- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੋਹਲ ਫਾਰਮ ਘੁੜਕਾ ਵਿਖੇ 5100 ਨਵ-ਜੰਮੀਆਂ ਬੱਚੀਆਂ ਦੀ ਮਨਾਈ ਲੋਹੜੀ

* ਸੰਤ ਗੁਰਚਰਨ ਸਿੰਘ ਪੰਡਵਾਂ ਵਾਲਿਆਂ ਨੇ ਕੀਤਾ ਸਮਾਗਮ ਦਾ ਉਦਘਾਟਨ
ਮਨਜੀਤ ਮੱਕੜ, ਪੰਜਾਬੀ ਜਾਗਰਣ
ਗੁਰਾਇਆ : ਬ੍ਰਹਮ ਗਿਆਨੀ 108 ਸੰਤ ਬਾਬਾ ਮੋਨੀ ਜੀ ਮਹਾਰਾਜ ਦੇ ਅਸ਼ੀਰਵਾਦ ਸਦਕਾ ਸਵ. ਦਰਬਾਰਾ ਸਿੰਘ ਜੌਹਲ (ਸਾਬਕਾ ਮੁੱਖ ਮੰਤਰੀ ਪੰਜਾਬ) ਦੇ ਸਵ. ਗੁਰਮੁੱਖ ਸਿੰਘ ਸੋਹਲ, ਪਰਿਵਾਰ ਜੋਹਲ ਫਾਰਮ ਸੇਵਾ ਸੁਸਾਇਟੀ ਦੇ ਸਰਪ੍ਰਸਤ ਪਿੰਦੂ ਜੌਹਲ (ਯੂਕੇ) ਤੇ ਸਤਨਾਮ ਸਿੰਘ ਬਾਹੜਾ, ਸਹੋਤਾ ਪਰਿਵਾਰ ਦੇ ਸਹਿਯੋਗ ਸਦਕਾ ਜੋਹਲ ਫਾਰਮ ਪਿੰਡ ਘੁੜਕਾ ਵਿਖੇ ਚੱਲ ਰਹੇ ਸਮਾਜ ਸੇਵੀ ਕਾਰਜਾਂ ਤਹਿਤ 5100 ਨਵਜੰਮੀਆਂ ਧੀਆਂ ਦੀ ਲੋਹੜੀ ਪਾਈ ਗਈ। ਇਸ ਮੌਕੇ ਸੰਤ ਗੁਰਚਰਨ ਸਿੰਘ ਪੰਡਵਾਂ ਵਾਲਿਆਂ ਵੱਲੋਂ ਸਮਾਗਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਡਾ. ਗੁਰਪ੍ਰੀਤ ਕੌਰ ਮਾਨ ਪਤਨੀ ਮੁੱਖ ਮੰਤਰੀ ਪੰਜਾਬ, ਰਾਜ ਲਾਲੀ ਗਿੱਲ ਮਹਿਲਾ ਕਮਿਸ਼ਨ ਪੰਜਾਬ ਸਰਕਾਰ, ਡਾ. ਬਲਜੀਤ ਕੌਰ ਵੈੱਲਫੇਅਰ ਮੰਤਰੀ ਪੰਜਾਬ ਸਰਕਾਰ, ਹੰਸ ਰਾਜ ਹੰਸ, ਵਿਜੈ ਸਾਪਲਾ, ਪ੍ਰਗਟ ਸਿੰਘ ਵਿਧਾਇਕ ਹਲਕਾ ਕੈਂਟ ਜਲੰਧਰ, ਜੋਗਿੰਦਰ ਸਿੰਘ ਮਾਨ, ਪਰਮਿੰਦਰ ਕੌਰ ਪੰਜਾਬ ਪ੍ਰਧਾਨ ਐੱਨਆਰਆਈ ਸਭਾ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ। ਇਸ ਮੌਕੇ ਡਾ. ਗੁਰਪ੍ਰੀਤ ਕੌਰ ਮਾਨ ਨੇ ਸਮਾਗਮ 'ਚ ਸ਼ਿਰਕਤ ਕਰਦਿਆਂ ਲੋਕਾਂ ਨੂੰ ਲੜਕੀਆਂ ਨੂੰ ਹੋਰ ਸਸ਼ੱਕਤ ਤੇ ਸਫਲ ਬਣਾਉਣ ਲਈ ਉਨ੍ਹਾਂ ਨੂੰ ਬਰਾਬਰੀ ਦੇ ਮੌਕੇ ’ਤੇ ਹਲਾਸ਼ੇਰੀ ਦੇਣ ਦਾ ਸੱਦਾ ਦਿੱਤਾ। ਇਕੱਠ ਨੂੰ ਸੰਬੋਧਨ ਡਾ. ਮਾਨ ਨੇ ਕਿਹਾ ਕਿ ਧੀਆਂ ਸਾਡਾ ਮਾਣ ਹਨ, ਜਿਨ੍ਹਾਂ ਆਪਣੀ ਮਿਹਨਤ ਤੇ ਪ੍ਰਤਿਭਾ ਨਾਲ ਬੁਲੰਦੀਆਂ ਨੂੰ ਛੋਹਿਆ ਹੈ ਤੇ ਵੱਖ-ਵੱਖ ਖੇਤਰਾਂ 'ਚ ਸਾਬਤ ਕੀਤਾ ਹੈ ਕਿ ਉਹ ਕਿਸੇ ਨਾਲੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਦੇ ਨਾਲ-ਨਾਲ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਲੜਕੀਆਂ ਨੂੰ ਅਜਿਹਾ ਮਾਹੌਲ ਮੁਹੱਈਆ ਕਰਵਾਈਏ, ਜਿਸ ਸਦਕਾ ਉਹ ਹੋਰ ਮਜ਼ਬੂਤ ਤੇ ਕਾਮਯਾਬ ਬਣ ਸਕਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੜਕੀਆਂ ਦੀ ਭਲਾਈ ਤੇ ਉਨ੍ਹਾਂ ਨੂੰ ਹਰ ਖੇਤਰ 'ਚ ਬਰਾਬਰ ਦੇ ਮੌਕੇ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਧੀਆਂ ਨੂੰ ਜਨਮ, ਸਿੱਖਿਆ ਤੇ ਆਜ਼ਾਦੀ ਦਾ ਅਧਿਕਾਰ ਦੇਣਾ ਚਾਹੀਦਾ ਹੈ। ਜੋਹਲ ਫਾਰਮ ਸੇਵਾ ਸੁਸਾਇਟੀ ਘੁੜਕਾ ਵੱਲੋਂ ਹਰ ਸਾਲ ਧੀਆਂ ਦੀ ਲੋਹੜੀ ਮਨਾਉਣ ਦੀ ਸ਼ਲਾਘਾ ਕਰਦਿਆਂ ਡਾ. ਮਾਨ ਨੇ ਕਿਹਾ ਕਿ ਸੰਸਥਾ ਵੱਲੋਂ ਕੀਤੇ ਜਾ ਰਹੇ ਉਪਰਾਲੇ ਪ੍ਰਸ਼ੰਸਾਯੋਗ ਹਨ, ਜਿਨ੍ਹਾ ’ਤੇ ਹੋਰਨਾਂ ਸੰਸਥਾਵਾਂ ਨੂੰ ਵੀ ਪ੍ਰੇਰਨਾ ਲੈਂਦਿਆਂ ਲੜਕੀਆਂ ਨੂੰ ਸਮਾਜ 'ਚ ਬਣਦਾ ਮਾਣ-ਸਨਮਾਨ ਦਿਵਾਉਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ।
ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਜੌਹਲ ਪਰਿਵਾਰ ਤੇ ਬਾਹੜਾ ਪਰਿਵਾਰ ਵੱਲੋਂ ਕਰਵਾਏ ਜਾ ਰਹੇ ਲੋਕ ਭਲਾਈ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜੋਹਲ ਫਾਰਮ ਸੇਵਾ ਸੁਸਾਇਟੀ ਘੁੜਕਾ ਵਧਾਈ ਦਾ ਪਾਤਰ ਹੈ। ਸੰਸਥਾ ਤੋਂ ਸੰਧ ਲੈ ਕੇ ਹਰ ਇਕ ਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਵੱਲੋਂ ਕਰਵਾਏ ਜਾ ਰਹੇ ਲੋਕ ਭਲਾਈ ਦੇ ਕੰਮਾਂ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਓਨੀ ਹੀ ਘੱਟ ਹੈ। ਬਾਹਰਲੇ ਦੇਸ਼ਾ 'ਚ ਵਸਦੇ ਐੱਨਆਰਆਈ ਵੀਰ ਹੀ ਹਨ, ਜਿਨ੍ਹਾਂ ਪੰਜਾਬੀ ਵਿਰਸੇ ਨੂੰ ਆਪਣੇ ਦਿਲ 'ਚ ਵਸਾਇਆ ਹੋਇਆ ਹੈ। ਉਨ੍ਹਾ ਕਿਹਾ ਕਿ ਧੀਆਂ ਨੂੰ ਮਾਨ ਦਿੰਦੇ ਹੋਏ ਪੰਜਾਬ ’ਚ ਸਭ ਤੋਂ ਜ਼ਿਆਦਾ ਉੱਚੇ ਅਹੁਦਿਆਂ 'ਤੇ ਐੱਸਐੱਸਪੀ, ਡੀਸੀ, ਐੱਸਡੀਐੱਮ ਵਰਗੇ ਅਹੁਦਿਆਂ ’ਤੇ ਮਹਿਲਾਵਾਂ ਹੀ ਵਿਰਾਜਮਾਨ ਹਨ। ਇਸ ਮੌਕੇ ਪੰਜਾਬੀ ਗਾਇਕ ਹੰਸ ਰਾਜ ਹੰਸ, ਮਨਮੋਹਨ ਵਾਰਿਸ, ਕਮਲ ਹੀਰ, ਬਲਰਾਜ ਬਿਲਗਾ, ਅਵਤਾਰ ਬਿੱਲਾ, ਪ੍ਰੀਤ ਗੁਰਾਇਆ ਤੇ ਮੰਗੀ ਮਾਹਲ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਪੰਜਾਬ ਐਗਰੋ ਦੇ ਚੇਅਰਮੈਨਮੰਗਲ ਸਿੰਘ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਾਜ ਕਮਾਰ ਨੰਗਲ, ਆਮ ਆਦਮੀ ਪਾਰਟੀ ਦੇ ਆਗੂ ਰਾਜਵਿੰਦਰ ਕੌਰ, ਹਲਕਾ ਫਿਲੌਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਗਈ।
ਇਸ ਮੌਕੇ ਆਸ਼ੂ ਚੋਪੜਾ ਤੇ ਬਿੱਟੂ ਵਿਲਾਇਤੀਆ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਇਸ ਮੌਕੇ ਜੋਹਲ ਫਾਰਮ ਘੁੜਕਾ ਦੇ ਸਰਪ੍ਰਸਤ ਪਿੰਦੂ ਜੋਹਲ ਅਮਰੀਕ ਸਿੰਘ ਸੈਣੀ, ਐੱਸਪੀ ਸਰਬਜੀਤ ਸਿੰਘ ਰਾਏ ਤੇ ਸਤਨਾਮ ਸਿੰਘ ਬਾਹੜਾ ਵੱਲ ਆਏ ਹੋਏ ਪਤਵੰਤਿਆ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੇ ਅੰਤ ’ਚ ਆਏ ਹੋਏ ਮੁੱਖ ਮਹਿਮਾਨਾਂ ਵੱਲੋਂ ਨਵ-ਜੰਮੀਆਂ ਧੀਆਂ ਨੂੰ ਲੋਹੜੀ ਵੰਡੀ ਗਈ ਤੇ ਡਾ. ਗੁਰਪ੍ਰੀਤ ਕੌਰ ਨੇ ਆਪਣੇ ਹੱਥੀ ਲੋਹੜੀ ਬਾਲਦੇ ਹੋਏ ਲੋਹੜੀ ਦੀ ਵਧਾਈ ਦਿੱਤੀ। ਇਸ ਮੌਕੇ ਰਾਜਪਾਲ ਰਾਜਾ ਅਟਵਾਲ, ਜੱਗੂ ਜੌੜਾ ਫਗਵਾੜਾ, ਆਸ਼ੂ ਸਾਪਲਾ, ਮਨੀ ਧਾਲੀਵਾਲ, ਡੀਐੱਸਪੀ ਭਰਤ ਮਸੀਹ, ਆਪ ਆਗੂ ਸੰਤੌਸ਼ ਕੁਮਾਰ ਗੋਗੀ, ਸੰਜੀਵ ਬੁੱਗਾ, ਐਡਵੋਕੇਟ ਅਸ਼ਵਨੀ ਕੁਮਾਰ, ਸਨੀ ਹੁੰਦਲ, ਪਾਲੀ ਯੂਕੇ, ਬਲਵਿੰਦਰ ਸਿੰਘ ਦੂਲੇ (ਯੂਕੇ), ਅਨੂਪ ਕੌਸ਼ਲ ਰਿੰਕੂ, ਬੱਬੀ ਜੋਹਲ, ਹੈਪੀ ਮਾਹੀ, ਕੁਲਵਿੰਦਰ ਸੰਧੂ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।