ਕੇਐੱਮਵੀ ਦੇ 'ਟ੍ਰੇਲਬਲੇਜ਼ਰ-2ਕੇ26' ’ਚ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ
ਕੇਐੱਮਵੀ ਨੇ ਸਾਲਾਨਾ ਐਥਲੈਟਿਕ ਮੀਟ 'ਟ੍ਰੇਲਬਲੇਜ਼ਰ-2ਕੇ26' ’ਚ ਖੇਡ ਉੱਤਮਤਾ ਦਾ ਮਨਾਇਆ ਜਸ਼ਨ
Publish Date: Thu, 26 Feb 2026 07:51 PM (IST)
Updated Date: Thu, 26 Feb 2026 07:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਵੱਲੋਂ ਸਾਲਾਨਾ ਐਥਲੈਟਿਕ ਮੀਟ ‘ਟ੍ਰੇਲਬਲੇਜ਼ਰ-2ਕੇ26’ ਕਰਵਾਇਆ, ਜਿਸ ’ਚ 500 ਤੋਂ ਵੱਧ ਖਿਡਾਰਣਾਂ ਨੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ’ਚ ਪ੍ਰਿੰਸੀਪਲ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਮੁੱਖ ਮਹਿਮਾਨ ਪ੍ਰੋ. ਡਾ. ਬਲਜਿੰਦਰ ਸਿੰਘ ਬਲ (ਵਿਭਾਗ ਮੁਖੀ, ਸਰੀਰਕ ਸਿੱਖਿਆ ਵਿਭਾਗ, ਜੀਐੱਨਡੀਯੂ) ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਪੰਜਾਬ ਪੁਲਿਸ ਤੋਂ ਮੀਨਾ ਪਵਾਰ ਤੇ ਆਰੀਆ ਸਿੱਖਿਆ ਮੰਡਲ ਦੇ ਪ੍ਰਧਾਨ ਚੰਦਰ ਮੋਹਨ ਸਮੇਤ ਕਈ ਸ਼ਖਸੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਕੇਐੱਮਵੀ ਦਾ ਖੇਡ ਝੰਡਾ ਲਹਿਰਾਉਣ ਤੋਂ ਬਾਅਦ ਵੱਖ-ਵੱਖ ਖੇਡਾਂ ਦੀਆਂ ਖਿਡਾਰਣਾਂ ਤੇ ਐੱਨਸੀਸੀ ਕੈਡਿਟਾਂ ਵੱਲੋਂ ਪ੍ਰਭਾਵਸ਼ਾਲੀ ਮਾਰਚ ਪਾਸਟ ਕੀਤਾ ਗਿਆ। ਪ੍ਰਿੰਸੀਪਲ ਡਾ. ਦਿਵੇਦੀ ਨੇ ਖਿਡਾਰਣਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਖੇਡਾਂ ਨੂੰ ਮਨੁੱਖੀ ਸੱਭਿਅਤਾ ਦਾ ਅਨਿੱਖੜਵਾਂ ਅੰਗ ਦੱਸਿਆ ਤੇ ਮੁੱਖ ਮਹਿਮਾਨ ਪ੍ਰੋ. ਬਲ ਨੇ 21ਵੀਂ ਸਦੀ ’ਚ ਮਹਿਲਾਵਾਂ ਦੀਆਂ ਖੇਡ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਕੇਐੱਮਵੀ ਨੂੰ ਮਹਿਲਾ ਸਸ਼ਕਤੀਕਰਨ ਦਾ ਮੋਹਰੀ ਸੰਸਥਾਨ ਦੱਸਿਆ। ਇਸ ਦਿਨ ਭਰ ਚੱਲੇ ਈਵੈਂਟ ਦੌਰਾਨ ਖਿਡਾਰੀ ਤੇ ਗੈਰ-ਖਿਡਾਰੀ ਸ਼੍ਰੇਣੀਆਂ ’ਚ 100 ਮੀਟਰ, 200 ਮੀਟਰ, ਬੋਰੀ ਦੌੜ, ਸੂਈ-ਧਾਗਾ ਦੌੜ ਤੇ ਤਿੰਨ ਟੰਗੀ ਦੌੜ ਵਰਗੇ ਮੁਕਾਬਲੇ ਕਰਵਾਏ ਗਏ। ਸਟਾਫ ਮੈਂਬਰਾਂ ਲਈ ਵੀ ਰੱਸਾਕਸ਼ੀ ਤੇ ਮਿਊਜ਼ੀਕਲ ਚੇਅਰ ਵਰਗੀਆਂ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਸੀ। ਨਤੀਜਿਆਂ ’ਚ ਖਿਡਾਰੀ ਵਰਗ ’ਚ ਸੰਜਨਾ, ਗੈਰ-ਖਿਡਾਰੀ ਵਰਗ ’ਚ ਸੁਖਮਨਪ੍ਰੀਤ ਤੇ ਹੋਸਟਲ ਵਰਗ ’ਚ ਤਾਸ਼ੂ ਨੂੰ ਸਰਵੋਤਮ ਖਿਡਾਰੀ ਐਲਾਨਿਆ ਗਿਆ। ਵੱਖ-ਵੱਖ ਦੌੜਾਂ ’ਚ ਪੁਸ਼ਟੀ, ਰੇਨੁਕਾ, ਨਵਦੀਪ, ਦੀਕਸ਼ਾ, ਮਨਵੀਰ ਤੇ ਰੀਨਾ ਨੇ ਵੀ ਮੱਲਾਂ ਮਾਰੀਆਂ। ਮਹਿਲਾ ਸਟਾਫ ਦੀਆਂ ਦੌੜਾਂ ’ਚ ਪ੍ਰਿਆ ਤੇ ਡਾ. ਹਰਪ੍ਰੀਤ ਨੇ ਆਪੋ-ਆਪਣੇ ਵਰਗਾਂ ’ਚ ਪਹਿਲਾ ਸਥਾਨ ਹਾਸਲ ਕੀਤਾ। ਅੰਤ ’ਚ ਜੇਤੂਆਂ ਨੂੰ ਮੈਡਲਾਂ ਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ ਤੇ ਪ੍ਰਿੰਸੀਪਲ ਨੇ ਇਸ ਨੂੰ ਸਫਲ ਕਰਵਾਉਣ ਲਈ ਡਾ. ਦਵਿੰਦਰ ਤੇ ਕੁਮਾਰੀ ਅਮਨਦੀਪ ਦੇ ਯਤਨਾਂ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ।