ਸਥਾਨਕ ਸਰਕਾਰਾਂ ਸਕੱਤਰ ਨੇ ਨਿਗਮ ਦੇ ਸਹਾਇਕ ਸਿਹਤ ਅਫਸਰ ਨੂੰ ਕੀਤਾ ਮੁਅੱਤਲ

-ਮਾਮਲਾ ਵਰਿਆਣਾ ਡੰਪ ’ਤੇ ਬਾਇਓਮਾਈਨਿੰਗ ਦਾ ਗਲਤ ਡਾਟਾ ਦੇਣ ਦਾ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਸਥਾਨਕ ਸਰਕਾਰਾਂ ਵਿਭਾਗ ਨੇ ਨਗਰ ਨਿਗਮ ਦੇ ਸਹਾਇਕ ਸਿਹਤ ਅਫਸਰ ਡਾ. ਕ੍ਰਿਸ਼ਨ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਤੇ ਇਸ ਸਬੰਧੀ ਹੁਕਮ ਬੀਤੀ ਦੇਰ ਰਾਤ ਨਗਰ ਨਿਗਮ ਕਮਿਸ਼ਨਰ ਨੂੰ ਪੁੱਜੇ। ਉਕਤ ਮੁਅੱਤਲੀ ਸਥਾਨਕ ਸਰਕਾਰਾਂ ਸਕੱਤਰ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੀਤੀ। ਦੱਸਿਆ ਜਾਂਦਾ ਹੈ ਕਿ ਵਰਿਆਣਾ ਡੰਪ ’ਤੇ ਜਿਹੜਾ ਬਾਇਓਮਾਈਨਿੰਗ ਪ੍ਰੋਜੈਕਟ ਚੱਲ ਰਿਹਾ ਹੈ, ਉਸ ਦਾ ਰੋਜ਼ਾਨਾ ਮਾਈਨਿੰਗ ਡਾਟਾ ਨਗਰ ਨਿਗਮ ਦੀ ਇੰਜੀਨੀਅਰਿੰਗ ਬ੍ਰਾਂਚ ਵੱਲੋਂ ਹੈਲਥ ਬ੍ਰਾਂਚ ਨੂੰ ਭੇਜਿਆ ਜਾਂਦਾ ਹੈ ਤੇ ਉਸ ਦੇ ਆਧਾਰ ’ਤੇ ਹੀ ਇੰਟਰਨਲ ਰਿਪੋਰਟ ਹੈਲਥ ਬ੍ਰਾਂਚ ਦੇ ਇੰਚਾਰਜ ਸਹਾਇਕ ਸਿਹਤ ਅਫਸਰ ਡਾ. ਕ੍ਰਿਸ਼ਨ ਸ਼ਰਮਾ ਵੱਲੋਂ ਅੱਗੇ ਐੱਨਜੀਟੀ ਤੇ ਸਥਾਨਕ ਸਰਕਾਰਾਂ ਵਿਭਾਗ ਨੂੰ ਭੇਜ ਦਿੱਤੀ ਜਾਂਦੀ ਹੈ। ਕਈ ਵਾਰ ਉਕਤ ਇੰਟਰਨਲ ਰਿਪੋਰਟ ਦੀ ਕ੍ਰਾਸਚੈਕਿੰਗ ਵੀ ਹੁੰਦੀ ਹੈ ਤੇ ਕ੍ਰਾਸ ਚੈਕਿੰਗ ਦੌਰਾਨ ਬਾਇਓਮਾਈਨਿੰਗ ਦੇ ਡਾਟੇ ’ਚ ਫਰਕ ਆਉਣ ’ਤੇ ਸਥਾਨਕ ਸਰਕਾਰਾਂ ਸਕੱਤਰ ਨੇ ਡਾ. ਕ੍ਰਿਸ਼ਨ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ। ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਨੇ ਇਕ ਐੱਨਜੀਓ ਚਲਾਉਣ ਵਾਲੇ ਤੇਜਸਵੀ ਮਿਨਹਾਸ ਵੱਲੋਂ ਬਾਇਓਮਾਈਨਿੰਗ ਦੇ ਮਾਮਲੇ ’ਚ ਚੱਲ ਰਹੇ ਕੇਸ ’ਚ ਗਲਤ ਡਾਟਾ ਪੇਸ਼ ਕਰਨ ਦੇ ਮਾਮਲੇ ’ਚ ਉਕਤ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਗਏ।
------------------
ਬਾਇਓਮਾਈਨਿੰਗ ਦਾ 8-10 ਸਾਲ ਪੁਰਾਣਾ ਕੇਸ : ਮੇਅਰ
ਇਸ ਦੌਰਾਨ ਮੇਅਰ ਵਿਨੀਤ ਧੀਰ ਨੇ ਦੱਸਿਆ ਕਿ ਇਕ ਐੱਨਜੀਓ ਚਲਾਉਂਦੇ ਤੇਜਸਵੀ ਮਿਨਹਾਸ ਦਾ ਬਾਈਓਮਾਈਨਿੰਗ ਦੇ ਮਾਮਲੇ ’ਚ ਲਗਪਗ 8-10 ਪੁਰਾਣਾ ਕੇਸ ਚੱਲਦਾ ਸੀ ਤੇ ਉਸ ਸਮੇਂ ਵਰਿਆਣਾ ਡੰਪ ਤੇ 8 ਲੱਖ ਮੀਟ੍ਰਿਕ ਟਨ ਕੂੜਾ ਹੀ ਡੰਪ ਹੁੰਦਾ ਸੀ ਤੇ ਉਸ ਦੇ ਹਿਸਾਬ ਨਾਲ ਬਾਇਓਮਾਈਨਿੰਗ ਦਾ ਠੇਕਾ ਵੀ 8 ਲੱਖ ਮੀਟ੍ਰਿਕ ਟਨ ਦੇ ਹਿਸਾਬ ਨਾਲ ਦਿੱਤਾ ਗਿਆ ਸੀ। ਬਾਇਓਮਾਈਨਿੰਗ ਦਾ ਕੰਮ ਨਗਰ ਨਿਗਮ ਦੀ ਬ੍ਰਾਂਚ ਦੇਖਦੀ ਹੈ ਤੇ ਜਿਸ ਤਰ੍ਹਾਂ ਉਹ ਡਾਟਾ ਹੈਲਥ ਬ੍ਰਾਂਚ ਨੂੰ ਦਿੰਦੀ ਸੀ ਤੇ ਹੈਲਥ ਬ੍ਰਾਂਚ ਦੇ ਸਹਾਇਕ ਸਿਹਤ ਅਫਸਰ ਡਾ. ਕ੍ਰਿਸ਼ਨ ਕਮਿਸ਼ਨਰ ਨੂੰ ਭੇਜਦੇ ਸਨ ਤੇ ਉਹ ਅੱਗੇ ਐੱਨਜੀਟੀ ਤੇ ਸਥਾਨਕ ਸਰਕਾਰਾਂ ਨੂੰ ਭੇਜ ਦਿੰਦੇ ਸਨ ਸਨ, ਹੁਣ ਕਿਉਂਕਿ ਸਮਾਂ ਕਾਫੀ ਬੀਤ ਗਿਆ ਤੇ ਵਰਿਆਣਾ ਡੰਪ ’ਤੇ ਇਸ ਸਮੇਂ ਕੂੜਾ ਦੁੱਗਣਾ ਮਤਲਬ ਲਗਪਗ 16 ਲੱਖ ਮੀਟ੍ਰਿਕ ਟਨ ਜਮ੍ਹਾਂ ਹੋ ਗਿਆ ਹੈ ਤੇ ਬਾਇਓਮਾਈਨਿੰਗ ਦਾ ਜਿਹੜਾ ਠੇਕਾ ਹੈ ਉਹ 8 ਲੱਖ ਮੀਟ੍ਰਿਕ ਟਨ ਦਾ ਹੀ ਹੈ। ਪਹਿਲੇ 8 ਲੱਖ ਮੀਟ੍ਰਿਕ ਟਨ ਦੇ ਕੂੜੇ ਦੀ ਕੋਰਟ ’ਚ ਸਥਾਨਕ ਸਰਕਾਰਾਂ ਡਾਇਰੈਕਟਰ ਵੱਲੋਂ ਡਾਟਾ ਰਿਪੋਰਟ ਪੇਸ਼ ਕੀਤੀ ਜਾਂਦੀ ਰਹੀ ਜਦੋਂਕਿ ਐੱਨਜੀਓ ਨੇ ਇਹ ਡਾਟਾ ਗਲਤ ਹੋਣ ਦਾ ਦਾਅਵਾ ਕੀਤਾ ਤੇ ਪਹਿਲਾਂ ਤੇ ਹੁਣ ਦੇ ਡਾਟੇ ’ਚ ਫਰਕ ਆਉਣ ਕਾਰਨ ਹੀ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਨੇ ਸਹਾਇਕ ਸਿਹਤ ਅਫਸਰ ਦੀ ਮੁਅੱਤਲੀ ਦੇ ਹੁਕਮ ਜਾਰੀ ਕਰ ਦਿੱਤੇ।
---------------------------
ਨਗਰ ਨਿਗਮ ਨੂੰ ਦੁੱਗਣੇ ਕੂੜੇ ਦਾ ਕਰਨਾ ਪਵੇਗਾ ਪ੍ਰਬੰਧ
ਵਰਤਮਾਨ ਸਮੇਂ ਦੌਰਾਨ ਵਰਿਆਣਾ ਡੰਪ ’ਤੇ ਜਿਹੜਾ ਬਾਇਓਮਾਈਨਿੰਗ ਦਾ ਠੇਕਾ ਚੱਲ ਰਿਹਾ ਹੈ, ਉਹ 8 ਲੱਖ ਮੀਟ੍ਰਿਕ ਟਨ ਕੂੜੇ ਨੂੰ ਸੁਆਹ (ਰਾਖ) ਬਦਲਣ ਦਾ ਹੈ ਤੇ ਇਹ ਕੰਮ ਲਗਪਗ 2 ਜਾਂ ਢਾਈ ਸਾਲ ’ਚ ਪੂਰਾ ਹੋਵੇਗਾ ਤੇ ਇਸ ਦੌਰਾਨ ਨਗਰ ਨਿਗਮ ਨੇ ਵਰਿਆਣਾ ਡੰਪ ਦੇ ਨੇੜੇ ਹੋਰ ਲਗਪਗ 25 ਏਕੜ ਥਾਂ ਲੈ ਕੇ ਡੰਪਿੰਗ ਸ਼ੁਰੂ ਕਰਨ ਦੀ ਤਿਆਰੀ ਕਰ ਰੱਖੀ ਹੈ, ਕਿਉਂਕਿ ਇਸ ਸਮੇਂ ਵਰਿਆਣਾ ਡੰਪ ’ਤੇ ਲਗਭਗ 15 ਤੋਂ 16 ਲੱਖ ਮੀਟ੍ਰਿਕ ਟਨ ਕੂੜਾ ਜਮ੍ਹਾਂ ਹੋ ਚੁੱਕਾ ਹੈ। ਇਸ ਲਈ ਜਿੰਨੇ ਕੂੜੇ ਦੀ ਬਾਈਓਮਾਈਨਿੰਗਿ ਦਾ ਠੇਕਾ ਹੈ, ਦੋ ਸਾਲਾਂ ’ਚ ਇਸ ਤੋਂ ਵੀ ਵੱਧ ਕੂੜਾ ਹੋਰ ਇਕੱਠਾ ਹੋ ਜਾਏਗਾ। ਇਸ ਲਈ ਨਗਰ ਨਿਗਮ ਨੂੰ ਦੂਜੀ ਬਾਈਓਮਾਈਨਿੰਗ ਦੇ ਠੇਕੇ ਦਾ ਵੀ ਪ੍ਰਬੰਧ ਕਰਨਾ ਹੋਵੇਗਾ।