ਗੁਰਨਾਮ ਬਾਵਾ ਦੇ ਨਾਵਲ ‘ਬੰਦੂਕ ਤੋਂ ਕਲ਼ਮ’ ਤੱਕ ’ਤੇ ਸਾਹਿਤਕ ਚਰਚਾ
ਗੁਰਨਾਮ ਬਾਵਾ ਦੇ ਨਾਵਲ ਬੰਦੂਕ ਤੋਂ ਕਲ਼ਮ ਤੱਕ ‘ਤੇ ਸਾਹਿਤਕ ਚਰਚਾ
Publish Date: Tue, 17 Feb 2026 07:58 PM (IST)
Updated Date: Wed, 18 Feb 2026 04:13 AM (IST)

ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਕੌਮਾਂਤਰੀ ਮਾਂ-ਭਾਸ਼ਾ ਦਿਵਸ ਨੂੰ ਸਮਰਪਿਤ ਸ਼ਾਇਰਾਂ ਦੀ ਦੁਨੀਆਂ ਤੇ ਵਿਰਸਾ ਵਿਹਾਰ ਜਲੰਧਰ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ ਨੇ ਕੀਤੀ, ਜਦਕਿ ਪ੍ਰਮੁੱਖ ਸਹਿਭਾਗੀਆਂ ’ਚ ਪ੍ਰੋ. ਬਲਦੇਵ ਸਿੰਘ ਬੱਲੀ, ਨਵਤੇਜ ਸਿੰਘ ਗੜ੍ਹਦੀਵਾਲਾ ਤੇ ਕੇ ਸਾਧੂ ਸਿੰਘ ਸ਼ਾਮਲ ਸਨ। ਮੰਚ ਸੰਚਾਲਨ ਗ਼ਜ਼ਲਗੋ ਗੁਰਦੀਪ ਸਿੰਘ ਸੈਣੀ ਨੇ ਕੀਤਾ। ਸਮਾਗਮ ਦੀ ਸ਼ੁਰੂਆਤ ’ਚ ਹਾਲ ਹੀ ’ਚ ਪ੍ਰਣੀਤ ਨਾਮਵਰ ਸਾਹਿਤਕਾਰਾਂ ਦੀ ਯਾਦ ’ਚ ਦੋ ਮਿੰਟ ਦਾ ਮੌਨ ਰੱਖਿਆ ਗਿਆ। ਚਰਚਾ ਦੌਰਾਨ ਚਰਨਜੀਤ ਸਮਾਲਸਰ ਨੇ ਨਾਵਲ ਬੰਦੂਕ ਤੋਂ ਕਲ਼ਮ ਤੱਕ’ ’ਚ 1984 ਤੋਂ 1995-96 ਤੱਕ ਦੇ ਪੰਜਾਬ ਦੇ ਹਾਲਾਤਾਂ, ਸਰਕਾਰ ਤੇ ਪੁਲਿਸ ਦੇ ਵਰਤਾਰੇ, ਖਾੜਕੂ ਲਹਿਰ ਤੇ ਯਥਾਰਥਵਾਦੀ ਦ੍ਰਿਸ਼ਟੀ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਪ੍ਰੋ. ਬਲਦੇਵ ਸਿੰਘ ਬੱਲੀ ਨੇ ਨਾਵਲ ’ਚ ਮਨੁੱਖੀ ਸੋਚ ਤੇ ਪ੍ਰੇਮ ਦੀ ਮਹੱਤਤਾ ਨੂੰ ਉਜਾਗਰ ਕੀਤਾ, ਜਦਕਿ ਨਵਤੇਜ ਗੜ੍ਹਦੀਵਾਲਾ ਨੇ ਘਟਨਾਵਾਂ ਦੀ ਲੜੀ ਤੇ ਰਚਨਾਤਮਕ ਤਕਨੀਕ ਦੀ ਪ੍ਰਸ਼ੰਸਾ ਕੀਤੀ। ਪ੍ਰੋ. ਸੰਧੂ ਵਰਿਆਣਵੀ ਨੇ ਨਾਵਲ ਦੇ ਪਾਤਰਾਂ ਰਾਹੀਂ ਭਾਈਚਾਰਕ ਸਾਂਝ ਨੂੰ ਉੱਚ ਦਰਜੇ ’ਤੇ ਪੇਸ਼ ਕਰਨ ਲਈ ਗੁਰਨਾਮ ਬਾਵਾ ਦੀ ਸ਼ਲਾਘਾ ਕੀਤੀ। ਗੁਰਨਾਮ ਬਾਵਾ ਨੇ ਪ੍ਰਧਾਨਗੀ ਭਾਸ਼ਣ ’ਚ ਸਮਾਗਮ ਪ੍ਰਬੰਧਕਾਂ ਤੇ ਸਹਿਭਾਗੀਆਂ ਦਾ ਧੰਨਵਾਦ ਕੀਤਾ ਤੇ ਸਿਹਤਮੰਦ ਆਲੋਚਨਾ ਦਾ ਸੁਆਗਤ ਕਰਨ ਦਾ ਵਾਅਦਾ ਕੀਤਾ। ਸਮਾਗਮ ਦੌਰਾਨ ਲੋਹਮਣੀ ਮੈਗਜ਼ੀਨ (ਜਨਵਰੀ-ਮਾਰਚ 2026) ਤੇ ਹਿੰਦੀ ਪੁਸਤਕ ਪਿਆਰ ਕਾ ਬੰਧਨ ਦੀ ਵੀ ਲੋਕ ਅਰਪਣ ਕੀਤੀ ਗਈ। ਸਮਾਪਤੀ ਕਵੀ ਦਰਬਾਰ ’ਚ ਮੋਹਨ ਮਤਿਆਲਵੀ, ਜਿੰਗਾ ਸਿੰਘ, ਸੁਮਨ ਸ਼ਾਮਪੁਰੀ ਤੇ ਹੋਰ ਕਵੀ ਆਪਣੇ ਕਾਵਿ ਰਚਨਾਵਾਂ ਸੁਣਾਉਣਗੇ।