ਲੱਕੀ ਨੇ ਜੋਗਾ ਨੂੰ ਸਿਰਫ਼ ਰਾਹ ਵੱਖ ਕਰਨ ਦੀ ਕੀਤੀ ਸੀ ਗੱਲ
ਲੱਕੀ ਨੇ ਜੋਗਾ ਦੀ ਮਾਂ ਨੂੰ ਨਹੀਂ ਦਿੱਤੀ ਸੀ ਧਮਕੀ, ਸਿਰਫ਼ ਰਾਹ ਵੱਖ ਕਰਨ ਦੀ ਸੀ ਗੱਲ
Publish Date: Tue, 10 Feb 2026 10:24 PM (IST)
Updated Date: Tue, 10 Feb 2026 10:26 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲੱਕੀ ਓਬਰਾਏ ਹੱਤਿਆਕਾਂਡ ’ਚ ਸ਼ਾਮਲ ਸ਼ਮਿੰਦਰ ਸਿੰਘ ਸ਼ਿੰਗਰੀ ਦੇ ਕਬੂਲਨਾਮੇ ਤੋਂ ਬਾਅਦ ਲੱਕੀ ਦੇ ਦੋਸਤਾਂ ਨੇ ਕਿਹਾ ਕਿ ਲੱਕੀ ਨੇ ਕਦੇ ਵੀ ਜੋਗਾ ਦੀ ਮਾਂ ਨੂੰ ਧਮਕੀ ਨਹੀਂ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਵਿਦੇਸ਼ ਤੋਂ ਜੋਗਾ ਲੱਕੀ ਨੂੰ ਧਮਕੀਆਂ ਦੇ ਰਿਹਾ ਸੀ। ਇਸ ਦੌਰਾਨ ਤਕਰਾਰ ਹੋਣ ਤੋਂ ਬਾਅਦ ਲੱਕੀ ਉਸ ਦੀ ਮਾਂ ਕੋਲ ਸਿਰਫ਼ ਇਹ ਦੱਸਣ ਗਿਆ ਸੀ ਕਿ ਹੁਣ ਦੋਵਾਂ ਦੇ ਰਾਹ ਵੱਖ ਹੋ ਚੁੱਕੇ ਹਨ। ਜੋਗਾ ਵਿਦੇਸ਼ ਚਲਾ ਗਿਆ ਹੈ ਤੇ ਮੈਂ ਆਪਣਾ ਕੰਮ ਕਰ ਰਿਹਾ ਹਾਂ। ਲੱਕੀ ਦੀ ਅੰਤਿਮ ਅਰਦਾਸ ’ਚ ਸ਼ਾਮਲ ਹੋਏ ਦੋਸਤਾਂ ਨੇ ਕਿਹਾ ਕਿ ਸ਼ਿੰਗਰੀ ਪਹਿਲਾਂ ਤੋਂ ਹੀ ਜੋਗਾ ਦਾ ਕਰੀਬੀ ਸੀ, ਇਸ ਲਈ ਉਸ ਦੇ ਬਿਆਨ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਉੱਥੇ ਹੀ ਗ਼ਮਗੀਨ ਪਰਿਵਾਰ ਨੇ ਮੰਗ ਕੀਤੀ ਕਿ ਸੱਚ ਸਾਹਮਣੇ ਲਿਆਂਦਾ ਜਾਵੇ। ਮੰਗਲਵਾਰ ਨੂੰ ਗੁਰਦੁਆਰਾ ਤੇਗ ਬਹਾਦਰ ਸਾਹਿਬ ’ਚ ਲੱਕੀ ਓਬਰਾਏ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਰੱਖੀ ਗਈ। ਇਸ ਮੌਕੇ ’ਤੇ ਪਾਰਟੀ ਦੇ ਨੇਤਾਵਾਂ ਨਾਲ ਲੱਕੀ ਦੇ ਕਰੀਬੀ ਦੋਸਤ ਵੀ ਹਾਜ਼ਰ ਸਨ। ਹੱਤਿਆਕਾਂਡ ਦੇ ਮੁਲਜ਼ਮ ਸ਼ਿੰਗਰੀ ਦੇ ਬਿਆਨ ’ਤੇ ਸਭ ਵਿਚਾਰ ਕਰਦੇ ਨਜ਼ਰ ਆਏ। ਲੱਕੀ ਓਬਰਾਏ ਦੇ ਡਰਾਈਵਰ ਤੇ ਰਿਕਵਰੀ ਦਾ ਕੰਮ ਕਰਨ ਵਾਲੇ ਸ਼ਮਿੰਦਰ ਸਿੰਘ ਸ਼ਿੰਗਰੀ ਨੂੰ ਅੰਮ੍ਰਿਤਸਰ ਪੁਲਿਸ ਨੇ ਸ਼ਨਿਚਰਵਾਰ ਨੂੰ ਮੁਕਾਬਲੇ ਤੋਂ ਬਾਅਦ ਕਾਬੂ ਕੀਤਾ ਸੀ। ਪੁੱਛਗਿੱਛ ਦੌਰਾਨ ਉਸ ਨੇ ਬਿਆਨ ਦਿੱਤਾ ਸੀ ਕਿ ਅਮਰੀਕਾ ਗਏ ਲੱਕੀ ਦੇ ਪੁਰਾਣੇ ਦੋਸਤ ਜੋਗਾ ਨੇ ਆਪਣੀ ਮਾਂ ਦੀ ਬੇਇਜ਼ਤੀ ਦਾ ਬਦਲਾ ਲੈਣ ਲਈ ਸਾਜ਼ਿਸ਼ ਰਚੀ ਸੀ। ਸ਼ਿੰਗਰੀ ਦੇ ਮੁਤਾਬਕ ਜੋਗਾ ਦੇ ਅਮਰੀਕਾ ਜਾਣ ਤੋਂ ਬਾਅਦ ਲੱਕੀ ਓਬਰਾਏ ਫੋਲੜੀਵਾਲ ’ਚ ਰਹਿੰਦੀ ਉਸ ਦੀ ਮਾਂ ਦੇ ਘਰ ਗਿਆ ਤੇ ਉਸ ਦੀ ਬੇਇਜ਼ਤੀ ਕੀਤੀ। ਹਾਲਾਂਕਿ ਲੱਕੀ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਲੱਕੀ ਤੇ ਜੋਗਾ ਕਦੇ ਇਕੱਠੇ ਰਹਿੰਦੇ ਸਨ ਤੇ ਲੱਕੀ ਜੋਗਾ ਦੀ ਮਾਂ ਨੂੰ ਆਪਣੀ ਮਾਂ ਦਾ ਦਰਜਾ ਦਿੰਦਾ ਸੀ। ਜੋ ਵਿਅਕਤੀ ਆਪਣੀ ਮਾਂ ਨਾਲ ਇੰਨਾ ਪਿਆਰ ਕਰਦਾ ਹੋਵੇ, ਉਹ ਦੋਸਤ ਦੀ ਮਾਂ ਦਾ ਅਪਮਾਨ ਕਿਵੇਂ ਕਰ ਸਕਦਾ ਹੈ। ਭਾਵੇਂ ਦੋਵਾਂ ’ਚ ਮਤਭੇਦ ਹੋਣ ਕਰਕੇ ਦੂਰੀਆਂ ਬਣ ਗਈਆਂ ਹੋਣ। --------------------- ਬਿਜ਼ਨਸ ਨੂੰ ਪੈਦਾ ਹੋਈ ਸੀ ਕੁੜੱਤਣ ਜੋਗਾ ਫੋਲੜੀਵਾਲ ਤੇ ਲੱਕੀ ਓਬਰਾਏ ਵਿਚਕਾਰ ਬਿਜ਼ਨਸ ਨੂੰ ਲੈ ਕੇ ਮਨ-ਮੁਟਾਅ ਹੋ ਗਿਆ ਸੀ। ਜੋਗਾ ਦੇ ਅਮਰੀਕਾ ਜਾਣ ਤੋਂ ਬਾਅਦ ਉਹ ਆਪਣੇ ਹਿੱਸੇ ਦੀ ਮੰਗ ਕਰਦਾ ਰਿਹਾ ਪਰ ਲੱਕੀ ਨੇ ਦੋਵਾਂ ਦੇ ਰਾਹ ਵੱਖ ਹੋਣ ਦੀ ਗੱਲ ਕੀਤੀ। ਲੱਕੀ ਤੇ ਜੋਗਾ ਨਾਲ ਕੰਮ ਕਰਨ ਵਾਲੇ ਕਈ ਨੌਜਵਾਨ ਬਾਅਦ ’ਚ ਲੱਕੀ ਨਾਲ ਜੁੜ ਗਏ, ਜਿਨ੍ਹਾਂ ’ਚ ਸ਼ਿੰਗਰੀ ਵੀ ਸ਼ਾਮਲ ਸੀ। ਲੱਕੀ ਦੀ ਹੱਤਿਆ ਤੋਂ ਬਾਅਦ ਕੋਈ ਵੀ ਜੋਗਾ ਫੋਲੜੀਵਾਲ ਖ਼ਿਲਾਫ਼ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ ਹੈ। ---------------------- ਪੁਲਿਸ 200 ਸੀਸੀਟੀਵੀ ਕੈਮਰਿਆਂ ਦੀ ਖੰਘਾਲੀ ਫੁਟੇਜ ਜਲੰਧਰ ਦੇ ਚਰਚਿਤ ਪ੍ਰਾਪਰਟੀ ਡੀਲਰ ਲੱਕੀ ਓਬਰਾਏ ਹੱਤਿਆਕਾਂਡ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਵਿਦੇਸ਼ ’ਚ ਬੈਠੇ ਗੈਂਗਸਟਰ ਜੋਗਾ ਨੇ ਪੂਰੀ ਯੋਜਨਾ ਨਾਲ ਦੂਜੇ ਸੂਬੇ ਤੋਂ ਇਕ ਪ੍ਰੋਫੈਸ਼ਨਲ ਸ਼ੂਟਰ ਬੁਲਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ੂਟਰ ਦੋਹਾਂ ਹੱਥਾਂ ਨਾਲ ਨਿਸ਼ਾਨਾ ਲਗਾਉਣ ’ਚ ਮਾਹਿਰ ਸੀ ਤੇ ਉਸ ਨੇ ਬਹੁਤ ਨਜ਼ਦੀਕ ਤੋਂ ਤਾਬੜਤੋੜ ਗੋਲੀਆਂ ਚਲਾਈਆਂ। ਸੂਤਰਾਂ ਅਨੁਸਾਰ, ਜੋਗਾ ਨੇ ਆਪਣੇ ਇਕ ਕਰੀਬੀ ਸਾਥੀ ਨੂੰ ਸ਼ੂਟਰ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ। ਇਸ ਤੋਂ ਬਾਅਦ ਜਲੰਧਰ ਤੋਂ ਇਕ ਵਿਅਕਤੀ ਦੂਜੇ ਰਾਜ ਗਿਆ ਤੇ ਸ਼ੂਟਰ ਨੂੰ ਲੈ ਕੇ ਆਇਆ। ਪੁਲਿਸ ਦੀ ਹੁਣ ਤੱਕ ਦੀ ਜਾਂਚ ’ਚ ਇਸ ਕੇਸ ’ਚ ਕਰੀਬ ਅੱਠ ਲੋਕਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਇਨ੍ਹਾਂ ’ਚ ਹਥਿਆਰ ਉਪਲੱਬਧ ਕਰਵਾਉਣ ਵਾਲੇ ਸ਼ੂਟਰ ਨੂੰ ਠਹਿਰਾਉਣ ਵਾਲੇ ਵਾਰਦਾਤ ਤੋਂ ਬਾਅਦ ਭਜਾਉਣ ਵਾਲੇ ਤੇ ਵਾਹਨਾਂ ਦੀ ਵਿਵਸਥਾ ਕਰਨ ਵਾਲੇ ਸ਼ਾਮਲ ਹਨ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸਾਰੇ ਮੁਲਜ਼ਮ ਲਗਾਤਾਰ ਫੋਨ ਰਾਹੀਂ ਇਕ-ਦੂਜੇ ਨਾਲ ਸੰਪਰਕ ’ਚ ਸਨ। ਇਸ ਲੜੀ ਨੂੰ ਜੋੜਨ ਲਈ ਪੁਲਿਸ ਨੇ ਘਟਨਾ ਵਾਲੀ ਥਾਂ ਤੇ ਆਲੇ-ਦੁਆਲੇ ਦੇ ਇਲਾਕਿਆਂ ਦਾ ਕਾਲ ਡੰਪ ਡਾਟਾ ਹਾਸਲ ਕੀਤਾ ਹੈ, ਤਾਂ ਜੋ ਸ਼ੱਕੀ ਨੰਬਰਾਂ ਦੀ ਪਛਾਣ ਕੀਤੀ ਜਾ ਸਕੇ। ਇਸ ਤੋਂ ਇਲਾਵਾ ਪੁਲਿਸ ਟੀਮ ਹੁਣ ਤੱਕ ਲਗਪਗ 200 ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲ ਚੁੱਕੀ ਹੈ। ਫੁਟੇਜ ਦੇ ਆਧਾਰ ’ਤੇ ਸੰਕੇਤ ਮਿਲੇ ਹਨ ਕਿ ਵਾਰਦਾਤ ਤੋਂ ਬਾਅਦ ਮੁਲਜ਼ਮ ਲੁਧਿਆਣਾ ਵੱਲੋਂ ਹੁੰਦੇ ਹੋਏ ਦਿੱਲੀ ਦੀ ਦਿਸ਼ਾ ’ਚ ਫਰਾਰ ਹੋਏ। ਹਾਲਾਂਕਿ ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ, ਪਰ ਦੱਸਿਆ ਜਾ ਰਿਹਾ ਹੈ ਕਿ ਦਿੱਲੀ ’ਚ ਵੀ ਸਰਚ ਆਪਰੇਸ਼ਨ ਲਈ ਟੀਮਾਂ ਭੇਜੀਆਂ ਗਈਆਂ ਹਨ।