ਕੇਐੱਮਵੀ ’ਚ ਆਲਮੀ ਸਮੱਸਿਆਵਾਂ ’ਤੇ ਕੀਤੀ ਚਰਚਾ
ਕੇਐੱਮਵੀ ਵੱਲੋਂ ਵਿਦਿਆਰਥਣਾਂ ਦੀ ਵਿਸ਼ਵ ਪੱਧਰੀ ਨੀਤੀਗਤ ਸੂਝ-ਬੂਝ ਵਧਾਉਣ ਲਈ 'ਸਿਮੂਲੇਟਿਡ ਵਰਲਡ ਇਕਨਾਮਿਕ ਫੋਰਮ' ਕਰਵਾਇਆ
Publish Date: Tue, 10 Mar 2026 06:32 PM (IST)
Updated Date: Tue, 10 Mar 2026 06:36 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਵੱਲੋਂ ‘ਸਿਮੂਲੇਟਿਡ ਵਰਲਡ ਇਕਨਾਮਿਕ ਫੋਰਮ’ ਕਰਵਾਇਆ। ਸਮਾਗਮ ਦੀ ਸ਼ੁਰੂਆਤ ਡਾਇਰੈਕਟਰ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਦੇ ਸਵਾਗਤੀ ਸੰਬੋਧਨ ਨਾਲ ਹੋਈ। ਇਸ ਦੌਰਾਨ ਬੀਏ ਭਾਗ ਚੌਥਾ ਦੀ ਵਿਦਿਆਰਥਣ ਰੀਆ ਜੁਨੇਜਾ ਨੇ ਮੰਚ ਸੰਚਾਲਨ ਕਰਦਿਆਂ ਫੋਰਮ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਸੈਸ਼ਨ ਦੌਰਾਨ ਵਿਦਿਆਰਥਣਾਂ ਨੇ ਦੁਨੀਆ ਦੇ ਪ੍ਰਮੁੱਖ ਨੇਤਾਵਾਂ ਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਮੁਖੀਆਂ ਦੀਆਂ ਭੂਮਿਕਾਵਾਂ ਨਿਭਾ ਕੇ ਆਪਣੇ ਵਿਚਾਰ ਪ੍ਰਗਟ ਕੀਤੇ। ਮਨਜੋਤ ਕੌਰ ਨੇ ਡੋਨਾਲਡ ਟਰੰਪ (ਅਮਰੀਕਾ), ਨਿਧੀ ਸ਼ਰਮਾ ਨੇ ਉਰਸੁਲਾ ਵਾਨ ਡੇਰ ਲੇਅਨ (ਯੂਰਪੀ ਸੰਘ), ਰੀਆ ਸ਼ਰਮਾ ਨੇ ਅਸ਼ਵਨੀ ਵੈਸ਼ਨਵ (ਭਾਰਤ), ਮਹਿਕ ਨੇ ਮਾਰਕ ਕਾਰਨੀ (ਕੈਨੇਡਾ), ਦੀਕਸ਼ਾ ਨੇ ਫਰੈਡਰਿਕ ਮਰਜ਼ (ਜਰਮਨੀ), ਸਨੇਹਾ ਨੇ ਇਮੈਨੁਅਲ ਮੈਕਰੋਨ (ਫਰਾਂਸ), ਸਿਮਰਨ ਸ਼ਰਮਾ ਨੇ ਹੇ ਲਿਫੇਂਗ (ਚੀਨ), ਵਿਸ਼ਾਲੀ ਨੇ ਗੀਤਾ ਗੋਪੀਨਾਥ (ਆਈਐੱਮਐੱਫ) ਤੇ ਗੁਰਲੀਨ ਕੌਰ ਨੇ ਉਦਯੋਗਪਤੀ ਸੁਨੀਲ ਮਿੱਤਲ ਵਜੋਂ ਆਪਣੀ ਭੂਮਿਕਾ ਨਿਭਾਈ। ਫੋਰਮ ਦੌਰਾਨ ਵਿਸ਼ਵ ਆਰਥਿਕ ਮੰਦੀ, ਮਹਿੰਗਾਈ, ਜਲਵਾਯੂ ਪਰਿਵਰਤਨ, ਟਿਕਾਊ ਵਿਕਾਸ, ਵਪਾਰਕ ਸਬੰਧਾਂ ਤੇ ਭੂ-ਰਾਜਨੀਤਿਕ ਤਣਾਅ ਵਰਗੇ ਮਹੱਤਵਪੂਰਨ ਮੁੱਦਿਆਂ ’ਤੇ ਡੂੰਘੀ ਚਰਚਾ ਕੀਤੀ ਗਈ। ਹਰੇਕ ਪ੍ਰਤੀਭਾਗੀ ਨੇ ਆਪਣੇ ਦੇਸ਼ ਜਾਂ ਸੰਸਥਾ ਦੀਆਂ ਆਰਥਿਕ ਤਰਜੀਹਾਂ ਤੇ ਨੀਤੀਗਤ ਦ੍ਰਿਸ਼ਟੀਕੋਣ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸਨੂੰ ਪ੍ਰਯੋਗਾਤਮਕ ਸਿੱਖਿਆ ਦਾ ਉੱਤਮ ਉਦਾਹਰਨ ਦੱਸਿਆ ਤੇ ਸਫਲ ਕਰਵਾਉਣ ਲਈ ਇਕਨਾਮਿਕਸ ਵਿਭਾਗ ਦੀ ਮੁਖੀ ਅਮਰਪ੍ਰੀਤ ਖੁਰਾਣਾ ਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ।