ਸੂਬੇ ’ਚ ਕਾਨੂੰਨ-ਵਿਵਸਥਾ ਢਹਿ-ਢੇਰੀ : ਸੰਘਾ
ਪੰਜਾਬ 'ਚ ਕਾਨੂੰਨ-ਵਿਵਸਥਾ ਢਹਿ ਗਈ - ਹਰਜਾਪ ਸਿੰਘ ਸੰਘਾ
Publish Date: Fri, 20 Feb 2026 07:32 PM (IST)
Updated Date: Fri, 20 Feb 2026 07:33 PM (IST)

-ਕਿਹਾ, ਹਰ ਰੋਜ਼ ਹੋ ਰਹੇ ਨੇ ਕਤਲ, ਕੋਈ ਵੀ ਸੁਰੱਖਿਅਤ ਨਹੀਂ ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਪੰਜਾਬ ’ਚ ਸੱਤਾਧਾਰੀ ਪਾਰਟੀ ਦੇ ਇਕ ਹੋਰ ਸਰਪੰਚ ਤੇ ਲੀਡਰ ਦੀ ਦਿਨ ਦਿਹਾੜੇ ਨਿਰਦਈ ਹੱਤਿਆ ਨੇ ਸੂਬੇ ਦੀ ਢਹਿੰਦੀ ਕਾਨੂੰਨ-ਵਿਵਸਥਾ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਸਬੰਧੀ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਤੋਂ ਦੇ ਹਲਕਾ ਜਲੰਧਰ ਕੈਂਟ ਦੇ ਇੰਚਾਰਜ ਤੇ ਜਨਰਲ ਸਕੱਤਰ ਹਰਜਾਪ ਸਿੰਘ ਸੰਘਾ ਨੇ ਕਿਹਾ ਕਿ ਪੰਜਾਬ ’ਚ ਹਰ ਰੋਜ਼ ਕਤਲ ਹੋ ਰਹੇ ਹਨ ਤੇ ਹਾਲਾਤ ਇਹ ਹਨ ਕਿ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਇਹ ਹਨ ਕਿ ਪੰਜਾਬ ਚ ਵਪਾਰੀ ਅਸੁਰੱਖਿਅਤ ਹਨ, ਮਜ਼ਦੂਰ ਅਸੁਰੱਖਿਅਤ ਹਨ, ਇੱਥੋਂ ਤੱਕ ਕਿ ਚੁਣੇ ਹੋਏ ਪੰਚ-ਸਰਪੰਚ ਤੇ ਸਿਆਸੀ ਆਗੂ ਵੀ ਅਸੁਰੱਖਿਅਤ ਹਨ। ਸੰਘਾ ਨੇ ਦੋਸ਼ ਲਗਾਇਆ ਕਿ ਜਦ ਸੱਤਾ ’ਚ ਬੈਠੇ ਲੋਕ ਆਪਣੇ ਹੀ ਪਾਰਟੀ ਦੇ ਨੁਮਾਇੰਦਿਆਂ ਦੀ ਰੱਖਿਆ ਨਹੀਂ ਕਰ ਸਕਦੇ ਤਾਂ ਪੰਜਾਬ ਦੀ ਆਮ ਜਨਤਾ ਦੀ ਜਾਨ ਦੀ ਕੀ ਗਾਰੰਟੀ ਹੈ। ਉਨ੍ਹਾਂ ਕਿਹਾ ਕਿ ਗਲਤ ਤੱਤਾਂ ਨੂੰ ਸਿਆਸੀ ਸਹਾਰਾ ਦਿੱਤਾ ਜਾਂਦਾ ਹੈ, ਜਦ ਤੱਕ ਉਨ੍ਹਾਂ ਦੀ ਲੋੜ ਹੁੰਦੀ ਹੈ, ਉਨ੍ਹਾਂ ਨੂੰ ਵਰਤਿਆ ਜਾਂਦਾ ਹੈ ਤੇ ਜਦ ਉਹ ਬੋਝ ਬਣ ਜਾਂਦੇ ਹਨ ਤਾਂ ਦਿਨ ਦਿਹਾੜੇ ਗੋਲੀਆਂ ਨਾਲ ਖਤਮ ਕਰ ਦਿੱਤਾ ਜਾਂਦਾ ਹੈ। ਹਰਜਾਪ ਸਿੰਘ ਸੰਘਾ ਨੇ ਇਹ ਵੀ ਕਿਹਾ ਕਿ ਦੂਜੇ ਪਾਸੇ ਜਲੰਧਰ ’ਚ ਸਿਵਲ ਹਸਪਤਾਲ ਵੱਲ ਜਾਣ ਵਾਲੀਆਂ ਮੁੱਖ ਸੜਕਾਂ ਨੂੰ ਬਿਨਾਂ ਕਿਸੇ ਵਾਜਬ ਕਾਰਨ ਦੇ ਭਾਰੀ ਪੁਲਿਸ ਤਾਇਨਾਤੀ ਨਾਲ ਬੈਰੀਕੇਡ ਕਰ ਦਿੱਤਾ ਗਿਆ, ਜਿਸ ਕਾਰਨ ਐਂਬੂਲੈਂਸਾਂ ਤੇ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਅਨੁਸਾਰ, ਜਿੱਥੇ ਸਰਕਾਰ ਨੂੰ ਲੋਕਾਂ ਦੀ ਜਾਨ ਬਚਾਉਣੀ ਚਾਹੀਦੀ ਹੈ, ਉੱਥੇ ਪ੍ਰਦਰਸ਼ਨੀ ਕਾਰਵਾਈ ਕਰਕੇ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਥਿਤ “ਪ੍ਰਹਾਰ” ਆਪ੍ਰੇਸ਼ਨ ਰਾਹੀਂ ਸਰਕਾਰ ਸਿਰਫ਼ ਲੋਕਾਂ ਦੀਆਂ ਅੱਖਾਂ ਚ ਘੱਟਾ ਪਾ ਰਹੀ ਹੈ। ਜੇ ਕਾਰਵਾਈ ਸੱਚਮੁੱਚ ਪ੍ਰਭਾਵਸ਼ਾਲੀ ਹੁੰਦੀ ਤਾਂ ਪੰਜਾਬ ’ਚ ਹਰ ਰੋਜ਼ ਗੋਲੀਆਂ ਦੀਆਂ ਆਵਾਜ਼ਾਂ ਨਾ ਗੂੰਜਦੀਆਂ। ਅੰਤ ’ਚ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਕਾਨੂੰਨ-ਵਿਵਸਥਾ ਦੀ ਸਥਿਤੀ ‘ਚ ਤੁਰੰਤ ਸੁਧਾਰ ਨਾ ਕੀਤਾ ਗਿਆ ਤਾਂ ਪੰਜਾਬ ’ਚ ਅਫਰਾਤਫਰੀ ਤੇ ਡਰ ਦਾ ਮਾਹੌਲ ਹੋਰ ਵੀ ਡੂੰਘਾ ਹੋਵੇਗਾ।