ਸਫਲਤਾ ਲਈ ਅਨੁਸ਼ਾਸਨ ਤੇ ਮਿਹਨਤ ਜ਼ਰੂਰੀ : ਡਾ. ਦਿਵੇਦੀ
ਕੇਐੱਮਵੀ ਵੱਲੋਂ ਆਸ਼ੀਰਵਾਦ, ਸਮ੍ਰਿੱਧੀ ਤੇ ਕਲਿਆਣ ਦੀ ਕਾਮਨਾ ਲਈ ਪਾਵਨ ਹਵਨ ਕਰਵਾਇਆ
Publish Date: Sat, 17 Jan 2026 06:39 PM (IST)
Updated Date: Sat, 17 Jan 2026 06:42 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ,ਜਲੰਧਰ : ਕੇਐੱਮਵੀ ਵੱਲੋਂ ਵਿਦਿਆਰਥੀਆਂ ਤੇ ਸਟਾਫ ਦੇ ਉਜਲੇ ਭਵਿੱਖ, ਉੱਤਮ ਸਿਹਤ ਤੇ ਸਮੁੱਚੇ ਵਿਕਾਸ ਲਈ ਦਿਵਿਆ ਆਸ਼ੀਰਵਾਦ ਪ੍ਰਾਪਤ ਕਰਨ ਦੇ ਉਦੇਸ਼ ਨਾਲ ਕੈਂਪਸ ’ਚ ਆਤਮਿਕ ਤੌਰ ’ਤੇ ਸਮ੍ਰਿੱਧ ਹਵਨ ਕਰਵਾਇਆ। ਇਹ ਪਾਵਨ ਅਨੁਸ਼ਠਾਨ ਸ਼ਰਧਾ, ਸ਼ਾਂਤੀ ਤੇ ਸਕਾਰਾਤਮਕਤਾ ਨਾਲ ਭਰੇ ਵਾਤਾਵਰਣ ’ਚ ਸੰਪੰਨ ਹੋਇਆ। ਸਮਾਰੋਹ ਦੀ ਸ਼ੁਰੂਆਤ ਪ੍ਰੋਫੈਸਰ ਡਾ. ਅਤਿਮਾ ਸ਼ਰਮਾ ਦਿਵੇਦੀ ਦੇ ਆਤਮਿਕ ਸਵਾਗਤ ਨਾਲ ਹੋਈ, ਜਿਨ੍ਹਾਂ ਨੂੰ ਆਦਰ-ਸਤਿਕਾਰ ਦੇ ਪ੍ਰਤੀਕ ਵਜੋਂ ਫੁੱਲ ਭੇਂਟ ਕੀਤੇ ਗਏ। ਹਵਨ ਦੌਰਾਨ ਵੇਦਿਕ ਮੰਤ੍ਰੋਚਾਰ ਤੇ ਪਵਿੱਤਰ ਸਤੁਤੀਆਂ ਨਾਲ ਸਾਰਾ ਕੈਂਪਸ ਗੂੰਜ ਉੱਠਿਆ, ਜਿਸ ਨਾਲ ਵਾਤਾਵਰਣ ਸ਼ਾਂਤ ਤੇ ਪਵਿੱਤਰ ਬਣ ਗਿਆ। ਅਗਨੀ ’ਚ ਆਹੁਤੀਆਂ ਅਰਪਿਤ ਕਰਨ ਦੀ ਵਿਧੀ ਨੇ ਨਕਾਰਾਤਮਕਤਾ ਦੇ ਨਾਸ਼ ਤੇ ਗਿਆਨ, ਸਮ੍ਰਿੱਧੀ ਤੇ ਸੌਹਾਰਦ ਦੇ ਆਹਵਾਨ ਦਾ ਪ੍ਰਤੀਕ ਪੇਸ਼ ਕੀਤਾ। ਇਸ ਮੌਕੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਹਵਨ ਵਿੱਚ ਹਿੱਸਾ ਲਿਆ। ਡਾ. ਦਿਵੇਦੀ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਦਿਲੀ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਨੁਸ਼ਾਸਨ, ਮਿਹਨਤ ਤੇ ਇਕਾਗ੍ਰਤਾ ਨਾਲ ਹੀ ਜੀਵਨ ’ਚ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਦ੍ਰਿੜ਼ ਸੰਕਲਪ, ਸਕਾਰਾਤਮਕ ਸੋਚ ਤੇ ਨੈਤਿਕ ਮੁੱਲਾਂ ਨਾਲ ਅੱਗੇ ਵਧਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਹ ਸਾਲ ਕੇਐੱਮਵੀ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਕਿ ਸੰਸਥਾ ਆਪਣੇ ਸਥਾਪਨਾ ਦੇ 140 ਸਾਲਾਂ ਦੀ ਗੌਰਵਸ਼ਾਲੀ ਵਿਰਾਸਤ ਦਾ ਜਸ਼ਨ ਮਨਾ ਰਹੀ ਹੈ। ਹਵਨ ਦਾ ਸਮਾਪਨ ਸਮੂਹਿਕ ਪ੍ਰਾਰਥਨਾ ਨਾਲ ਹੋਇਆ, ਜਿਸ ਨਾਲ ਸਾਰੇ ਭਾਗੀਦਾਰ ਆਤਮਿਕ ਤੌਰ ’ਤੇ ਪ੍ਰੇਰਿਤ ਤੇ ਉਰਜਾਵਾਨ ਮਹਿਸੂਸ ਕਰਦੇ ਨਜ਼ਰ ਆਏ।