ਕਿਡਜੋਨ ਸਕੂਲ ਭੋਗਪੁਰ ਵੱਲੋਂ ਨੰਨ੍ਹੇ-ਮੁੰਨੇ ਬੱਚਿਆਂ ਦਾ ਸੁਪਰ ਮਾਰਕੀਟ ਦੌਰਾ
ਕਿਡਜੋਨ ਸਕੂਲ ਭੋਗਪੁਰ ਵੱਲੋਂ ਨੰਨੇ ਮੁੰਨੇ ਬੱਚਿਆਂ ਦਾ ਸੁਪਰ ਮਾਰਕਿਟ ਦੌਰਾ
Publish Date: Sun, 01 Mar 2026 07:41 PM (IST)
Updated Date: Mon, 02 Mar 2026 04:13 AM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਕਿਡਜੋਨ ਸਕੂਲ ਭੋਗਪੁਰ ਵੱਲੋਂ ਨੰਨ੍ਹੇ-ਮੁੰਨੇ ਬੱਚਿਆਂ ਲਈ ਇਕ ਸਿੱਖਿਆਤਮਕ ਦੌਰਾ ਕਰਵਾਇਆ ਗਿਆ, ਜਿਸ ਤਹਿਤ ਬੱਚਿਆਂ ਨੂੰ ਸੁਪਰ ਮਾਰਕੀਟ ’ਚ ਲਿਜਾ ਕੇ ਖ਼ਰੀਦਦਾਰੀ ਦੇ ਮੂਲ ਗੁਣ ਸਿਖਾਏ ਗਏ। ਇਸ ਦੌਰੇ ਦੌਰਾਨ ਬੱਚਿਆਂ ਨੂੰ ਸਮਝਾਇਆ ਗਿਆ ਕਿ ਖ਼ਰੀਦਦਾਰੀ ਸਮੇਂ ਵਸਤੂਆਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ ਤੇ ਉਨ੍ਹਾਂ ਦੀ ਅਦਾਇਗੀ ਕਿਵੇਂ ਕੀਤੀ ਜਾਂਦੀ ਹੈ। ਅਧਿਆਪਕਾਵਾਂ ਕੁਲਦੀਪ, ਜੋਤੀ ਤੇ ਪਾਇਲ ਨੇ ਬੱਚਿਆਂ ਨੂੰ ਮਾਰਕੀਟ ’ਚ ਸਹੀ ਚੀਜ਼ਾਂ ਦੀ ਪਹਿਚਾਣ, ਕੀਮਤ ਦੇਖਣ ਤੇ ਲੋੜ ਅਨੁਸਾਰ ਖਰੀਦਦਾਰੀ ਕਰਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਸਿਹਤ ਲਈ ਹਾਨੀਕਾਰਕ ਵਸਤੂਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਸਦਾ ਪੋਸ਼ਟਿਕ ਤੇ ਲਾਭਦਾਇਕ ਚੀਜ਼ਾਂ ਦੀ ਚੋਣ ਕਰਨੀ ਚਾਹੀਦੀ ਹੈ। ਸਕੂਲ ਪ੍ਰਬੰਧਕਾਂ ਅਨੁਸਾਰ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਸਰਵਾਂਗੀਣ ਵਿਕਾਸ ਲਈ ਬਹੁਤ ਜ਼ਰੂਰੀ ਹਨ। ਮਾਪਿਆਂ ਨੇ ਵੀ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੇ ਪ੍ਰਯੋਗਾਤਮਕ ਅਨੁਭਵ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਅਸਲ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨੂੰ ਸਮਝਣ ’ਚ ਮਦਦ ਕਰਦੇ ਹਨ। ਸਕੂਲ ਦੇ ਡਾਇਰੈਕਟਰ ਸਰਬਜੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਦੌਰਿਆਂ ਦਾ ਮਕਸਦ ਬੱਚਿਆਂ ਨੂੰ ਸਮਾਜ ਨਾਲ ਕਦਮ ਮਿਲਾ ਕੇ ਚੱਲਣ ਤੇ ਵਿਹਾਰਕ ਗਿਆਨ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨਾ ਹੈ। ਦੌਰੇ ਦੌਰਾਨ ਬੱਚੇ ਕਾਫ਼ੀ ਉਤਸ਼ਾਹਿਤ ਨਜ਼ਰ ਆਏ ਤੇ ਉਨ੍ਹਾਂ ਨੇ ਇਸ ਅਨੁਭਵ ਦਾ ਪੂਰਾ ਆਨੰਦ ਮਾਣਿਆ।