ਕੇਐੱਮਵੀ ਦੀ ਫੈਕਲਟੀ ਮੈਂਬਰ ਨੂੰ ਭਾਰਤ ਸਰਕਾਰ ਦੇ ਦਫ਼ਤਰ ਤੋਂ ਪ੍ਰਾਪਤ ਹੋਇਆ ਕਾਪੀਰਾਈਟ
ਕੇਐੱਮਵੀ ਦੀ ਫੈਕਲਟੀ ਮੈਂਬਰ ਨੂੰ ਭਾਰਤ ਸਰਕਾਰ ਦੇ ਕਾਪੀਰਾਈਟ ਦਫ਼ਤਰ ਤੋਂ ਪ੍ਰਾਪਤ ਹੋਇਆ ਕਾਪੀਰਾਈਟ
Publish Date: Sun, 01 Feb 2026 06:16 PM (IST)
Updated Date: Mon, 02 Feb 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਆਪਣੇ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਨੂੰ ਹਮੇਸ਼ਾ ਅਜਿਹਾ ਸਕਾਰਾਤਮਕ ਮਾਹੌਲ ਪ੍ਰਦਾਨ ਕਰਦਾ ਹੈ, ਜਿੱਥੇ ਉਹ ਨਾ ਸਿਰਫ਼ ਸਿੱਖਿਆ ਦੇ ਖੇਤਰ ’ਚ ਨਵੇਂ ਆਯਾਮ ਸਥਾਪਤ ਕਰ ਸਕਦੇ ਹਨ, ਸਗੋਂ ਰਾਸ਼ਟਰੀ ਪੱਧਰ ਤੇ ਆਪਣੀ ਵਿਸ਼ੇਸ਼ ਪਛਾਣ ਵੀ ਬਣਾ ਸਕਦੇ ਹਨ। ਇਸੇ ਲੜੀ ’ਚ ਇਕ ਨਵੀਂ ਉਪਲਬਧੀ ਵਜੋਂ ਪੀਜੀ ਡਿਪਾਰਟਮੈਂਟ ਆਫ਼ ਫਾਈਨ ਆਰਟਸ ਦੀ ਫੈਕਲਟੀ ਮੈਂਬਰ ਸਪਰਧਾ ਨੂੰ ਉਨਾਂ ਦੀ ਮਿਕਸਡ-ਮੀਡੀਆ ਪੇਂਟਿੰਗ ਤੇ ਕਰਾਫਟ ਵਰਕ ਲਈ ਭਾਰਤ ਸਰਕਾਰ ਦੇ ਕਾਪੀਰਾਈਟ ਦਫ਼ਤਰ ਵੱਲੋਂ ਕਾਪੀਰਾਈਟ ਪ੍ਰਦਾਨ ਕੀਤਾ ਗਿਆ। ਇਸ ਪ੍ਰਾਪਤੀ ਤੇ ਉਨਾਂ ਨੂੰ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਵੱਲੋਂ ਸਨਮਾਨਿਤ ਕੀਤਾ ਗਿਆ। ਇਹ ਕਲਾਕ੍ਰਿਤੀ ਮੌਲਿਕ ਵਿਚਾਰ ਤੇ ਅਧਾਰਿਤ ਹੈ ਤੇ ਇਸਨੂੰ ਦੁਬਾਰਾ ਵਰਤੋਂ ’ਚ ਲਿਆਂਦੇ ਗਏ ਵਿਅਰਥ ਪਦਾਰਥਾਂ ਤੋਂ ਮਿਕਸਡ-ਮੀਡੀਆ ਸੰਰਚਨਾ ਵਜੋਂ ਵਿਕਸਿਤ ਕੀਤਾ ਗਿਆ ਹੈ। ਇਸ ’ਚ ਬੇਕਾਰ ਕਾਗਜ਼, ਸ਼ੀਸ਼ੇ ਤੇ ਹੋਰ ਰੀ-ਸਾਈਕਲ ਕੀਤੀਆਂ ਗਈਆਂ ਸਮੱਗਰੀਆਂ ਦਾ ਸੁਮੇਲ ਕੀਤਾ ਗਿਆ ਹੈ, ਉੱਥੇ ਹੀ ਚਿੱਤਰਿਤ ਕੈਨਵਸ ਵੀ ਦੁਬਾਰਾ ਵਰਤੋਂ ’ਚ ਲਿਆਂਦੇ ਗਏ ਬੇਕਾਰ ਕੱਪੜੇ ਤੋਂ ਤਿਆਰ ਕੀਤਾ ਗਿਆ ਹੈ। ਇਸ ਸ਼ਲਾਘਾਯੋਗ ਉਪਲਬਧੀ ਤੇ ਉਨਾਂ ਨੂੰ ਵਧਾਈ ਦਿੰਦੇ ਹੋਏ ਪ੍ਰੋ. ਦਿਵੇਦੀ ਨੇ ਕਿਹਾ ਕਿ ਕੰਨਿਆ ਮਹਾਂਵਿਦਿਆਲਾ ’ਚ ਪ੍ਰਗਤੀਸ਼ੀਲ ਸਿੱਖਿਆ ਦੇ ਕਾਰਨ ਵਿਦਿਆਰਥੀ ਤੇ ਅਧਿਆਪਕ ਆਪੋ-ਆਪਣੇ ਖੇਤਰਾਂ ’ਚ ਨਿਰੰਤਰ ਅੱਗੇ ਵਧਣ ਲਈ ਪ੍ਰੇਰਿਤ ਹੁੰਦੇ ਹਨ, ਜਿਸ ਦੇ ਸਿੱਟੇ ਵਜੋਂ ਇਸ ਤਰ੍ਹਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਉਂਦੇ ਹਨ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕੰਨਿਆ ਮਹਾਂਵਿਦਿਆਲਾ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ, ਵਿਗਿਆਨ ਵਿਭਾਗ, ਕੰਪਿਊਟਰ ਸਾਇੰਸ ਵਿਭਾਗ ਆਦਿ ਨੂੰ ਉਨਾਂ ਦੇ ਵਿਸ਼ੇਸ਼ ਕਾਰਜਾਂ ਲਈ ਭਾਰਤ ਸਰਕਾਰ ਤੋਂ ਬੌਧਿਕ ਸੰਪਤੀ ਅਧਿਕਾਰ ਪ੍ਰਾਪਤ ਹੋ ਚੁੱਕੇ ਹਨ।