ਆਭਾ ਆਈਡੀ ਬਣਵਾਉਣ ਲਈ ਲੱਗੀਆਂ ਲੰਬੀਆਂ ਲਾਈਨਾਂ
ਆਭਾ ਆਈਡੀ ਬਣਵਾਉਣ ਲਈ ਲੱਗੀਆਂ ਲੰਬੀਆਂ ਲਾਈਨਾਂ
Publish Date: Thu, 16 Apr 2026 10:48 PM (IST)
Updated Date: Thu, 16 Apr 2026 10:51 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਿਵਲ ਹਸਪਤਾਲ ’ਚ ਮਰੀਜ਼ਾਂ ਨੂੰ ਓਪੀਡੀ ਪਰਚੀ ਬਣਵਾਉਣ ਤੋਂ ਪਹਿਲਾਂ ਆਭਾ ਆਈਡੀ ਬਣਵਾਉਣ ਲਈ ਲੰਬੇ ਸਮੇਂ ਤੱਕ ਲਾਈਨਾਂ ’ਚ ਖੜ੍ਹਾ ਰਹਿਣਾ ਪੈ ਰਿਹਾ ਹੈ। ਗਰਮੀ ’ਚ ਮਰੀਜ਼ਾਂ ਨੂੰ ਲੰਬੇ ਸਮੇਂ ਤੱਕ ਖੜ੍ਹੇ ਰਹਿਣ ਕਾਰਨ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਕੋਲ ਮੋਬਾਈਲ ਨਹੀਂ ਹੈ, ਉਨ੍ਹਾਂ ਨੂੰ ਵੀ ਵੱਡੀ ਦਿੱਕਤ ਆ ਰਹੀ ਹੈ। ਸਿਵਲ ਹਸਪਤਾਲ ’ਚ ਸ਼੍ਰੀ ਅਮਰਨਾਥ ਯਾਤਰਾ ਲਈ ਮੈਡੀਕਲ ਕਰਵਾਉਣ ਪਹੁੰਚੇ ਗੜ੍ਹਾ ਦੇ ਰਹਿਣ ਵਾਲੇ ਦੀਪਕ ਨੇ ਦੱਸਿਆ ਕਿ ਉਹ ਸਵੇਰੇ ਅੱਠ ਵਜੇ ਹਸਪਤਾਲ ਪਹੁੰਚੇ ਸਨ। ਉੱਥੇ ਓਪੀਡੀ ਪਰਚੀ ਬਣਵਾਉਣ ਤੋਂ ਪਹਿਲਾਂ ਆਭਾ ਆਈਡੀ ਬਣਵਾਉਣ ਲਈ ਲੰਬੀ ਲਾਈਨ ’ਚ ਖੜ੍ਹਾ ਰਹਿਣਾ ਪਿਆ। ਲਗਭਗ ਦੋ ਘੰਟਿਆਂ ਬਾਅਦ ਆਈਡੀ ਬਣੀ, ਫਿਰ ਓਪੀਡੀ ਪਰਚੀ ਬਣਵਾਈ ਤੇ ਡਾਕਟਰ ਕੋਲ ਗਏ। ਟੈਸਟ ਲਈ ਸੈਂਪਲ ਦੇਣ ਪਹੁੰਚੇ ਤਾਂ ਉੱਥੇ ਵੀ ਲੰਬੀ ਲਾਈਨ ਲੱਗੀ ਹੋਈ ਸੀ ਤੇ 11 ਵਜੇ ਸੈਂਪਲ ਲੈਣ ਬੰਦ ਕਰ ਦਿੱਤੇ ਗਏ। ਹੁਣ ਉਨਾਂ ਨੂੰ ਸ਼ੁੱਕਰਵਾਰ ਨੂੰ ਦੁਬਾਰਾ ਆਉਣਾ ਪਵੇਗਾ। ਇਸੇ ਤਰ੍ਹਾਂ ਇਲਾਜ ਲਈ ਆਉਣ ਵਾਲੇ ਹੋਰ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਵਲ ਹਸਪਤਾਲ ਦੀ ਐੱਮਐੱਸ ਡਾ. ਨਮਿਤਾ ਘਈ ਦਾ ਕਹਿਣਾ ਹੈ ਕਿ ਪਹਿਲੀ ਵਾਰ ਆਈਡੀ ਬਣਵਾਉਣ ਲਈ ਵਿਭਾਗ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਹਨ। ਭਵਿੱਖ ’ਚ ਜਦੋਂ ਮਰੀਜ਼ ਦੁਬਾਰਾ ਹਸਪਤਾਲ ਆਉਣਗੇ, ਉਨ੍ਹਾਂ ਨੂੰ ਲਾਈਨ ’ਚ ਖੜ੍ਹਾ ਹੋਣ ਦੀ ਲੋੜ ਨਹੀਂ ਪਵੇਗੀ। ਉਹ ਘਰ ਤੋਂ ਹੀ ਆਪਣੀ ਅਪਾਇੰਟਮੈਂਟ ਬੁੱਕ ਕਰਕੇ ਸਿੱਧੇ ਓਪੀਡੀ ਪਰਚੀ ਲੈ ਸਕਣਗੇ ਤੇ ਉਨ੍ਹਾਂ ਨੂੰ ਸਹੂਲਤ ਮਿਲੇਗੀ।