ਸਿੱਖ ਕਤਲੇਆਮ ਦੇ ਪੀੜਤਾਂ ਵੱਲੋਂ ਸੰਤ ਸੀਚੇਵਾਲ ਨੂੰ ਮੰਗ ਪੱਤਰ
1984 ਹਰਿਆਣਾ ਸਿੱਖ ਕਤਲੇਆਮ ਦੇ ਪੀੜਤਾਂ ਵੱਲੋਂ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਮੰਗ ਪੱਤਰ
Publish Date: Wed, 04 Feb 2026 09:06 PM (IST)
Updated Date: Thu, 05 Feb 2026 04:14 AM (IST)

---ਦਿੱਲੀ ਸੰਸਦ ਭਵਨ ਵਿਖੇ ਪੀੜਤਾਂ ਦੀ ਆਵਾਜ਼ ਨੂੰ ਰਾਸ਼ਟਰੀ ਪੱਧਰ ’ਤੇ ਉਠਾਇਆ ਜਾਵੇ : ਦਰਸ਼ਨ ਸਿੰਘ ਘੋਲੀਆ ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : 1984 ਦੇ ਹਰਿਆਣਾ ਸਿੱਖ ਕਤਲੇਆਮ ਦੇ ਪੀੜਤਾਂ ਦੀ ਅਵਾਜ਼ ਨੂੰ ਰਾਸ਼ਟਰੀ ਪੱਧਰ ’ਤੇ ਉਭਾਰਨ ਦੇ ਉਦੇਸ਼ ਨਾਲ ਹੋਦ ਚਿੱਲੜ ਸਿੱਖ ਇਨਸਾਫ਼ ਕਮੇਟੀ 1984 ਹਰਿਆਣਾ ਦਾ ਇਕ ਵਫਦ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਘੋਲੀਆ ਦੀ ਅਗਵਾਈ ’ਚ ਦਿੱਲੀ ਸੰਸਦ ਭਵਨ ’ਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮਿਲਿਆ ਤੇ ਉਨ੍ਹਾਂ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ। ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਘੋਲੀਆ ਨੇ ਕਿਹਾ ਕਿ 42 ਸਾਲ ਬੀਤ ਜਾਣ ਦੇ ਬਾਵਜੂਦ ਵੀ ਹਰਿਆਣਾ ਸਿੱਖ ਕਤਲੇਆਮ ਦੇ ਪੀੜਤ ਅਜੇ ਤੱਕ ਨਿਆਂ ਤੇ ਇਨਸਾਫ਼ ਤੋਂ ਵਾਂਝੇ ਹਨ। ਉਨ੍ਹਾਂ ਦੱਸਿਆ ਕਿ ਕਈ ਪੀੜਤ ਅੱਜ ਵੀ ਉਸ ਸਮੇਂ ਆਪਣੀਆਂ ਅੱਖਾਂ ਸਾਹਮਣੇ ਹੋਏ ਘੋਰ ਕਤਲੇਆਮ ਤੇ ਜ਼ੁਲਮ ਨੂੰ ਯਾਦ ਕਰ ਕੇ ਗਹਿਰੇ ਸਦਮੇ ’ਚ ਜੀਵਨ ਬਿਤਾ ਰਹੇ ਹਨ ਤੇ ਗੁਰਬਤ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 2006 ’ਚ ਸੰਸਦ ਭਵਨ ’ਚ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਦੀ ਸਹਿਮਤੀ ਨਾਲ 1984 ਦੇ ਪੀੜਤ ਪਰਿਵਾਰਾਂ ਲਈ ਇਕ ਰਾਹਤ ਪੈਕੇਜ ਐਲਾਨ ਕੀਤਾ ਗਿਆ ਸੀ, ਜਿਸ ’ਚ ਸਰਕਾਰੀ ਨੌਕਰੀਆਂ, ਰਿਹਾਇਸ਼ੀ ਪਲਾਟ, ਪੈਨਸ਼ਨ, ਲੋਨ ਤੇ ਹੋਰ ਸਹੂਲਤਾਂ ਸ਼ਾਮਲ ਸਨ। ਇਹ ਪੈਕੇਜ ਪਾਸ ਹੋਣ ਦੇ ਬਾਵਜੂਦ ਵੀ ਕੇਂਦਰ ਤੇ ਸੂਬਾਈ ਸਰਕਾਰਾਂ ਵੱਲੋਂ ਅਮਲ ’ਚ ਨਹੀਂ ਲਿਆਂਦਾ ਗਿਆ। ਦਰਸ਼ਨ ਸਿੰਘ ਘੋਲੀਆ ਨੇ ਦੋਸ਼ ਲਗਾਇਆ ਕਿ ਹਰਿਆਣਾ ਦੀ ਨਾਇਬ ਸਿੰਘ ਸੈਣੀ ਸਰਕਾਰ ਵੱਲੋਂ ਵਾਅਦਾ ਕਰਕੇ ਪੀੜਤਾਂ ਨੂੰ ਪਰਾਈਵੇਟ ਨੌਕਰੀਆਂ ਦੇਣ ਦਾ ਕੰਮ ਪੀੜਤਾਂ ਨਾਲ ਸਰਾਸਰ ਧੋਖਾ ਅਤੇ ਕੋਝਾ ਮਜ਼ਾਕ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੀੜਤਾਂ ਦੀਆਂ ਗੱਲਾਂ ਧਿਆਨ ਨਾਲ ਸੁਣਨ ਉਪਰੰਤ ਉਨ੍ਹਾਂ ਨੂੰ ਪੂਰਾ ਭਰੋਸਾ ਦਿਵਾਇਆ ਕਿ ਉਹ ਪਹਿਲ ਦੇ ਆਧਾਰ ’ਤੇ ਪੀੜਤਾਂ ਦੀਆਂ ਮੰਗਾਂ ਤੇ ਆਵਾਜ਼ ਨੂੰ ਸੰਸਦ ’ਚ ਉਠਾਇਆ ਜਾਵੇਗਾ। ਉਨ੍ਹਾਂ ਨੇ ਹਰ ਤਰ੍ਹਾਂ ਦੀ ਮਦਦ ਕਰਨ ਤੇ 1984 ਦੇ ਪੀੜਤਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਕਰਨ ਦਾ ਵੀ ਐਲਾਨ ਕੀਤਾ। ਇਸ ਮੌਕੇ ਪੀੜਤਾਂ ’ਚ ਰਾਮ ਸਿੰਘ ਪਟਿਆਲਾ, ਗੁਰਜੀਤ ਸਿੰਘ ਪਟੌਦੀ, ਗੁਰਦੀਪ ਸਿੰਘ ਕੁਰੂਕਸ਼ੇਤਰ, ਗੁਰਪ੍ਰੀਤ ਸਿੰਘ ਸਾਹਨੀ ਗੁੜਗਾਉਂ, ਕੁਲਦੀਪ ਸਿੰਘ ਸਿਰਸਾ, ਓਮਪ੍ਰਕਾਸ਼ ਜਾਟੂਥਾਨਾ ਰੇਵਾੜੀ, ਹਰਭਜਨ ਸਿੰਘ ਹਨੂੰਮਾਨਗੜ੍ਹ, ਦਰਸ਼ਨ ਸਿੰਘ ਹੇਲੀ ਮੰਡੀ ਵੀ ਮੌਜੂਦ ਸਨ।