ਮਾੜੇ ਟ੍ਰੈਫਿਕ ਪ੍ਰਬੰਧਾਂ ਕਰ ਕੇ ਹਾਈਵੇ ’ਤੇ 3 ਘੰਟੇ ਤੱਕ ਫਸੇ ਰਹੇ ਲੋਕ
ਜਲੰਧਰ–ਅੰਮ੍ਰਿਤਸਰ ਹਾਈਵੇ ’ਤੇ ਲੰਮਾ ਜਾਮ, 3 ਘੰਟੇ ਤੱਕ ਫਸੇ ਰਹੇ ਲੋਕ
Publish Date: Fri, 20 Feb 2026 11:10 PM (IST)
Updated Date: Fri, 20 Feb 2026 11:12 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ-ਅੰਮ੍ਰਿਤਸਰ ਹਾਈਵੇ ’ਤੇ ਸ਼ੁੱਕਰਵਾਰ ਉਸ ਵੇਲੇ ਟ੍ਰੈਫਿਕ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਜਦੋਂ ਸੰਜੇ ਗਾਂਧੀ ਨਗਰ ਤੋਂ ਪਠਾਨਕੋਟ ਚੌਕ ਤੱਕ ਲੰਮਾ ਜਾਮ ਲੱਗ ਗਿਆ। ਲਗਭਗ ਤਿੰਨ ਘੰਟੇ ਤੱਕ ਲੋਕ ਜਾਮ ’ਚ ਫਸੇ ਰਹੇ ਤੇ ਆਪਣੀ ਮੰਜ਼ਿਲ ਤੱਕ ਪਹੁੰਚਣ ’ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਾਮ ਕਾਰਨ ਹਾਈਵੇ ਦੀ ਸਰਵਿਸ ਲੇਨ ਤੇ ਮੁੱਖ ਸੜਕ ਦੋਵਾਂ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਹਾਲਾਤ ਇੰਨੇ ਗੰਭੀਰ ਹੋ ਗਏ ਕਿ ਕਈ ਵੀਆਈਪੀ ਵਾਹਨ ਵੀ ਜਾਮ ’ਚ ਫਸ ਗਏ। ਰਾਹਗੀਰਾਂ ਤੇ ਡਰਾਈਵਰਾਂ ਨੂੰ ਘੰਟਿਆਂ ਇੰਤਜ਼ਾਰ ਕਰਨਾ ਪਿਆ, ਜਿਸ ਕਾਰਨ ਗਰਮੀ ਤੇ ਬਦਇੰਤਜ਼ਾਮੀ ਕਾਰਨ ਲੋਕਾਂ ’ਚ ਨਾਰਾਜ਼ਗੀ ਵੀ ਦੇਖਣ ਨੂੰ ਮਿਲੀ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਤੇ ਟ੍ਰੈਫਿਕ ਨੂੰ ਸੁਚਾਰੂ ਕਰਨ ਦੇ ਯਤਨ ਸ਼ੁਰੂ ਕੀਤੇ। ਵਾਹਨਾਂ ਦੀ ਵੱਧ ਗਿਣਤੀ ਤੇ ਬੇਤਰਤੀਬ ਟ੍ਰੈਫਿਕ ਕਾਰਨ ਜਾਮ ਖੋਲ੍ਹਣ ’ਚ ਪੁਲਿਸ ਨੂੰ ਕਾਫੀ ਮਿਹਨਤ ਕਰਨੀ ਪਈ। ਸਖ਼ਤ ਮੁਸ਼ੱਕਤ ਤੋਂ ਬਾਅਦ ਟ੍ਰੈਫਿਕ ਨੂੰ ਹੌਲੀ-ਹੌਲੀ ਆਮ ਕੀਤਾ ਗਿਆ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਾਈਵੇ ’ਤੇ ਟ੍ਰੈਫਿਕ ਪ੍ਰਬੰਧਨ ਨੂੰ ਦਰੁਸਤ ਕਰਨ ਲਈ ਠੋਸ ਕਦਮ ਚੁੱਕੇ ਜਾਣ ਤਾਂ ਜੋ ਭਵਿੱਖ ’ਚ ਇਸ ਤਰ੍ਹਾਂ ਦੀ ਸਮੱਸਿਆ ਮੁੜ ਨਾ ਬਣੇ।