ਨਸ਼ਾਮੁਕਤ ਭਵਿੱਖ ਲਈ ਕੇਐੱਮਵੀ ਵੱਲੋਂ ਜਾਗਰੂਕਤਾ ਮੁਹਿੰਮ ਕਰਵਾਈ
ਨਸ਼ਾਮੁਕਤ ਭਵਿੱਖ ਲਈ ਕੇਐੱਮਵੀ ਵੱਲੋਂ ਜਾਗਰੂਕਤਾ ਮੁਹਿੰਮ ਕਰਵਾਈ
Publish Date: Sun, 22 Feb 2026 06:34 PM (IST)
Updated Date: Mon, 23 Feb 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਦੇ ਪੀਜੀ ਕੰਪਿਊਟਰ ਸਾਇੰਸ ਤੇ ਐਪਲੀਕੇਸ਼ਨ ਵਿਭਾਗ ਵੱਲੋਂ ‘ਨਸ਼ਾ ਮੁਕਤ ਸਮਾਜ’ ਵਿਸ਼ੇ ਤੇ ਇਕ ਪੋਸਟਰ ਮੇਕਿੰਗ ਪ੍ਰੋਗਰਾਮ ਰਾਹੀਂ ਜਾਗਰੂਕਤਾ ਮੁਹਿੰਮ ਕਰਵਾਈ। ਇਸ ਸਮਾਗਮ ਦਾ ਮੁੱਖ ਉਦੇਸ਼ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣਾ ਤੇ ਇਕ ਸਿਹਤਮੰਦ, ਨਸ਼ਾ ਮੁਕਤ ਸਮਾਜ ਨੂੰ ਉਤਸ਼ਾਹਿਤ ਕਰਨਾ ਸੀ। ਵਿਭਾਗ ਦੇ ਵਿਦਿਆਰਥੀਆਂ ਨੇ ਇਸ ਗਤੀਵਿਧੀ ’ਚ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਅਰਥਪੂਰਨ ਤੇ ਰਚਨਾਤਮਕ ਹੱਥੀਂ ਬਣੇ ਪੋਸਟਰ ਤਿਆਰ ਕੀਤੇ। ਇਨਾਂ ਪੋਸਟਰਾਂ ਰਾਹੀਂ ਨਸ਼ਿਆਂ ਦੇ ਸੇਵਨ ਵਿਰੁੱਧ ਸਖ਼ਤ ਸੁਨੇਹਾ ਦਿੱਤਾ ਗਿਆ ਤੇ ਇਕ ਅਨੁਸ਼ਾਸਿਤ ਤੇ ਸਿਹਤਮੰਦ ਜੀਵਨ ਜਿਊਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਯੂਨੀਵਰਸਲ ਹਿਊਮਨ ਵੈਲਿਊਜ਼ ਦੀ ਅਗਵਾਈ ਹੇਠ ਕਰਵਾਏ ਗਏ ਇਕ ਸਹੁੰ ਚੁੱਕ ਸਮਾਗਮ ਨਾਲ ਹੋਈ। ਇਸ ਮੌਕੇ ਵਿਦਿਆਰਥੀਆਂ ਨੂੰ ਆਪਣੇ ਭਾਈਚਾਰੇ ’ਚ ਜਾਗਰੂਕਤਾ ਵਧਾ ਕੇ ਜ਼ਿੰਮੇਵਾਰ ਨਾਗਰਿਕ ਤੇ ਸਮਾਜਿਕ ਤਬਦੀਲੀ ਦੇ ਮੋਹਰੀ ਬਣਨ ਲਈ ਪ੍ਰੇਰਿਤ ਕੀਤਾ ਗਿਆ। ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਵਿਦਿਆਰਥੀਆਂ ਦੇ ਇਨਾਂ ਨੇਕ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਭਾਗ ਨੂੰ ਅਜਿਹੀ ਪਹਿਲਕਦਮੀ ਕਰਨ ਲਈ ਵਧਾਈ ਦਿੱਤੀ ਜੋ ਨਾ ਸਿਰਫ਼ ਰਚਨਾਤਮਕਤਾ ਨੂੰ ਹੁਲਾਰਾ ਦਿੰਦੀ ਹੈ, ਸਗੋਂ ਨੌਜਵਾਨਾਂ ’ਚ ਸਮਾਜਿਕ ਜ਼ਿੰਮੇਵਾਰੀ ਤੇ ਨੈਤਿਕ ਜਾਗਰੂਕਤਾ ਨੂੰ ਵੀ ਮਜ਼ਬੂਤ ਕਰਦੀ ਹੈ। ਇਹ ਕਲਾਤਮਕ ਪ੍ਰਗਟਾਵੇ ਤੇ ਸਮਾਜਿਕ ਵਚਨਬੱਧਤਾ ਦਾ ਇਕ ਸਫਲ ਸੁਮੇਲ ਰਿਹਾ, ਜੋ ਸਰਵਪੱਖੀ ਸਿੱਖਿਆ ਤੇ ਰਾਸ਼ਟਰ ਨਿਰਮਾਣ ਦੇ ਮੁੱਲਾਂ ਪ੍ਰਤੀ ਕੇਐੱਮਵੀ ਦੇ ਸਮਰਪਣ ਨੂੰ ਦਰਸਾਉਂਦਾ ਹੈ।