ਐੱਲਪੀਜੀ ਸਪਲਾਈ ਘੁਟਾਲੇ ਦਾ ਪਰਦਾਫਾਸ਼
ਜਲੰਧਰ ’ਚ ਵੱਡੇ ਐੱਲਪੀਜੀ ਸਪਲਾਈ ਘੁਟਾਲੇ ਦਾ ਪਰਦਾਫਾਸ਼
Publish Date: Mon, 05 Jan 2026 09:47 PM (IST)
Updated Date: Mon, 05 Jan 2026 09:50 PM (IST)

-ਡਿਲਿਵਰੀ ਮੁਲਾਜ਼ਮ ਨੇ ਮੈਨੇਜਰ ਤੇ ਮਾਲਕ ’ਤੇ ਲਾਏ ਗੰਭੀਰ ਦੋਸ਼ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਸ਼ਹਿਰ ’ਚ ਘਰੇਲੂ ਐੱਲਪੀਜੀ ਸਿਲੰਡਰਾਂ ਦੀ ਸਪਲਾਈ ਨੂੰ ਲੈ ਕੇ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਗੈਸ ਏਜੰਸੀਆਂ ਦੇ ਕੰਮਕਾਜ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਨਿਊ ਬਲਦੇਵ ਨਗਰ ਇਲਾਕੇ ’ਚ ਸਿਲੰਡਰਾਂ ਦੀ ਘਰ-ਘਰ ਡਿਲਿਵਰੀ ਦੌਰਾਨ ਗੈਸ ਦੀ ਘਾਟ ਹੋਣ ਬਾਰੇ ਵਸਨੀਕਾਂ ਦੇ ਸ਼ੱਕ ਦੀ ਪੁਸ਼ਟੀ ਉਦੋਂ ਹੋਈ ਜਦੋਂ ਸਥਾਨਕ ਵਸਨੀਕਾਂ ਨੇ ਡਿਲਿਵਰੀ ਵਰਕਰ ਨੂੰ ਫੜ ਲਿਆ। ਇਹ ਘਟਨਾ ਦੋਆਬਾ ਗੈਸ ਏਜੰਸੀ ਨਾਲ ਸਬੰਧਤ ਦੱਸੀ ਜਾਂਦੀ ਹੈ। ਇਲਾਕੇ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਸਿਲੰਡਰਾਂ ਦੀ ਘਾਟ ਬਾਰੇ ਸ਼ਿਕਾਇਤ ਕਰ ਰਹੇ ਹਨ। ਅੱਜ ਜਦੋਂ ਇਕ ਏਜੰਸੀ ਮੁਲਾਜ਼ਮ ਸਿਲੰਡਰ ਵੰਡਣ ਲਈ ਪੁੱਜਾ ਤਾਂ ਕੁਝ ਜਾਗਰੂਕ ਨਿਵਾਸੀਆਂ ਨੇ ਉਸ ਤੋਂ ਸਿੱਧੇ ਤੌਰ ਤੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ। ਪੁੱਛਗਿੱਛ ਦੌਰਾਨ ਇਹ ਦੋਸ਼ ਲਾਇਆ ਗਿਆ ਹੈ ਕਿ ਮੁਲਾਜ਼ਮ ਸਿਲੰਡਰਾਂ ’ਚੋਂ ਗੈਸ ਕੱਢ ਰਿਹਾ ਸੀ ਤੇ ਖਪਤਕਾਰਾਂ ਨੂੰ ਘੱਟ ਭਰੇ ਸਿਲੰਡਰ ਪਹੁੰਚਾ ਰਿਹਾ ਸੀ। ਹੈਰਾਨੀ ਦੀ ਗੱਲ ਹੈ ਕਿ ਕਵਰੇਜ ਦੌਰਾਨ ਡਿਲਿਵਰੀ ਵਰਕਰ ਨੇ ਲਾਈਵ ਕੈਮਰੇ ਦੇ ਸਾਹਮਣੇ ਦਾਅਵਾ ਕੀਤਾ ਕਿ ਉਸ ਨੇ ਇਹ ਆਪਣੇ ਮੈਨੇਜਰ ਤੇ ਏਜੰਸੀ ਮਾਲਕ ਦੀ ਜਾਣਕਾਰੀ ਤੇ ਸਹਿਮਤੀ ਨਾਲ ਕੀਤਾ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਗੈਸ ਚੋਰੀ ਤੋਂ ਹੋਣ ਵਾਲੇ ਮੁਨਾਫ਼ੇ ਦਾ ਇਕ ਹਿੱਸਾ ਉਸ ਨੂੰ ਹਰ ਮਹੀਨੇ ਦਿੱਤਾ ਜਾਂਦਾ ਸੀ। ਇਸ ਘਟਨਾ ਦੀ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਰਿਪੋਰਟ ਕੀਤੀ ਗਈ। ਮੁਹੱਲੇ ਦੇ ਵਸਨੀਕਾਂ ਨੇ ਨਿਰਪੱਖ ਜਾਂਚ ਤੇ ਮੁਲਜ਼ਮ ਪਾਏ ਜਾਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਫਿਲਹਾਲ ਇਸ ਮੁੱਦੇ ਤੇ ਗੈਸ ਏਜੰਸੀ ਵੱਲੋਂ ਕੋਈ ਅਧਿਕਾਰਤ ਪ੍ਰਤੀਕਰਮ ਨਹੀਂ ਆਇਆ ਹੈ।