ਲੱਧੇਵਾਲੀ ਫਲਾਈਓਵਰ ਦਾ ਗਾਰਡਰ ਟੁੱਟਿਆ, ਪ੍ਰਸ਼ਾਸਨ ਬੇਖ਼ਬਰ : ਬੇਰੀ
ਲੱਧੇਵਾਲੀ ਫਲਾਈਓਵਰ ਦਾ ਗਾਰਡਰ ਟੁੱਟਿਆ, ਪ੍ਰਸ਼ਾਸਨ ਬੇਖ਼ਬਰ: ਰਜਿੰਦਰ ਬੇਰੀ
Publish Date: Thu, 05 Mar 2026 08:22 PM (IST)
Updated Date: Thu, 05 Mar 2026 08:23 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ: ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਲੱਧੇਵਾਲੀ ਫਲਾਈਓਵਰ ਦੀ ਖ਼ਰਾਬ ਹਾਲਤ ’ਤੇ ਚਿੰਤਾ ਪ੍ਰਗਟਾਉਂਦਿਆਂ ਪ੍ਰਸ਼ਾਸਨ ਨੂੰ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਰਜਿੰਦਰ ਬੇਰੀ ਨੇ ਕਿਹਾ ਕਿ ਚੁਗਿੱਟੀ ਵਾਲੇ ਪਾਸੇ ਤੋਂ ਜਦੋਂ ਲੋਕ ਲੱਧੇਵਾਲੀ ਫਲਾਈਓਵਰ ’ਤੇ ਚੜ੍ਹਦੇ ਹਨ ਤਾਂ ਉੱਥੇ ਲੱਗਾ ਗਾਰਡਰ ਅੱਧਾ ਟੁੱਟ ਚੁੱਕਿਆ ਹੈ। ਇਸ ਦੇ ਬਾਵਜੂਦ ਪ੍ਰਸ਼ਾਸਨ ਇਸ ਮਸਲੇ ਵੱਲ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਜੇ ਬਾਕੀ ਬਚਿਆ ਗਾਰਡਰ ਵੀ ਹੇਠਾਂ ਡਿੱਗ ਗਿਆ ਤਾਂ ਕਿਸੇ ਵੀ ਵੇਲੇ ਵੱਡਾ ਹਾਦਸਾ ਹੋ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਾ ਤਾਂ ਨਗਰ ਨਿਗਮ ਤੇ ਨਾ ਹੀ ਪੀਡਬਲਯੂਡੀ ਵਿਭਾਗ ਇਸ ਫਲਾਈਓਵਰ ਦੀ ਹਾਲਤ ਵੱਲ ਧਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਿਸੇ ਵੀ ਆਗੂ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਬੇਰੀ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਇਸ ਮਾਮਲੇ ’ਚ ਤੁਰੰਤ ਕਾਰਵਾਈ ਕਰਕੇ ਫਲਾਈਓਵਰ ਦੀ ਮੁਰੰਮਤ ਕਰਵਾਈ ਜਾਵੇ। ਉਨ੍ਹਾਂ ਇਹ ਵੀ ਯਾਦ ਦਿਵਾਇਆ ਕਿ ਇਸ ਤੋਂ ਪਹਿਲਾਂ ਵੀ ਫਲਾਈਓਵਰ ’ਤੇ ਲਾਈਟਾਂ ਨਾ ਹੋਣ ਕਾਰਨ ਆਲੇ-ਦੁਆਲੇ ਦੀਆਂ ਕਾਲੋਨੀਆਂ ਦੇ ਵਸਨੀਕਾਂ ਨੂੰ ਮੋਮਬੱਤੀਆਂ ਬਾਲ ਕੇ ਪ੍ਰਦਰਸ਼ਨ ਕਰਨਾ ਪਿਆ ਸੀ। ਉਸ ਤੋਂ ਬਾਅਦ ਹੀ ਉੱਥੇ ਲਾਈਟਾਂ ਲਾਈਆਂ ਗਈਆਂ ਸਨ।