ਛੋਟੀ ਫਿਲਮ/ਰੀਲ ਮੇਕਿੰਗ ਮੁਕਾਬਲਾ ਕਰਵਾਇਆ
ਐੱਲਕੇਸੀ-ਟੈਕਨੀਕਲ ਕੈਂਪਸ ਦੇ ਸਮਾਨ ਅਵਸਰ ਸੈੱਲ ਵੱਲੋਂ ਛੋਟੀ ਫਿਲਮ/ਰੀਲ ਮੇਕਿੰਗ ਮੁਕਾਬਲਾ ਕਰਵਾਇਆ
Publish Date: Mon, 16 Feb 2026 06:54 PM (IST)
Updated Date: Mon, 16 Feb 2026 06:57 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਲਕੇਸੀ-ਟੈਕਨੀਕਲ ਕੈਂਪਸ ਦੇ ਸਮਾਨ ਅਵਸਰ ਸੈੱਲ ਵੱਲੋਂ ਕੈਂਪਸ ’ਚ ਸਮਾਨਤਾ, ਮਾਣ-ਸਨਮਾਨ, ਸ਼ਮੂਲੀਅਤ, ਪਹੁੰਚਯੋਗਤਾ ਤੇ ਗੈਰ-ਭੇਦਭਾਵ ਦੇ ਮੁੱਲਾਂ ਨੂੰ ਉਤਸ਼ਾਹਤ ਕਰਨ ਲਈ ਛੋਟੀ ਫਿਲਮ/ਰੀਲ ਮੇਕਿੰਗ ਮੁਕਾਬਲਾ ਕਰਵਾਇਆ। ਇਸ ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ ਨੂੰ ਸਮਾਜਿਕ ਨਿਆਂ ਨਾਲ ਸਬੰਧਤ ਮੁੱਦਿਆਂ ’ਤੇ ਆਪਣੇ ਵਿਚਾਰ ਰਚਨਾਤਮਕ ਢੰਗ ਨਾਲ ਪ੍ਰਗਟ ਕਰਨ ਤੇ ਸਮਾਵੇਸ਼ੀ ਅਕਾਦਮਿਕ ਵਾਤਾਵਰਨ ਦੇ ਨਿਰਮਾਣ ’ਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਸੀ। ਮੁਕਾਬਲੇ ’ਚ ਵਿਦਿਆਰਥੀਆਂ ਨੇ ਬਰਾਬਰ ਮੌਕੇ, ਵਿਭਿੰਨਤਾ, ਲਿੰਗ ਸੰਵੇਦਨਸ਼ੀਲਤਾ, ਅਪੰਗਤਾ ਸ਼ਮੂਲੀਅਤ ਤੇ ਮਨੁੱਖੀ ਸਨਮਾਨ ਵਰਗੇ ਵਿਸ਼ਿਆਂ ’ਤੇ ਪ੍ਰਭਾਵਸ਼ਾਲੀ ਛੋਟੀਆਂ ਫਿਲਮਾਂ ਤੇ ਰੀਲਾਂ ਤਿਆਰ ਕੀਤੀਆਂ। ਇਸ ਮੰਚ ਰਾਹੀਂ ਉਨ੍ਹਾਂ ਨੇ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕਰਦਿਆਂ ਸਦਭਾਵਨਾ ਤੇ ਆਪਸੀ ਸਤਿਕਾਰ ਦਾ ਸੰਦੇਸ਼ ਦਿੱਤਾ। ਪ੍ਰੋਗਰਾਮ ਦਾ ਨਿਰਣਾ ਡਾ. ਪਵਨਪ੍ਰੀਤ ਕੌਰ (ਐੱਚਓਡੀ, ਅਪਲਾਈਡ ਸਾਇੰਸਜ਼) ਤੇ ਇੰਜੀਨੀਅਰ ਨਵਨੀਤ ਕੌਰ (ਐੱਚਓਡੀ-ਈਸੀਈ) ਦੇ ਪੈਨਲ ਵੱਲੋਂ ਕੀਤਾ ਗਿਆ, ਜਦਕਿ ਡਾ. ਸੋਨੂੰ ਦੁਆ, ਇੰਜੀਨੀਅਰ ਰਜਨੀ ਬੇਦੀ ਤੇ ਬੰਦਨਾ ਨੌਟਿਆਲ ਕੋਆਰਡੀਨੇਟਰ ਰਹੇ। ਮੁਕਾਬਲੇ ਲਈ ਵੱਡੀ ਗਿਣਤੀ ’ਚ ਐਂਟਰੀਆਂ ਪ੍ਰਾਪਤ ਹੋਈਆਂ। ਨਤੀਜਿਆਂ ਅਨੁਸਾਰ ਬੀਬੀਏ ਛੇਵਾਂ ਸਮੈਸਟਰ ਦੀ ਕੋਮਲ ਨੇ ਪਹਿਲਾ, ਬੀਸੀਏ ਦੂਜਾ ਸਮੈਸਟਰ ਦੀ ਹਰਸ਼ਦੀਪ ਨੇ ਦੂਜਾ ਤੇ ਬੀ--ਟੈਕ-ਸੀਐੱਸਈ ਛੇਵਾਂ ਸਮੈਸਟਰ ਦੇ ਅਭਿਰਾਜ ਨੇ ਤੀਜਾ ਸਥਾਨ ਹਾਸਲ ਕੀਤਾ। ਹੌਸਲਾ ਇਨਾਮ ਸੁਖਪ੍ਰੀਤ (ਐੱਮਸੀਏ-2ਵਾਂ ਸਮੈਸਟਰ), ਭੁਪਿੰਦਰ (ਬੀਐੱਸਸੀ ਗ੍ਰਾਫਿਕਸ-6ਵਾਂ ਸਮੈਸਟਰ) ਤੇ ਸੈਵੀ ਸ਼ਰਮਾ (ਐੱਮਬੀਏ-2ਵਾਂ ਸਮੈਸਟਰ) ਨੂੰ ਪ੍ਰਦਾਨ ਕੀਤੇ ਗਏ। ਡਾਇਰੈਕਟਰ ਡਾ. ਆਰਐੱਸ ਦਿਓਲ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਮਹੱਤਵਪੂਰਨ ਸਮਾਜਿਕ ਮੁੱਦਿਆਂ ’ਤੇ ਵਿਚਾਰ ਪ੍ਰਗਟ ਕਰਨ ਲਈ ਪ੍ਰਭਾਵਸ਼ਾਲੀ ਮੰਚ ਸਾਬਤ ਹੁੰਦੇ ਹਨ। ਡਾਇਰੈਕਟਰ ਅਕਾਦਮਿਕ ਮਾਮਲੇ ਸੁਖਬੀਰ ਸਿੰਘ ਚੱਠਾ ਨੇ ਵੀ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਸਮਾਜ ’ਚ ਬਰਾਬਰ ਮੌਕਿਆਂ ਤੇ ਸਮਾਵੇਸ਼ ਬਾਰੇ ਜਾਗਰੂਕਤਾ ਫੈਲਾਉਣ ’ਚ ਮਦਦਗਾਰ ਹਨ।