ਲਾਇਨਜ਼ ਕਲੱਬ ਵੱਲੋਂ 45ਵਾਂ ਮੁਫ਼ਤ ਅੱਖਾਂ ਦਾ ਆਪਰੇਸ਼ਨ ਕੈਂਪ ਸ਼ੁਰੂ
ਲਾਇਨਜ਼ ਕਲੱਬ ਵੱਲੋਂ 45ਵਾਂ ਮੁਫ਼ਤ ਅੱਖਾਂ ਦਾ ਆਪਰੇਸ਼ਨ ਕੈਂਪ ਸ਼ੁਰੂ
Publish Date: Sat, 14 Feb 2026 07:28 PM (IST)
Updated Date: Sat, 14 Feb 2026 07:30 PM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਲਾਇਨਜ਼ ਕਲੱਬ ਦੋਆਬਾ ਵੱਲੋਂ ਲਾਇਨਜ਼ ਆਈ ਹਸਪਤਾਲ ਚੈਰੀਟੇਬਲ ਸੁਸਾਇਟੀ ਦੀ ਦੇਖਰੇਖ ਹੇਠ ਤੇ ਲਾਇਨਜ਼ ਕਲੱਬ ਆਫ ਵੈਨਸਟੇਡ ਐਂਡ ਵੁਡਫੋਰਡ ਦੇ ਸਹਿਯੋਗ ਨਾਲ 45ਵਾਂ ਮੁਫ਼ਤ ਅੱਖਾਂ ਦਾ ਆਪਰੇਸ਼ਨ ਕੈਂਪ ਸ਼ੁਰੂ ਕੀਤਾ ਗਿਆ। ਹਸਪਤਾਲ ਦੇ ਚੇਅਰਮੈਨ ਦਸ਼ਵਿੰਦਰ ਚਾਂਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 1884 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ’ਚੋਂ 690 ਮਰੀਜ਼ਾਂ ਨੂੰ ਆਪਰੇਸ਼ਨ ਲਈ ਚੁਣਿਆ ਗਿਆ। ਸਭ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ। ਚੁਣੇ ਗਏ ਮਰੀਜ਼ਾਂ ਦੇ ਆਪਰੇਸ਼ਨ ਅਲਟਰਾ ਮਾਡਰਨ ਫੀਕੋ ਵਿਧੀ ਨਾਲ ਇਕ ਹਫ਼ਤੇ ਤੱਕ ਲਗਾਤਾਰ ਕੀਤੇ ਜਾਣਗੇ। ਹਸਪਤਾਲ ਵੱਲੋਂ ਮਰੀਜ਼ਾਂ ਦੇ ਰਹਿਣ-ਸਹਿਣ ਤੇ ਖਾਣ-ਪੀਣ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ 6 ਬੱਚਿਆਂ ਦੇ ਭੈਂਗਾਪਨ ਦੇ ਸਕੁਇੰਟ ਆਪਰੇਸ਼ਨ ਵੀ ਮੁਫ਼ਤ ਕੀਤੇ ਜਾਣਗੇ ਤੇ 12 ਜ਼ਰੂਰਤਮੰਦਾਂ ਨੂੰ ਮੁਫ਼ਤ ਟ੍ਰਾਈਸਾਈਕਲਾਂ ਵੀ ਵੰਡੀਆਂ ਗਈਆਂ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਵੈਨਸਟੇਡ ਐਂਡ ਵੁਡਫੋਰਡ ਕਲੱਬ ਦੇ ਪ੍ਰਧਾਨ ਬਲਜਿੰਦਰ ਕੌਰ, ਖਜਾਨਚੀ ਕੁਲਵੀਰ ਸਿੰਘ, ਸਾਬਕਾ ਪ੍ਰਧਾਨ ਕੁਲਦੀਪ ਸਿੰਘ ਝੀਤਾ ਸਮੇਤ ਹੋਰ ਮੈਂਬਰਾਂ ਨੇ ਕਿਹਾ ਕਿ ਇਹ ਆਦਮਪੁਰ ਕਲੱਬ ਨਾਲ ਉਨ੍ਹਾਂ ਦਾ ਲਗਾਤਾਰ ਅੱਠਵਾਂ ਕੈਂਪ ਹੈ। ਉਨ੍ਹਾਂ ਨੇ ਕਿਹਾ ਕਿ ਸੰਸਥਾ ਵੱਲੋਂ ਹਰ ਸਾਲ ਨਿਰੰਤਰ ਤੇ ਸਮਰਪਿਤ ਸੇਵਾ ਕੀਤੀ ਜਾ ਰਹੀ ਹੈ, ਜਿਸ ਨਾਲ ਉਹ ਪ੍ਰਭਾਵਿਤ ਹਨ ਤੇ ਅਗਾਂਹ ਵੀ ਇਹ ਸਾਂਝੀ ਸੇਵਾ ਜਾਰੀ ਰਹੇਗੀ। ਆਦਮਪੁਰ ਕਲੱਬ ਦੇ ਪ੍ਰਧਾਨ ਰਾਕੇਸ਼ ਚੋਢਾ ਨੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ। ਕੈਂਪ ਦੇ ਸ਼ੁਰੂਆਤੀ ਸਮਾਗਮ ਮੌਕੇ ਹਸਪਤਾਲ ਤੇ ਕਲੱਬ ਦੇ ਕਈ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।