ਖ਼ੁਸ਼ੀਆਂ ਵੰਡਣ ਦਾ ਤਿਉਹਾਰ ਲੋਹੜੀ : ਡਾ. ਸੰਧੂ
ਲਾਇਲਪੁਰ ਖ਼ਾਲਸਾ ਕਾਲਜ ਵਿਖੇ ਗਿੱਧੇ ਤੇ ਭੰਗੜੇ ਦੇ ਰੰਗ ’ਚ ਰੰਗਿਆ ਲੋਹੜੀ ਦਾ ਤਿਉਹਾਰ
Publish Date: Tue, 13 Jan 2026 06:28 PM (IST)
Updated Date: Tue, 13 Jan 2026 06:30 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ-ਲਾਇਲਪੁਰ ਖ਼ਾਲਸਾ ਕਾਲਜ ਵਿਖੇ ਪੰਜਾਬੀ ਸੱਭਿਆਚਾਰਕ ਲੋਹੜੀ ਦਾ ਤਿਓਹਾਰ ਮਨਾਇਆ ਗਿਆ। ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ, ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੇ ਲੋਹੜੀ ਦੀ ਧੂਣੀ ਬਾਲ ਕੇ ਮੂੰਗਫਲੀ, ਰਿਓੜੀਆਂ ਤੇ ਮਿਠਾਈਆਂ ਵੰਡ ਕੇ ਲੋਹੜੀ ਦੀ ਖੁਸ਼ੀ ਸਾਂਝੀ ਕੀਤੀ। ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਨੇ ਲੋਹੜੀ ਦੀਆਂ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਲੋਹੜੀ ਦਾ ਤਿਉਹਾਰ ਜਿੱਥੇ ਖੁਸ਼ੀਆਂ ਵੰਡਣ ਦਾ ਤਿਉਹਾਰ ਹੈ, ਉੱਥੇ ਇਸ ਤਿਉਹਾਰ ਦਾ ਇਤਿਹਾਸਕ ਮਹੱਤਵ ਵੀ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਜੀਵਨ ਅਤੇ ਰਿਸ਼ਤਿਆਂ ਵਿੱਚ ਨਿੱਘ ਅਤੇ ਖੁਸ਼ੀਆਂ ਭਰਦਾ ਹੈ। ਅਜੋਕੇ ਬਦਲਦੇ ਸਮਾਜਿਕ, ਸੱਭਿਆਚਾਰਕ ਤੇ ਗਲੋਬਲੀ ਵਰਤਾਰੇ ਵਿੱਚ ਲੋਹੜੀ ਦਾ ਤਿਉਹਾਰ ਰਿਸ਼ਤਿਆਂ ਵਿੱਚ ਸਾਂਝ ਵਧਾਉਂਦਾ ਹੈ। ਉਨ੍ਹਾਂ ਕਾਮਨਾ ਕੀਤੀ ਕਿ ਇਸ ਲੋਹੜੀ ਦੇ ਤਿਉਹਾਰ ’ਤੇ ਸਟਾਫ ਅਤੇ ਵਿਦਿਆਰਥੀਆਂ ਦੇ ਮਨਾਂ ਵਿੱਚ ਪਰਮਾਤਮਾ ਇੱਕ ਨਵੀਂ ਊਰਜਾ ਭਰੇ ਅਤੇ ਇਹ ਵਰ੍ਹਾ ਲਾਇਲਪੁਰ ਖ਼ਾਲਸਾ ਕਾਲਜ ਅਤੇ ਸਮੁੱਚੀ ਲੋਕਾਈ ਲਈ ਤਰੱਕੀਆਂ ਅਤੇ ਖੁਸ਼ੀਆਂ ਭਰਿਆ ਹੋਵੇ। ਸਮਾਗਮ ਦੌਰਾਨ ਕਾਲਜ ਦੇ ਵਿਦਿਆਰਥੀ ਕਲਾਕਾਰਾਂ ਨੇ ਲੋਹੜੀ ਦੇ ਗੀਤ ਗਾ ਕੇ ਗਾਇਨ ਪੇਸ਼ਕਾਰੀਆਂ ਨਾਲ ਰੰਗ ਬੰਨਿਆ।