ਲਹਿੰਬਰ ਹੁਸੈਨਪੁਰੀ ਤੇ ਮਿੰਟੂ ਹੇਅਰ ਨੇ ਬੰਨ੍ਹਿਆ ਖੂਬ ਰੰਗ
ਸੱਭਿਆਚਾਰਕ ਮੇਲੇ ਦੌਰਾਨ ਲੈਂਬਰ ਹੁਸੈਨਪੁਰੀ ਤੇ ਮਿੰਟੂ ਹੇਅਰ ਨੇ ਬੰਨਿਆ ਖੂਬ ਰੰਗ
Publish Date: Thu, 05 Mar 2026 06:32 PM (IST)
Updated Date: Thu, 05 Mar 2026 06:35 PM (IST)
-ਚੌਕੀਆਂ ਦਾ ਮੇਲਾ ਸ਼ਰਧਾ ਪੂਰਵਕ ਮਨਾਇਆ
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਨਜ਼ਦੀਕੀ ਪਿੰਡ ਗਿੱਲ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਨਗਰ ਵਾਸੀਆਂ, ਨਗਰ ਪੰਚਾਇਤ ਤੇ ਐੱਨਆਰਆਈ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸਾਈ ਬੱਗੋ ਸ਼ਾਹ ਦੀ ਰਹਿਨੁਮਾਈ ਹੇਠ ਬਾਬਾ ਸ਼ਾਹ ਮੇਘਣਾ ਦੇ ਦਰਬਾਰ ’ਤੇ ਲੱਖ ਦਾਤਾ ਲਾਲਾਂ ਵਾਲੇ ਪੀਰ ਦੀ ਯਾਦ ਨੂੰ ਸਮਰਪਿਤ ਚੌਕੀਆਂ ਦੇ ਸਾਲਾਨਾ ਜੋੜ ਮੇਲੇ ਮੌਕੇ ਸੱਭਿਆਚਾਰਕ ਮੇਲਾ ਸਫਲਤਾ ਪੂਰਵਕ ਕਰਵਾਇਆ। ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਸੱਭਿਆਚਾਰਕ ਮੇਲੇ ਦੌਰਾਨ ਗਾਇਕਾਂ ਨੇ ਖੂਬ ਰੰਗ ਬੰਨ੍ਹਿਆ। ਮੇਲੇ ਦਾ ਆਗਾਜ਼ ਪ੍ਰਸਿੱਧ ਗਾਇਕ ਤੇ ਗੀਤਕਾਰ ਮਿੰਟੂ ਹੇਅਰ ਨੇ ਆਪਣੇ ਮਕਬੂਲ ਗੀਤਾਂ ਨਾਲ ਕਰਦਿਆਂ ਦਰਸ਼ਕਾਂ ਦੀ ਵਾਹੋ-ਵਾਹੀ ਖੱਟੀ। ਇਸ ਉਪਰੰਤ ਪਰਵੇਜ਼ ਆਲਮ, ਅਰਸ਼ ਕੌਰ ਤੇ ਪ੍ਰਸਿੱਧ ਗਾਇਕ ਲੈਂਬਰ ਹਸੈਨਪੁਰੀ ਨੇ ਆਪਣੇ ਫਨ ਦਾ ਮੁਜ਼ਾਹਰਾ ਕਰਦਿਆਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਲਹਿੰਬਰ ਹੁਸੈਨਪੁਰੀ ਨੇ ਦਸ਼ਮੇਸ਼ ਪਿਤਾ ਦੀ ਵਾਰ ਧਰਤੀ ਪਟਨੇ ਦੀ ਨਾਲ ਸਟੇਜ ਦਾ ਆਰੰਭ ਕੀਤਾ। ਉਪਰੰਤ ਯਾਰ ਨਹੀਂ ਮਿਲਦੇ ਮੁੱਲ ਸੱਜਣੋ, ਮੇਲੇ ਲੱਗਦੇ ਰਹਿਣਗੇ, ਸਾਡਾ ਕਾਹਦਾ ਮੇਲਾ ਜਿੱਥੇ ਤੂੰ ਨਹੀਂ ਸੋਹਣਿਆ ਆਦਿ ਮਕਬੂਲ ਗੀਤਾਂ ਨਾਲ ਖੂਬ ਰੰਗ ਬੰਨ੍ਹਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਪੁੱਜੇ ਐਂਕਰ ਤੇ ਸ਼ਾਇਰੀ ਦੇ ਬਾਦਸ਼ਾਹ ਰਾਹੁਲ ਲਹਿਰੀ ਨੇ ਸ਼ਾਇਰੀ ਅੰਦਾਜ਼ ’ਚ ਬਾਖੂਬੀ ਸਟੇਜ ਦਾ ਸੰਚਾਲਨ ਕੀਤਾ। ਐਂਕਰ ਕੁਲਦੀਪ ਕੋਟਲਾ ਨੇ ਕੁਮੈਂਟਰੀ ਰਾਹੀਂ ਪੂਰੇ ਮੇਲੇ ਨੂੰ ਦਿਲਚਸਪ ਬਣਾਈ ਰੱਖਿਆ। ਇਹ ਸੱਭਿਆਚਾਰਕ ਮੇਲਾ ਐੱਨਆਰਆਈ ਹਰਦੇਵ ਸਿੰਘ ਆਸਟ੍ਰੇਲੀਆ, ਲਸ਼ਕਰ ਸਿੰਘ ਯੂਐੱਸਏ, ਗੁਰਵਿੰਦਰ ਸਿੰਘ ਆਸਟਰੇਲੀਆ, ਸ਼ਿੰਗਾਰਾ ਸਿੰਘ ਯੂਐੱਸਏ ਤੇ ਹੋਰ ਐੱਨਆਰਆਈ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਰਾਜਾ ਗਿੱਲ, ਬਲਜੀਤ ਸਿੰਘ ਸੰਘਾ, ਵਿੱਕੀ ਜੱਸਲ, ਮਿੰਟੂ ਹੇਅਰ ਤੇ ਸ਼ਿੰਦੀ ਦੀ ਅਗਵਾਈ ਹੇਠ ਅਮਿਟ ਯਾਦਾਂ ਨਾਲ ਸਮਾਪਤ ਹੋਇਆ। ਇਸ ਮੌਕੇ ਸਰਪੰਚ ਦਲਜੀਤ ਕੌਰ, ਨੰਬਰਦਾਰ ਅਮਰਜੀਤ ਸਿੰਘ, ਜਸਵਿੰਦਰ ਕੌਰ ਪੰਚ, ਰਾਜਾ ਗਿੱਲ, ਵਿੱਕੀ ਜੱਸਲ, ਸਰਬਣ ਸਿੰਘ ਗਿੱਲ, ਜਸਵੰਤ ਸਿੰਘ, ਗੁਰਦੇਵ ਸਿੰਘ, ਜਗਤਾਰ ਗਿੱਲ, ਸੁਰਜੀਤ ਸਿੰਘ ਕਲੇਰ, ਭਿੰਦਾ ਲੰਬੜ, ਮੰਗਲ ਸਿੰਘ ਪਟਵਾਰੀ, ਰਾਣਾ ਤੋਂ ਇਲਾਵਾ ਭਾਰੀ ਗਿਣਤੀ ’ਚ ਨਗਰ ਵਾਸੀਆਂ ਨੇ ਹਾਜ਼ਰੀਆਂ ਭਰੀਆਂ। ਬਲਜੀਤ ਸਿੰਘ ਸੰਘਾ ਵੱਲੋਂ ਸਹਿਯੋਗੀ ਸੱਜਣਾਂ ਤੇ ਖਾਸ ਕਰਕੇ ਐੱਨਆਰਆਈ ਵੀਰਾਂ ਦਾ ਧੰਨਵਾਦ ਕੀਤਾ ਗਿਆ। ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗੀ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।