਹੀ ਕਿਸੇ ਨੂੰ ਰਾਊਂਡਅੱਪ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਦੇ ਹੱਥ ਕੁਝ ਅਹਿਮ ਸੁਰਾਗ ਲੱਗੇ ਹਨ, ਜਿਨ੍ਹਾਂ ’ਤੇ ਕੰਮ ਕੀਤਾ ਜਾ ਰਿਹਾ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। -------------------------- ਕਦੋਂ ਕੀ ਹੋਇਆ.............. ਦਸੰਬਰ 2025: ਜੋਗਾ ਫੋਲੜੀਵਾਲ ਵੱਲੋਂ ਸੋਸ਼ਲ ਮੀਡੀਆ ’ਤੇ ਲੱਕੀ ਓਬਰਾਏ ਨੂੰ ਧਮਕੀ। ਇਸ ਤੋਂ ਬਾਅਦ ਫੇਸਬੁੱਕ ’ਤੇ ਦੋਵਾਂ ਵਿਚਾਲੇ ਤਿੱਖੀ ਬਹਿਸ। ਪਿਛਲੇ ਕੁਝ ਮਹੀਨੇ : ਖਾਲਸਾ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਵਿਵਾਦ ਹੋਰ ਡੂੰਘਾ ਹੋਇਆ। ਵਾਰਦਾਤ ਵਾਲਾ ਦਿਨ : ਮਾਡਲ ਟਾਊਨ ਗੁਰਦੁਆਰਾ ਸਾਹਿਬ ਨੇੜੇ ਲੱਕੀ ਗੱਡੀ ’ਚ ਬੈਠੇ ਸਨ, ਜਦੋਂ ਹਮਲਾਵਰਾਂ ਨੇ ਤਾਬੜਤੋੜ ਗੋਲੀਆਂ ਚਲਾਈਆਂ। ਵਾਰਦਾਤ ਤੋਂ ਬਾਅਦ : ਹਮਲਾਵਰ ਪਹਿਲਾਂ ਸਕੂਟਰ ’ਤੇ ਫਰਾਰ ਹੋਏ, ਫਿਰ ਕਾਰ ’ਚ ਸਵਾਰ ਹੋ ਕੇ ਨੂਰਮਹਿਲ ਰੋਡ ਰਾਹੀਂ ਨਕੋਦਰ ਤੇ ਲੁਧਿਆਣਾ ਵੱਲ ਭੱਜ ਨਿਕਲੇ। 36 ਘੰਟੇ ਬਾਅਦ : ਪੁਲਿਸ ਦੀਆਂ ਕਈ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ ਪਰ ਮੁਲਜ਼ਮ ਹਾਲੇ ਵੀ ਫਰਾਰ ਹਨ।