-ਇੰਟਰਲਾਕਿੰਗ ਟਾਈਲਾਂ ਦੇ ਕਈ

-ਇੰਟਰਲਾਕਿੰਗ ਟਾਈਲਾਂ ਦੇ ਕਈ ਕੰਮਾਂ ਨੂੰ ਲੈ ਕੇ ਮਿਲ ਰਹੀਆਂ ਨੇ ਸ਼ਿਕਾਇਤਾਂ
ਜਾਸ, ਜਲੰਧਰ : ਨਗਰ ਨਿਗਮ ਦੇ ਵਿਕਾਸ ਕਾਰਜਾਂ ਦੀ ਜਾਂਚ ਲਈ ਥਰਡ ਪਾਰਟੀ ਇੰਸਪੈਕਸ਼ਨ ਨਾ ਹੋਣ ਕਾਰਨ ਵਿਕਾਸ ਕਾਰਜਾਂ ’ਤੇ ਸਵਾਲ ਉੱਠ ਲੱਗੇ ਹਨ। ਲਗਪਗ 6 ਮਹੀਨਿਆਂ ਤੋਂ ਥਰਡ ਪਾਰਟੀ ਇੰਸਪੈਕਸ਼ਨ ਕੰਪਨੀ ਦੀ ਨਿਯੁਕਤੀ ਨਹੀਂ ਹੋਈ, ਜਿਸ ਕਾਰਨ ਵਿਕਾਸ ਕਾਰਜਾਂ ਦੀ ਜਾਂਚ ਨਹੀਂ ਹੋ ਰਹੀ। ਇਸ ਨਾਲ ਸ਼ਹਿਰ ਦੇ ਕਈ ਇਲਾਕਿਆਂ ’ਚ ਚੱਲ ਰਹੇ ਵਿਕਾਸ ਕਾਰਜਾਂ ਦੀ ਗੁਣਵੱਤਾ ਖਰਾਬ ਹੋ ਰਹੀ ਹੈ। ਇਸ ਸਬੰਧੀ ਲੋਕਾਂ ਦੀਆਂ ਸ਼ਿਕਾਇਤਾਂ ਵੀ ਨਿਗਮ ਕੋਲ ਪੁੱਜ ਰਹੀਆਂ ਹਨ। ਕਈ ਥਾਵਾਂ 'ਤੇ ਇੰਟਰਲਾਕਿੰਗ ਟਾਈਲਾਂ ਦੇ ਹੇਠਾਂ ਪੱਥਰ ਦਾ ਬੇਸ ਨਹੀਂ ਬਣਾਇਆ ਗਿਆ, ਜਿਸ ਕਾਰਨ ਟਾਈਲਾਂ ਧੱਸ ਰਹੀਆਂ ਹਨ।
ਨਗਰ ਨਿਗਮ ਦੇ ਵਿਕਾਸ ਕਾਰਜਾਂ ਦੀ ਜਾਂਚ ਲਈ ਥਰਡ ਪਾਰਟੀ ਇੰਸਪੈਕਸ਼ਨ ਲਈ ਕੰਪਨੀ ਦੀ ਨਿਯੁਕਤੀ ਹਮੇਸ਼ਾ ਰਹੀ ਹੈ ਪਰ ਇਸ ਵਾਰ ਕੰਪਨੀ ਨਾਲ ਸਮਝੌਤਾ ਖਤਮ ਹੋਣ ਮਗਰੋਂ ਨਵੀਂ ਕੰਪਨੀ ਨੂੰ ਜ਼ਿੰਮੇਵਾਰੀ ਨਹੀਂ ਦਿੱਤੀ ਗਈ। ਇਸ ਕਰ ਕੇ ਪਿਛਲੇ 6 ਮਹੀਨਿਆਂ ਤੋਂ ਵਿਕਾਸ ਕਾਰਜਾਂ ਦੀ ਗੁਣਵੱਤਾ ਦੀ ਜਾਂਚ ਨਹੀਂ ਹੋ ਸਕੀ। ਸ਼ਹਿਰ ’ਚ ਕਈ ਥਾਵਾਂ ’ਤੇ ਇੰਟਰਲਾਕਿੰਗ ਟਾਈਲਾਂ ਦਾ ਕੰਮ ਚੱਲ ਰਿਹਾ ਹੈ। ਫੁੱਟਪਾਥ ਬਣਾਏ ਜਾ ਰਹੇ ਹਨ ਤੇ ਕਈ ਥਾਵਾਂ ’ਤੇ ਸੜਕਾਂ ’ਤੇ ਵੀ ਇੰਟਰਲਾਕਿੰਗ ਟਾਈਲਾਂ ਲਾਈਆਂ ਜਾ ਰਹੀਆਂ ਹਨ। ਇਸ ’ਚ ਇਹ ਚਰਚਾ ਹੈ ਕਿ ਇੰਟਰਲਾਕਿੰਗ ਟਾਈਲਾਂ ਦਾ ਬੇਸ ਮਜ਼ਬੂਤ ਨਹੀਂ ਹੈ ਤੇ ਇੱਥੇ ਟਾਈਲਾਂ ਲਗਾਉਣ ਤੋਂ ਪਹਿਲਾਂ ਪੱਥਰ ਦਾ ਬੇਸ ਨਹੀਂ ਬਣਾਇਆ ਗਿਆ। ਇਸ ਕਾਰਨ ਕਈ ਥਾਵਾਂ 'ਤੇ ਫੁੱਟਪਾਥ ਤੇ ਸੜਕ ਧੱਸ ਰਹੀਆਂ ਹਨ। ਟਾਈਲਾਂ ਦੇ ਹੇਠਾਂ ਸੀਮੈਂਟ ਤੇ ਰੇਤਾ ਦੀ ਪਰਤ ਨੂੰ ‘ਗਟਕਾ’ ਕਹਿੰਦੇ ਹਨ ਤੇ ਜੇ ਉਨ੍ਹਾਂ ਦੇ ਕੰਮ ਦੀ ਜਾਂਚ ਕੀਤੀ ਜਾਵੇ ਤਾਂ ਜਾਣਕਾਰੀ ਮਿਲ ਸਕਦੀ ਹੈ ਕਿ ਪੁਰਾਣੇ ਗਟਕੇ ’ਤੇ ਇੰਟਰਲਾਕਿੰਗ ਟਾਈਲਾਂ ਲਗਾਈਆਂ ਗਈਆਂ ਹਨ ਜਾਂ ਨਵਾਂ ਗਟਕਾ ਲਾਇਆ ਗਿਆ ਹੈ। ਜੇ ਪੁਰਾਣੇ ਗਟਕੇ ’ਤੇ ਟਾਈਲਾਂ ਲਾਈਆਂ ਜਾਂਦੀਆਂ ਹਨ ਤਾਂ ਉਸ ਦੀ ਨੀਂਹ ਮਜ਼ਬੂਤ ਨਹੀਂ ਰਹਿੰਦੀ ਤੇ ਉਹ ਟੁੱਟ ਜਾਂਦੀਆਂ ਹਨ। ਵਿਕਾਸ ਕਾਰਜਾਂ ਦੀ ਜਾਂਚ ’ਚ ਅਜਿਹੀਆਂ ਖਾਮੀਆਂ ਥਰਡ ਪਾਰਟੀ ਇੰਸਪੈਕਸ਼ਨ ਕੰਪਨੀ ਹੀ ਸਾਹਮਣੇ ਲਿਆਉਂਦੀ ਹੈ।
ਸ਼ਹਿਰ ’ਚ ਕਈ ਥਾਵਾਂ ’ਤੇ ਪੁਰਾਣੀਆਂ ਇੰਟਰਲਾਕਿੰਗ ਟਾਈਲਾਂ ਨੂੰ ਉਖਾੜ ਕੇ ਫੁੱਟਪਾਥ ’ਤੇ ਨਵੀਆਂ ਟਾਈਲਾਂ ਲਗਾਈਆਂ ਜਾ ਰਹੀਆਂ ਹਨ ਪਰ ਜੇ ਇਨ੍ਹਾਂ ਫੁੱਟਪਾਥਾਂ ’ਤੇ ਗਟਕਾ ਨਹੀਂ ਹੈ ਤਾਂ ਇਸ ਤਰ੍ਹਾਂ ਦੇ ਕੰਮ ’ਚ ਜੇ ਪੁਰਾਣੀਆਂ ਟਾਈਲਾਂ ਲਗਾਈਆਂ ਜਾਂਦੀਆਂ ਹਨ ਤਾਂ 4 ਰੁਪਏ ਪ੍ਰਤੀ ਟਾਈਲ ਕੱਟ ਲਿਆ ਜਾਂਦਾ ਹੈ। ਪੋਸਟ ਆਫਿਸ ਦੇ ਬਾਹਰ ਵੀ ਕੁਝ ਮਹੀਨਿਆਂ ’ਚ ਕਈ ਥਾਵਾਂ ਤੋਂ ਫੁੱਟਪਾਥ ’ਤੇ ਲੱਗੀਆਂ ਟਾਈਲਾਂ ਹਟਾ ਦਿੱਤੀਆਂ ਗਈਆਂ ਹਨ।
ਇਸ ਸਬੰਧੀ ਨਗਰ ਨਿਗਮ ਦੀ ਬੀਐਂਡਆਰ ਬ੍ਰਾਂਚ ਦੇ ਐੱਸਈ ਰਾਹੁਲ ਧਵਨ ਨੇ ਕਿਹਾ ਕਿ ਛੇਤੀ ਹੀ ਥਰਡ ਪਾਰਟੀ ਇੰਸਪੈਕਸ਼ਨ ਕਮੇਟੀ ਨੂੰ ਨਿਯੁਕਤ ਕਰ ਦਿੱਤਾ ਜਾਵੇਗਾ ਤਾਂ ਜੋ ਵਿਕਾਸ ਕਾਰਜਾਂ ਦੀ ਨਿਯਮਤ ਜਾਂਚ ਕੀਤੀ ਜਾ ਸਕੇ। ਥਰਡ ਪਾਰਟੀ ਇੰਸਪੈਕਸ਼ਨ ਕੰਪਨੀ ਨਿਯੁਕਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਜੋ ਕੰਮ ਪਿਛਲੇ 6 ਮਹੀਨਿਆਂ ’ਚ ਹੋਏ ਹਨ, ਉਨ੍ਹਾਂ ਦੀ ਵੀ ਜਾਂਚ ਕਰਵਾਈ ਜਾਵੇਗੀ।