ਕੋਹਲੀ ਨੇ ਕੀਤਾ ਸੀਐੱਮ ਦਾ ਵਿਲੱਖਣ ਢੰਗ ਨਾਲ ਸਵਾਗਤ
ਸੀਐੱਮ ਦੇ ਜਲੰਧਰ ਦੌਰੇ
Publish Date: Thu, 12 Feb 2026 06:40 PM (IST)
Updated Date: Thu, 12 Feb 2026 06:57 PM (IST)
ਸੀਐੱਮ ਦੇ ਜਲੰਧਰ ਦੌਰੇ ਦੌਰਾਨ ਸ਼ੁਰੂ ਕੀਤੀ ‘ਜਲੰਧਰ ਪੜ੍ਹਾਓ ਮੁਹਿੰਮ’
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੀਐੱਮ ਭਗਵੰਤ ਮਾਨ ਦੇ ਜਲੰਧਰ ਦੌਰੇ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਜਲੰਧਰ ਸੈਂਟਰਲ ਦੇ ਇੰਚਾਰਜ ਨਿਤਿਨ ਕੋਹਲੀ ਨੇ ਇੱਕ ਹਾਂਪੱਖੀ ਤੇ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ‘ਜਲੰਧਰ ਪੜ੍ਹਾਓ ਮੁਹਿੰਮ’ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਦੇ ਸਵਾਗਤ ਵਿੱਚ ਗੁਲਦਸਤੇ ਦੀ ਥਾਂ ਕਾਪੀਆਂ, ਪੈਂਸਿਲਾਂ, ਇਰੇਜ਼ਰ, ਸ਼ਾਰਪਨਰ ਤੇ ਪੂਰਾ ਸਟੇਸ਼ਨਰੀ ਸੈੱਟ ਭੇਂਟ ਕੀਤਾ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਸਮਾਜ ਨੂੰ ਮਜ਼ਬੂਤ ਬਣਾਉਣ ਦਾ ਸਭ ਤੋਂ ਵੱਡਾ ਸਾਧਨ ਹੈ ਤੇ ਬਦਲਾਅ ਛੋਟੇ ਪਰ ਪਾਏਦਾਰ ਕਦਮਾਂ ਨਾਲ ਸ਼ੁਰੂ ਹੁੰਦਾ ਹੈ। ਉਨ੍ਹਾਂ ਨੇ ‘ਬੁਕੇ ਕਲਚਰ’ ਦੀ ਥਾਂ ‘ਕਾਪੀ-ਪੈਂਸਿਲ ਕਲਚਰ’ ਨੂੰ ਅਪਣਾਉਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਸਰਕਾਰੀ ਅਤੇ ਜਨਤਕ ਪ੍ਰੋਗਰਾਮਾਂ ਨੂੰ ਸਮਾਜ ਦੇ ਭਲੇ ਨਾਲ ਜੋੜਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਹੁਣ ਉਹ ਅੱਗੇ ਤੋਂ ਕਿਸੇ ਵੀ ਉਦਘਾਟਨ ਸਮਾਗਮ ਜਾਂ ਜਨਤਕ ਪ੍ਰੋਗਰਾਮ ਵਿੱਚ ਗੁਲਦਸਤੇ ਦੀ ਥਾਂ ਬੱਚਿਆਂ ਲਈ ਪੜ੍ਹਾਈ ਸਬੰਧੀ ਸਮੱਗਰੀ ਹੀ ਭੇਟ ਕਰਨਗੇ। ਉਨ੍ਹਾਂ ਦਾ ਮੰਨਣਾ ਹੈ ਕਿ ਹਰ ਮੌਕੇ ਨੂੰ ਸਿੱਖਿਆ ਨਾਲ ਜੋੜ ਕੇ ਸਮਾਜ ਲਈ ਲਾਭਕਾਰੀ ਬਣਾਇਆ ਜਾ ਸਕਦਾ ਹੈ। ਇਹ ਪਹਿਲ ਸਿਰਫ਼ ਪ੍ਰਤੀਕਾਤਮਕ ਨਹੀਂ, ਸਗੋਂ ਇੱਕ ਲਗਾਤਾਰ ਮੁਹਿੰਮ ਹੈ। ‘ਜਲੰਧਰ ਪੜ੍ਹਾਓ ਮੁਹਿੰਮ’ ਤਹਿਤ ਇਕੱਠੀ ਕੀਤੀ ਗਈ ਸਟੇਸ਼ਨਰੀ ਲੋੜਵੰਦ ਤੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਤੱਕ ਪਹੁੰਚਾਈ ਜਾਵੇਗੀ ਤਾਂ ਜੋ ਪੈਸਿਆਂ ਦੀ ਕਮੀ ਉਨ੍ਹਾਂ ਦੀ ਪੜ੍ਹਾਈ ਵਿੱਚ ਰੁਕਾਵਟ ਨਾ ਬਣੇ।
ਉਨ੍ਹਾਂ ਨੇ ਕਿਹਾ ਇੱਕ ਛੋਟੀ ਕਾਪੀ ਤੇ ਪੈਂਸਿਲ ਵੀ ਕਿਸੇ ਬੱਚੇ ਦੇ ਸੁਪਨਿਆਂ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ। ਜੇ ਸਮਾਜ ਮਿਲ ਕੇ ਸਿੱਖਿਆ ਨੂੰ ਤਰਜੀਹ ਦੇਵੇ ਤਾਂ ਹਰ ਬੱਚਾ ਭਰੋਸੇ ਨਾਲ ਅੱਗੇ ਵੱਧ ਸਕਦਾ ਹੈ। ਉਨ੍ਹਾਂ ਨਾਗਰਿਕਾਂ, ਪਾਰਟੀ ਵਰਕਰਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਪ੍ਰੋਗਰਾਮਾਂ ਵਿੱਚ ਇਸ ਤਰ੍ਹਾਂ ਦੀ ਸਕਾਰਾਤਮਕ ਪਹਿਲ ਅਪਣਾਉਣ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਜਦੋਂ ਸਿੱਖਿਆ ਨੂੰ ਪਹਿਲ ਦਿੱਤੀ ਜਾਵੇਗੀ, ਉਦੋਂ ਹੀ ਜਲੰਧਰ ਅਸਲ ਮਾਇਨਿਆਂ ’ਚ ਤਰੱਕੀ ਕਰੇਗਾ ਤੇ ਹਰ ਬੱਚੇ ਨੂੰ ਅੱਗੇ ਵੱਧਣ ਦਾ ਮੌਕਾ ਮਿਲੇਗਾ।