ਕੋਹਲੀ ਵੱਲੋਂ 20 ਲੱਖ ਨਾਲ ਸੀਵਰੇਜ ਪਾਈਪਲਾਈਨ ਦੇ ਕੰਮ ਸ਼ੁਰੂਆਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Fri, 13 Mar 2026 06:40 PM (IST)
Updated Date: Fri, 13 Mar 2026 06:42 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਸੈਂਟਰਲ ਹਲਕੇ ਦੇ ਦਾਤਾਰ ਨਗਰ ਇਲਾਕੇ ਵਿੱਚ ਲਗਭਗ 20 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਈਪਲਾਈਨ ਪਾਉਣ ਦੇ ਵਿਕਾਸੀ ਕੰਮਾਂ ਦੀ ਸ਼ੁਰੂਆਤ ਅੱਜ ਹਲਕਾ ਇੰਚਾਰਜ ਜਲੰਧਰ ਸੈਂਟਰਲ ਨਿਤਿਨ ਕੋਹਲੀ ਵੱਲੋਂ ਕੀਤੀ ਗਈ। ਇਸ ਪ੍ਰੋਜੈਕਟ ਨਾਲ ਇਲਾਕਾ ਵਾਸੀਆਂ ਨੂੰ ਲੰਬੇ ਸਮੇਂ ਤੋਂ ਆ ਰਹੀ ਸੀਵਰੇਜ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਇਸ ਮੌਕੇ ਨਿਤਿਨ ਕੋਹਲੀ ਨੇ ਕਿਹਾ ਕਿ ਦਾਤਾਰ ਨਗਰ ਵਿੱਚ ਸੀਵਰੇਜ ਪਾਈਪਲਾਈਨ ਦਾ ਇਹ ਕੰਮ ਇਲਾਕੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਦੇ ਪੂਰਾ ਹੋਣ ਨਾਲ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਪੱਕਾ ਹੱਲ ਹੋਵੇਗਾ।
ਉਨ੍ਹਾਂ ਕਿਹਾ ਕਿ ਜਲੰਧਰ ਸੈਂਟਰਲ ਦੇ ਵੱਖ-ਵੱਖ ਇਲਾਕਿਆਂ ਵਿੱਚ ਵੀ ਇਸ ਤਰ੍ਹਾਂ ਦੇ ਵਿਕਾਸੀ ਕੰਮ ਲਗਾਤਾਰ ਕਰਵਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਵਧੀਆ ਢੰਗ ਨਾਲ ਮਿਲ ਸਕਣ। ਉਨ੍ਹਾਂ ਦੱਸਿਆ ਕਿ ਚਾਹੇ ਸਾਫ ਪੀਣ ਵਾਲੇ ਪਾਣੀ ਦੀ ਸੁਵਿਧਾ ਹੋਵੇ, ਸੀਵਰੇਜ ਦੀ ਵਿਵਸਥਾ ਹੋਵੇ ਜਾਂ ਸਫਾਈ ਦੇ ਪ੍ਰਬੰਧ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਕੁਝ ਸਮਾਂ ਪਹਿਲਾਂ ਨਿਤਿਨ ਕੋਹਲੀ ਵੱਲੋਂ ਸਮਾਜ ਵਿੱਚ ‘ਬੁੱਕੇ ਕਲਚਰ ਤੋਂ ਹਟ ਕੇ ਬੁੱਕ ਕਲਚਰ ਅਪਣਾਉਣ’ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਦਾਤਾਰ ਨਗਰ ਦੇ ਮੁਹੱਲਾ ਵਾਸੀਆਂ ਨੇ ਇਸ ਸੰਦੇਸ਼ ਨੂੰ ਅਪਣਾਉਂਦੇ ਹੋਏ ਉਨ੍ਹਾਂ ਦਾ ਸਨਮਾਨ ਬੁੱਕੇ ਦੀ ਥਾਂ ਇੱਕ ਕਿਤਾਬ ਭੇਟ ਕਰਕੇ ਕੀਤਾ। ਨਿਤਿਨ ਕੋਹਲੀ ਨੇ ਮੁਹੱਲਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਲੋਕ ਇਸ ਮੁਹਿੰਮ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਕਿਤਾਬਾਂ ਗਿਆਨ ਦਾ ਸਭ ਤੋਂ ਵੱਡਾ ਸਰੋਤ ਹਨ ਅਤੇ ਸਮਾਜ ਵਿੱਚ ਬੁੱਕ ਕਲਚਰ ਨੂੰ ਵਧਾਵਾ ਮਿਲਣਾ ਇਕ ਸਕਾਰਾਤਮਕ ਸੰਕੇਤ ਹੈ। ਇਸ ਮੌਕੇ ਤ੍ਰਿਲੋਕ ਸਿੰਘ ਸਰਾਂ, ਮਨੀਸ਼ ਸ਼ਰਮਾ ਅਤੇ ਸਮੂਹ ਮੁਹੱਲਾ ਨਿਵਾਸੀ ਵੀ ਮੌਜੂਦ ਸਨ। ਇਲਾਕਾ ਵਾਸੀਆਂ ਨੇ ਵਿਕਾਸੀ ਕੰਮਾਂ ਦੀ ਸ਼ੁਰੂਆਤ ਲਈ ਨਿਤਿਨ ਕੋਹਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਇਲਾਕੇ ਦੀ ਇੱਕ ਵੱਡੀ ਸਮੱਸਿਆ ਦਾ ਹੱਲ ਹੋਵੇਗਾ।