ਰਾਤ 10 ਵਜੇ ਤੋਂ ਬਾਅਦ ਲਾਊਡ ਸਪੀਕਰ ਵਜਾਉਣ ’ਤੇ ਪਾਬੰਦੀ
ਰਾਤ 10 ਵਜੇ ਤੋਂ ਬਾਅਦ ਲਾਊਡਸਪੀਕਰ ਅਤੇ ਡੀਜੇ 'ਤੇ ਪਾਬੰਦੀ, ਹੁਕਮਾਂ ਦੀ ਉਲੰਘਣਾ ਕਰਨ 'ਤੇ ਸਾਊਂਡ ਸਿਸਟਮ ਜ਼ਬਤ ਕਰ ਲਏ ਜਾਣਗੇ
Publish Date: Thu, 12 Mar 2026 07:38 PM (IST)
Updated Date: Thu, 12 Mar 2026 07:39 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਵੱਧ ਰਹੇ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਆਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਆਦੇਸ਼ਾਂ ਅਨੁਸਾਰ ਸਾਈਲੈਂਸ ਜ਼ੋਨਾਂ ਤੇ ਰਿਹਾਇਸ਼ੀ ਖੇਤਰਾਂ ’ਚ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਬੇਲੋੜਾ ਹਾਰਨ ਵਜਾਉਣ ਦੀ ਮਨਾਹੀ ਹੈ। ਸੁਪਰੀਮ ਕੋਰਟ ਦੇ ਆਦੇਸ਼ਾਂ ਦਾ ਹਵਾਲਾ ਦਿੰਦਿਆਂ ਪੁਲਿਸ ਕਮਿਸ਼ਨਰ ਦੇ ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਜਨਤਕ ਥਾਵਾਂ ’ਤੇ ਲਾਊਡ ਸਪੀਕਰ, ਪਬਲਿਕ ਐਡਰੈੱਸ ਸਿਸਟਮ, ਜਾਂ ਕਿਸੇ ਹੋਰ ਧੁਨੀ ਪੈਦਾ ਕਰਨ ਵਾਲੇ ਉਪਕਰਨ ਦੀ ਵਰਤੋਂ ਨਿਰਧਾਰਤ ਸ਼ੋਰ ਮਾਪਦੰਡਾਂ ਅਨੁਸਾਰ ਹੋਣੀ ਚਾਹੀਦੀ ਹੈ। ਆਦੇਸ਼ਾਂ ਅਨੁਸਾਰ, ਢੋਲ, ਹਾਰਨ, ਸਾਊਂਡ ਐਂਪਲੀਫਾਇਰ, ਡੀਜੇ, ਜਾਂ ਕਿਸੇ ਹੋਰ ਉੱਚੀ ਆਵਾਜ਼ ਵਾਲੇ ਯੰਤਰਾਂ ਦੀ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਜਨਤਕ ਐਮਰਜੈਂਸੀ ਨੂੰ ਛੱਡ ਕੇ ਆਗਿਆ ਨਹੀਂ ਹੋਵੇਗੀ। ਇਹ ਨਿਯਮ ਮੈਰਿਜ ਪੈਲੇਸਾਂ, ਹੋਟਲਾਂ ਤੇ ਹੋਰ ਸਮਾਗਮ ਸਥਾਨਾਂ ਤੇ ਬਰਾਬਰ ਲਾਗੂ ਹੁੰਦਾ ਹੈ। ਇਸ ਤੋਂ ਇਲਾਵਾ, ਨਿੱਜੀ ਥਾਵਾਂ ਤੇ ਲਗਾਏ ਗਏ ਸਾਊਂਡ ਸਿਸਟਮਾਂ ਦਾ ਸ਼ੋਰ ਪੱਧਰ ਨਿਰਧਾਰਤ ਸੀਮਾ ਤੋਂ ਵੱਧ ਨਹੀਂ ਹੋਣਾ ਚਾਹੀਦਾ। ਹੁਕਮਾਂ ’ਚ ਦੱਸਿਆ ਗਿਆ ਹੈ ਕਿ ਨਿੱਜੀ ਥਾਵਾਂ ਤੋਂ ਨਿਕਲਣ ਵਾਲਾ ਸ਼ੋਰ ਨਿਰਧਾਰਤ ਸ਼ੋਰ ਮਾਪਦੰਡਾਂ ਤੋਂ 5 ਡੈਸੀਬਲ( ੲ) ਤੋਂ ਵੱਧ ਨਹੀਂ ਹੋਣਾ ਚਾਹੀਦਾ। ਪੁਲਿਸ ਕਮਿਸ਼ਨਰ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਸੰਗੀਤ ਪ੍ਰਣਾਲੀਆਂ ਨਾਲ ਲੈਸ ਵਾਹਨਾਂ ਦੇ ਮਾਮਲੇ ’ਚ, ਇਹ ਯਕੀਨੀ ਬਣਾਇਆ ਜਾਵੇ ਕਿ ਵਾਹਨ ਦੇ ਅੰਦਰ ਚੱਲ ਰਿਹਾ ਸੰਗੀਤ ਬਾਹਰ ਨਾ ਸੁਣਿਆ ਜਾਵੇ। ਜੇ ਕੋਈ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਸਬੰਧਤ ਸਾਊਂਡ ਸਿਸਟਮ ਨੂੰ ਜ਼ਬਤ ਕਰ ਲਿਆ ਜਾਵੇਗਾ। ਇਸ ਸਬੰਧੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਇਹ ਹੁਕਮ ਸ਼ਹਿਰ ਵਿਚ 8 ਮਈ, 2026 ਤੱਕ ਲਾਗੂ ਰਹੇਗਾ।