ਕੇਐੱਮਵੀ ਦੀਆਂ ਵਿਦਿਆਰਥਣਾਂ ਨੇ ਅੰਤਰਰਾਸ਼ਟਰੀ ਪੱਧਰ ’ਤੇ ਚਮਕਾਇਆ ਨਾਂ
ਕੇਐੱਮਵੀ ਦੀਆਂ ਵਿਦਿਆਰਥਣਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਚਮਕਾਇਆ ਨਾਮ
Publish Date: Sun, 08 Feb 2026 06:23 PM (IST)
Updated Date: Sun, 08 Feb 2026 06:26 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਦੀਆਂ ਵਿਦਿਆਰਥਣਾਂ ਨੇ ‘ਇੰਸਟੀਚਿਊਟ ਫਾਰ ਐਡਵਾਂਸਮੈਂਟ ਆਫ ਵੈਦਿਕ ਮੈਥੇਮੈਟਿਕਸ’ ਯੂਕੇ ਵੱਲੋਂ ਕਰਵਾਏ ਅੰਤਰਰਾਸ਼ਟਰੀ ਵੈਦਿਕ ਗਣਿਤ ਓਲੰਪੀਆਡ ’ਚ ਚੋਟੀ ਦੇ ਸਥਾਨ ਹਾਸਲ ਕਰ ਕੇ ਸੰਸਥਾ ਦਾ ਨਾਂ ਅੰਤਰਰਾਸ਼ਟਰੀ ਪੱਧਰ ’ਤੇ ਰੋਸ਼ਨ ਕੀਤਾ ਹੈ। ਇਸ ਵੱਕਾਰੀ ਪ੍ਰਤੀਯੋਗਤਾ ’ਚ 10 ਦੇਸ਼ਾਂ ਦੇ ਪ੍ਰਤੀਭਾਗੀਆਂ ਨੇ ਹਿੱਸਾ ਲਿਆ ਸੀ, ਜਿੱਥੇ ਕੇਐੱਮਵੀ ਦੀਆਂ ਵਿਦਿਆਰਥਣਾਂ ਨੇ ਓਪਨ ਕੈਟੇਗਰੀ ’ਚ ਆਪਣੀ ਅਸਧਾਰਨ ਗਤੀ, ਸ਼ੁੱਧਤਾ ਤੇ ਸੰਕਲਪਿਕ ਸਪੱਸ਼ਟਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵੈਦਿਕ ਤਕਨੀਕਾਂ ਰਾਹੀਂ ਬਿਹਤਰੀਨ ਗਣਿਤਿਕ ਹੁਨਰ ਦਿਖਾਉਂਦੇ ਹੋਏ ਦੀਕਸ਼ਾ ਬੀਐੱਸਸੀ ਕੰਪਿਊਟਰ ਸਾਇੰਸ, ਸਮੈਸਟਰ-5, ਗਗਨਦੀਪ ਕੌਰ ਐੱਮਐੱਸਸੀ ਗਣਿਤ, ਸਮੈਸਟਰ-3 ਤੇ ਦਿਲਪ੍ਰੀਤ ਕੌਰ ਐੱਮਐੱਸਸੀ ਗਣਿਤ, ਸਮੈਸਟਰ-3 ਨੇ ਰਜਤ ਮੈਡਲ (ਸਿਲਵਰ ਮੈਡਲ) ਹਾਸਲ ਕੀਤੇ। ਇਸ ਦੇ ਨਾਲ ਹੀ ਰੁਪਿੰਦਰ ਕੌਰ (ਐੱਮਐੱਸਸੀ ਗਣਿਤ, ਸਮੈਸਟਰ-3) ਨੇ ਇਸ ਅੰਤਰਰਾਸ਼ਟਰੀ ਮੰਚ ’ਤੇ ਕਾਂਸੀ ਦਾ ਤਮਗਾ (ਬ੍ਰੌਂਜ਼ ਮੈਡਲ) ਜਿੱਤਿਆ। ਵਿਦਿਆਰਥਣਾਂ ਦੀ ਇਸ ਉਪਲਬਧੀ ਦਾ ਸਿਹਰਾ ਉਨ੍ਹਾਂ ਦੀ ਤਰਕ ਸ਼ਕਤੀ ਤੇ ਸੰਸਥਾ ਦੇ ਵੈਦਿਕ ਗਣਿਤ ਸਰਟੀਫਿਕੇਟ ਕੋਰਸ ਤਹਿਤ ਮਿਲੀ ਸਖ਼ਤ ਸਿਖਲਾਈ ਨੂੰ ਦਿੱਤਾ ਗਿਆ ਹੈ, ਜੋ ਉਨ੍ਹਾਂ ਦੀ ਮਾਨਸਿਕ ਗਣਨਾ ਤੇ ਵਿਸ਼ਲੇਸ਼ਣਾਤਮਕ ਸੋਚ ਨੂੰ ਵਧਾਉਣ ’ਚ ਸਹਾਇਕ ਰਿਹਾ ਹੈ। ਪ੍ਰੋਫੈਸਰ ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਜੇਤੂਆਂ ਤੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਭਾਰਤ ਦੀ ਅਮੀਰ ਗਣਿਤਿਕ ਵਿਰਾਸਤ ਨੂੰ ਸੰਭਾਲਣ ਤੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ’ਤੇ ਸਸ਼ਕਤ ਬਣਾਉਣ ਦੀ ਸੰਸਥਾ ਦੀ ਵਚਨਬੱਧਤਾ ਦਾ ਪ੍ਰਤੀਕ ਹੈ।