ਵਿਦੇਸ਼ ਤੋਂ ਪੰਜਾਬ ਤੱਕ ਹਥਿਆਰਾਂ ਦੀ ਸਪਲਾਈ ਦਾ ਵੱਡਾ ਨੈੱਟਵਰਕ, ਯੂਪੀ-ਐੱਮਪੀ ਕਨੈਕਸ਼ਨ ਵੀ ਆਇਆ ਸਾਹਮਣੇ
ਵਿਦੇਸ਼ ਤੋਂ ਪੰਜਾਬ ਤੱਕ ਹਥਿਆਰਾਂ ਦੀ ਸਪਲਾਈ ਦਾ ਵੱਡਾ ਨੈੱਟਵਰਕ, ਯੂਪੀ–ਐਮਪੀ ਕਨੈਕਸ਼ਨ ਵੀ ਆਇਆ ਸਾਹਮਣੇ
Publish Date: Sun, 05 Apr 2026 08:27 PM (IST)
Updated Date: Sun, 05 Apr 2026 08:28 PM (IST)

- ਜਲੰਧਰ ਪੁਲਿਸ ਦੀ ਕਾਰਵਾਈ ’ਚ ਕਿੰਗਪਿਨ ਗ੍ਰਿਫ਼ਤਾਰ, ਇੰਗਲੈਂਡ ਤੋਂ ਚੱਲ ਰਹੀ ਸੀ ਸਪਲਾਈ ਚੇਨ, ਕਈ ਸ਼ਹਿਰਾਂ ’ਚ ਫੈਲਿਆ ਨੈੱਟਵਰਕ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਹਾਲ ਹੀ ’ਚ ਗੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਮਾਮਲੇ ’ਚ ਹੋਈ ਇਕ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਪੁਲਿਸ ਨੇ ਇਕ ਵੱਡੇ ਅੰਤਰਰਾਜੀ ਤੇ ਅੰਤਰਰਾਸ਼ਟਰੀ ਨੈੱਟਵਰਕ ਦਾ ਭੰਡਾਫੋੜ ਕੀਤਾ ਹੈ। ਜਾਂਚ ’ਚ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਵਿਦੇਸ਼ ਤੋਂ ਚਲਾਈ ਜਾ ਰਹੀ ਸੀ, ਜਿਸ ’ਚ ਇੰਗਲੈਂਡ ’ਚ ਬੈਠੇ ਤਸਕਰ ਪੰਮਾ ਪਾਊਡਰ ਦਾ ਨਾਮ ਮੁੱਖ ਤੌਰ ’ਤੇ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਪੁਲਿਸ ਦੀ ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਇਹ ਨੈੱਟਵਰਕ ਸਿਰਫ਼ ਪੰਜਾਬ ਤੱਕ ਸੀਮਿਤ ਨਹੀਂ, ਸਗੋਂ ਇਸ ਦਾ ਫੈਲਾਅ ਲੁਧਿਆਣਾ, ਅੰਮ੍ਰਿਤਸਰ, ਫਿਰੋਜ਼ਪੁਰ ਤੇ ਜਲੰਧਰ ਸਮੇਤ ਕਈ ਜ਼ਿਲ੍ਹਿਆਂ ’ਚ ਹੈ। ਇਸ ਤੋਂ ਇਲਾਵਾ ਰਾਜਸਥਾਨ ਦੇ ਕੁਝ ਨੌਜਵਾਨਾਂ ਨੂੰ ਵੀ ਇਸ ਗੈਰਕਾਨੂੰਨੀ ਸਰਗਰਮੀ ’ਚ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਨੂੰ ਵਿਦੇਸ਼ ’ਚ ਵਸਾਉਣ ਜਾਂ ਮੋਟੀ ਰਕਮ ਦੇ ਲਾਲਚ ਦੇ ਕੇ ਹਥਿਆਰਾਂ ਦੀ ਸਪਲਾਈ ’ਚ ਲਾਇਆ ਗਿਆ। ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕਿੰਗਪਿਨ ਪਹਿਲਾਂ ਹੀ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਤੋਂ ਹਥਿਆਰ ਖ਼ਰੀਦ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਨਸ਼ਾ ਤਸਕਰਾਂ ਤੇ ਮੁਲਜ਼ਮਾਂ ਨੂੰ ਸਪਲਾਈ ਕਰ ਚੁੱਕਾ ਹੈ। ਪੁਲਿਸ ਨੇ ਹੁਣ ਤੱਕ ਲਗਭਗ 16 ਅਜਿਹੇ ਲੋਕਾਂ ਦੀ ਪਛਾਣ ਕੀਤੀ ਹੈ, ਜੋ ਇਸ ਨੈੱਟਵਰਕ ਦਾ ਹਿੱਸਾ ਸਨ ਤੇ ਅੱਗੇ ਹਥਿਆਰਾਂ ਦੀ ਡਲਿਵਰੀ ਕਰਦੇ ਸਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਮਾਮਲੇ ਦਰਜ ਕਰ ਕੇ ਜਲਦੀ ਗ੍ਰਿਫ਼ਤਾਰੀ ਦੀ ਤਿਆਰੀ ਕੀਤੀ ਜਾ ਰਹੀ ਹੈ। ----------------------- - ਵਿਦੇਸ਼ ’ਚ ਬੈਠੇ ਤਸਕਰ ਹਥਿਆਰਾਂ ਦੀ ਸਪਲਾਈ ਲਈ ਪੰਜਾਬ ਦੇ ਨੌਜਵਾਨਾਂ ਨਾਲ ਕਰ ਰਹੇ ਸਨ ਸਿੱਧਾ ਸੰਪਰਕ ਇਸ ਪੂਰੇ ਨੈੱਟਵਰਕ ਦੀ ਖਾਸ ਗੱਲ ਇਹ ਹੈ ਕਿ ਵਿਦੇਸ਼ ’ਚ ਬੈਠੇ ਤਸਕਰ ਹਥਿਆਰਾਂ ਦੀ ਸਪਲਾਈ ਲਈ ਸਿੱਧੇ ਪੰਜਾਬ ਦੇ ਨੌਜਵਾਨਾਂ ਨਾਲ ਸੰਪਰਕ ਕਰਦੇ ਸਨ ਤੇ ਉਨ੍ਹਾਂ ਦੇ ਜ਼ਰੀਏ ਹੀ ਹਥਿਆਰਾਂ ਦੀ ਸਪਲਾਈ ਕਰਵਾਈ ਜਾਂਦੀ ਸੀ। ਇਸ ਨਾਲ ਸਪੱਸ਼ਟ ਹੁੰਦਾ ਹੈ ਕਿ ਤਸਕਰੀ ਦਾ ਇਹ ਨੈੱਟਵਰਕ ਆਧੁਨਿਕ ਤਕਨੀਕਾਂ ਤੇ ਅੰਤਰਰਾਸ਼ਟਰੀ ਸੰਪਰਕਾਂ ਰਾਹੀਂ ਚਲਾਇਆ ਜਾ ਰਿਹਾ ਸੀ। ਪੰਜਾਬ ਦੇ ਬੇਰੁਜ਼ਗਾਰ ਜਾਂ ਅਪਰਾਧ ਵੱਲ ਵੱਧ ਰਹੇ ਨੌਜਵਾਨਾਂ ਨੂੰ ਲੱਭ ਕੇ ਉਨ੍ਹਾਂ ਨੂੰ ਵਿਦੇਸ਼ ਲਿਜਾਣ ਜਾਂ ਮੋਟੀ ਰਕਮ ਦਾ ਲਾਲਚ ਦੇ ਕੇ ਆਪਣੇ ਨਾਲ ਜੋੜਿਆ ਜਾ ਰਿਹਾ ਸੀ। ---------------------------- - ਸੂਰਜ ਨੇ ਕਿਹਾ, ਦੀਪੂ ਦੇ ਜ਼ਰੀਏ ਕਰਵਾਈ ਸੀ ਕਈ ਥਾਵਾਂ ’ਤੇ ਸਪਲਾਈ ਜਲੰਧਰ ਦਿਹਾਤੀ ਪੁਲਿਸ ਨੇ ਗੈਰਕਾਨੂੰਨੀ ਹਥਿਆਰ ਤਸਕਰੀ ਗਿਰੋਹ ਦਾ ਭੰਡਾਫੋੜ ਕਰਦੇ ਹੋਏ ਮੁੱਖ ਮੁਲਜ਼ਮ ਸੂਰਜ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਦੇ ਕਬਜ਼ੇ ਤੋਂ 5 ਪਿਸਤੌਲ ਤੇ 4 ਕਾਰਤੂਸ ਬਰਾਮਦ ਕੀਤੇ ਗਏ ਸਨ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਦੀ ਸੂਚਨਾ ’ਤੇ ਏਐੱਸਆਈ ਰਾਜਬੀਰ ਸਿੰਘ ਦੀ ਟੀਮ ਨੇ 3 ਅਪ੍ਰੈਲ 2026 ਨੂੰ ਪਤਾਰਾ ਇਲਾਕੇ ’ਚ ਨਾਕਾ ਲਾਇਆ ਸੀ। ਇਸ ਦੌਰਾਨ ਇਕ ਬਿਨਾਂ ਨੰਬਰ ਪਲੇਟ ਵਾਲੀ ਮੋਟਰਸਾਈਕਲ ’ਤੇ ਸਵਾਰ ਨੌਜਵਾਨ ਪੁਲਿਸ ਨੂੰ ਦੇਖ ਕੇ ਵਾਪਸ ਮੁੜਣ ਲੱਗਾ, ਜਿਸ ਨਾਲ ਸ਼ੱਕ ਹੋਣ ’ਤੇ ਉਸ ਨੂੰ ਤੁਰੰਤ ਕਾਬੂ ਕਰ ਲਿਆ ਗਿਆ। ਮੁਲਜ਼ਮ ਸੂਰਜ ਕੁਮਾਰ ਉਰਫ਼ ਲਾਡੀ ਵਾਸੀ ਪਿੰਡ ਸ਼ੇਖੇਵਾਲ (ਥਾਣਾ ਸ਼ਾਹਕੋਟ) ਆਪਣੇ ਫ਼ਰਾਰ ਸਾਥੀ ਦਵਿੰਦਰਪਾਲ ਸਿੰਘ ਉਰਫ਼ ਦੀਪੂ ਤੇ ਹੋਰ ਸਾਥੀਆਂ ਨਾਲ ਮਿਲ ਕੇ ਉੱਤਰ ਪ੍ਰਦੇਸ਼ ਦੇ ਮਥੁਰਾ ਖੇਤਰ ਤੋਂ ਸਸਤੇ ਭਾਅ ’ਤੇ ਹਥਿਆਰ ਖ਼ਰੀਦਦਾ ਸੀ ਤੇ ਫਿਰ ਉਨ੍ਹਾਂ ਨੂੰ ਜਲੰਧਰ ਤੇ ਆਸ-ਪਾਸ ਦੇ ਇਲਾਕਿਆਂ ’ਚ ਸਪਲਾਈ ਕਰਦਾ ਸੀ। ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਸੂਰਜ ਨੇ ਦੀਪੂ ਦੇ ਜ਼ਰੀਏ ਵੀ ਕਈ ਥਾਵਾਂ ’ਤੇ ਹਥਿਆਰਾਂ ਦੀ ਸਪਲਾਈ ਕਰਵਾਈ ਸੀ। ਇਸ ਲਈ ਹੁਣ ਦੀਪੂ ਦੀ ਭਾਲ ’ਚ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਫਿਲਹਾਲ ਪੁਲਿਸ ਇਸ ਪੂਰੇ ਨੈੱਟਵਰਕ ਦੀ ਜਾਂਚ ਕਰ ਰਹੀ ਹੈ ਤੇ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਇਸ ਸਪਲਾਈ ਚੇਨ ’ਚ ਹੋਰ ਕੌਣ-ਕੌਣ ਸ਼ਾਮਲ ਹੈ। ਆਉਣ ਵਾਲੇ ਦਿਨਾਂ ’ਚ ਇਸ ਮਾਮਲੇ ’ਚ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।