ਐੱਮਆਰ ਇੰਟਰਨੈਸ਼ਨਲ ਸਕੂਲ ’ਚ ਗ੍ਰੈਜੂਏਸ਼ਨ ਸਮਾਗਮ
ਐੱਮਆਰ ਇੰਟਰਨੈਸ਼ਨਲ ਸਕੂਲ ’ਚ ਕਿੰਡਰਗਾਰਟਨ ਗ੍ਰੈਜੂਏਸ਼ਨ ਸਮਾਰੋਹ ਮਨਾਇਆ
Publish Date: Fri, 20 Feb 2026 07:20 PM (IST)
Updated Date: Fri, 20 Feb 2026 07:21 PM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਐੱਮਆਰ ਇੰਟਰਨੈਸ਼ਨਲ ਸਕੂਲ ਵੱਲੋਂ 20 ਫਰਵਰੀ 2026 ਨੂੰ ਕਿੰਡਰਗਾਰਟਨ ਦੇ ਅਚੀਵਰਸ ਵਿਦਿਆਰਥੀਆਂ ਲਈ ਖੁਸ਼ੀ ਤੇ ਉਤਸ਼ਾਹ ਨਾਲ ਭਰਪੂਰ ਗ੍ਰੈਜੂਏਸ਼ਨ ਸਮਾਗਮ ਕਰਵਾਇਆ। ਸਮਾਗਮ ਪ੍ਰਿੰਸੀਪਲ ਰਾਜਿੰਦਰ ਕੁਮਾਰ ਦੀ ਨਿਗਰਾਨੀ ਹੇਠ ਸੁਚੱਜੇ ਢੰਗ ਨਾਲ ਕਰਵਾਇਆ। ਸਮਾਗਮ ਦੀ ਸ਼ੁਰੂਆਤ ਡਿਸਕਵਰਰਸ ਤੇ ਕਰੀਏਟਰਸ ਕਲਾਸਾਂ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਸਵਾਗਤੀ ਪੇਸ਼ਕਾਰੀਆਂ ਨਾਲ ਹੋਈ। ਨੰਨ੍ਹੇ ਬੱਚਿਆਂ ਨੇ ਗੀਤਾਂ, ਕਵਿਤਾਵਾਂ ਤੇ ਨਾਚਾਂ ਰਾਹੀਂ ਸਭ ਦਾ ਮਨ ਮੋਹ ਲਿਆ। ਖ਼ਾਸ ਕਰਕੇ ਡਿਸਕਵਰਰ ਕਲਾਸ ਦੇ ਵਿਦਿਆਰਥੀਆਂ ਨੇ ਪ੍ਰਸਿੱਧ ਗੀਤ “ਨਾਨੀ ਤੇਰੀ ਮੋਰਨੀ” ’ਤੇ ਪੇਸ਼ ਕੀਤਾ ਡਾਂਸ ਦਰਸ਼ਕਾਂ ਦੀ ਵਾਹ-ਵਾਹੀ ਦਾ ਕੇਂਦਰ ਬਣਿਆ। ਛੋਟੇ ਬੱਚਿਆਂ ਨੇ ਗ੍ਰੈਜੂਏਟ ਹੋ ਰਹੇ ਸਾਥੀਆਂ ਨੂੰ ਅਲਵਿਦਾ ਆਖਦਿਆਂ ਕਿਹਾ, ‘ਅਸੀਂ ਤੁਹਾਨੂੰ ਯਾਦ ਕਰਾਂਗੇ’, ਜਿਸ ਨਾਲ ਮਾਹੌਲ ਭਾਵੁਕ ਹੋ ਗਿਆ। ਸਮਾਗਮ ਦੀ ਵਿਸ਼ੇਸ਼ ਆਕਰਸ਼ਣ ਅਚੀਵਰਸ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਗ੍ਰੈਜੂਏਸ਼ਨ ਸੈੱਟਅੱਪ ਸੀ। ਰਸਮੀ ਸਮਾਗਮ ਦੌਰਾਨ ਤਾੜੀਆਂ ਦੀ ਗੂੰਜ ’ਚ ਬੱਚਿਆਂ ਨੂੰ ਕਿੰਡਰਗਾਰਟਨ ਪੂਰਾ ਕਰਨ ਦੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਸਕੂਲ ਦੇ ਪ੍ਰੈਜ਼ੀਡੈਂਟ ਡਾ. ਅਸ਼ੀਸ਼ ਟੰਡਨ ਨੇ ਗ੍ਰੈਜੂਏਟਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਭਵਿੱਖ ’ਚ ਵੀ ਬੁਲੰਦੀਆਂ ਹਾਸਲ ਕਰਨ ਤੇ ਨਵੀਆਂ ਚੁਣੌਤੀਆਂ ਨੂੰ ਸਹਿਸੇ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਧਿਆਪਕਾ ਸ਼ਿਵ ਪ੍ਰਭਾ, ਸੋਨੀਆ, ਆਰਤੀ, ਬੰਦਨਾ, ਰਿੰਕੀ, ਗੁਰਪ੍ਰੀਤ ਸਮੇਤ ਸਮੂਹ ਸਟਾਫ਼ ਮੈਂਬਰ ਮੌਜੂਦ ਰਹੇ।