ਪਾਵਰਕਾਮ ਨੂੰ ਦਿੱਤੀ ਕਰੋੜਾਂ ਰੁਪਏ ਦੀ ਜ਼ਮੀਨ ਪਰ ਸਹੂਲਤਾਂ ਸਿਫ਼ਰ
ਪਾਵਰਕਾਮ ਨੂੰ ਦਿੱਤੀ ਕਰੋੜਾਂ ਰੁਪਏ ਦੀ ਜ਼ਮੀਨ , ਸਹੂਲਤਾਂ ਸਿਫ਼ਰ..... ਪਿੰਡ ਵਾਸੀ
Publish Date: Tue, 21 Apr 2026 07:29 PM (IST)
Updated Date: Tue, 21 Apr 2026 07:34 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖਾਸ : ਲੋਹੀਆਂ-ਮਲਸੀਆਂ ਰਾਸ਼ਟਰੀ ਮਾਰਗ ’ਤੇ ਸਥਿਤ ਪਿੰਡ ਰੂਪੇ ਵਾਲ ਦੀ ਸਮੁੱਚੀ ਪੰਚਾਇਤ ਤੇ ਪਿੰਡ ਦੇ ਪਤਵੰਤਿਆਂ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੂਪੇ ਵਾਲ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਬਿਜਲੀ ਸਪਲਾਈ ਸਬੰਧੀ ਗੰਭੀਰ ਮਸਲੇ ਉਠਾਏ ਗਏ। ਪੰਚਾਇਤ ਨੇ ਦੱਸਿਆ ਕਿ ਪੰਜਾਬ ਰਾਜ ਬਿਜਲੀ ਬੋਰਡ ਦੇ ਅਧਿਕਾਰੀਆਂ ਦੇ ਭਰੋਸੇ ’ਤੇ 5 ਸਤੰਬਰ 1991 ਨੂੰ ਉਸ ਵੇਲੇ ਦੇ ਸਰਪੰਚ ਰਤਨ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਤਿੰਨ ਏਕੜ ਜ਼ਮੀਨ ਗ੍ਰਿੱਡ ਸਬ ਸਟੇਸ਼ਨ ਲਈ ਦੇਣ ਦਾ ਫੈਸਲਾ ਕੀਤਾ ਸੀ। ਇਸ ਤੋਂ ਬਾਅਦ 3 ਮਾਰਚ 1996 ਨੂੰ ਵੀ ਗ੍ਰਿੱਡ ਬਣਾਉਣ ਲਈ ਮਤਾ ਪਾਸ ਕੀਤਾ ਗਿਆ। ਪੰਚਾਇਤ ਮੁਤਾਬਕ ਮੀਮੋ ਨੰਬਰ 1423 ਮਿਤੀ ਪਹਿਲੀ ਅਗਸਤ 1996 ਅਤੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਦੇ ਪਿੱਠ ਅੰਕਣ ਦੇ ਆਧਾਰ ’ਤੇ ਪਿੰਡ ਰੂਪੇ ਵਾਲ ਵਿਖੇ 66 ਕੇਵੀ ਸਬ ਸਟੇਸ਼ਨ ਬਣਾਉਣ ਦੀ ਤਜਵੀਜ਼ ਮਨਜ਼ੂਰ ਕੀਤੀ ਗਈ ਸੀ।
ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਮੰਗ ਕੀਤੀ ਸੀ ਕਿ ਪਿੰਡ ਦੀਆਂ ਸਾਰੀਆਂ ਮੋਟਰਾਂ ਅਤੇ ਘਰੇਲੂ ਕੁਨੈਕਸ਼ਨਾਂ ਨੂੰ ਇਸ ਗ੍ਰਿੱਡ ਨਾਲ ਜੋੜ ਕੇ ਸ਼ਹਿਰੀ ਫੀਡਰਾਂ ਵਾਂਗ ਲਗਾਤਾਰ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਪੰਚਾਇਤ ਨੇ ਦੱਸਿਆ ਕਿ ਜ਼ਮੀਨ ਦੇਣ ਦੇ ਬਾਵਜੂਦ ਅਜੇ ਤੱਕ ਪਿੰਡ ਨੂੰ ਵਾਅਦੇ ਅਨੁਸਾਰ ਬਿਜਲੀ ਸਪਲਾਈ ਨਹੀਂ ਮਿਲ ਰਹੀ, ਜਦਕਿ ਇਸੇ ਗ੍ਰਿੱਡ ਤੋਂ ਪਿੰਡ ਸੀਚੇਵਾਲ ਨੂੰ ਸ਼ਹਿਰੀ ਫੀਡਰਾਂ ਵਾਂਗ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਬਿਜਲੀ ਬੋਰਡ ਦੇ ਅਧਿਕਾਰੀ ਐਸਟੀਮੇਟ ਇਸ ਤਰ੍ਹਾਂ ਤਿਆਰ ਕਰਦੇ ਰਹੇ ਹਨ ਕਿ ਪਿੰਡ ਵਾਸੀਆਂ ਲਈ ਮਨਜ਼ੂਰ ਕਰਨਾ ਮੁਸ਼ਕਲ ਬਣ ਜਾਂਦਾ ਹੈ ਅਤੇ ਫਿਰ ਲੋਕਾਂ ਦੇ ਵਿਰੋਧ ਨੂੰ ਬਹਾਨਾ ਬਣਾਕੇ ਮਾਮਲਾ ਟਾਲ ਦਿੱਤਾ ਜਾਂਦਾ ਹੈ।
ਇਸ ਮਾਮਲੇ ਸਬੰਧੀ ਕਾਰਜਕਾਰੀ ਇੰਜੀਨੀਅਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦਾ ਮੋਬਾਈਲ ਨੰ. 96461-16069 ਬੰਦ ਆ ਰਿਹਾ ਸੀ। ਇਸ ਮੌਕੇ ਬਲਜੀਤ ਸਿੰਘ ਸਰਪੰਚ, ਜਸਵੰਤ ਸਿੰਘ ਪੰਚ, ਜਗਤਾਰ ਸਿੰਘ, ਕੇਵਲ ਸਿੰਘ (ਸਾਬਕਾ ਚੇਅਰਮੈਨ ਕੋਆਪ੍ਰੇਟਿਵ ਬੈਂਕ), ਬਲਵਿੰਦਰ ਸਿੰਘ (ਸਾਬਕਾ ਏਐੱਸਆਈ), ਪਰਵਿੰਦਰ ਸਿੰਘ ਪੰਚ, ਰਾਜਬੀਰ ਸਿੰਘ, ਹਰਮਨਪ੍ਰੀਤ ਸਿੰਘ, ਅਭੈਪ੍ਰੀਤ ਸਿੰਘ, ਮਨਜੀਤ ਸਿੰਘ ਮਠਾੜੂ ਪੰਚ ਤੇ ਮਨਜੀਤ ਸਿੰਘ ਮਰੋਕ ਸਮੇਤ ਹੋਰ ਪਿੰਡ ਵਾਸੀ ਮੌਜੂਦ ਸਨ।