ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ 16 ਨੂੰ
ਸ਼ਹੀਦ ਰੰਗਾ ਸਿੰਘ ਖੁਰਦਪੁਰ ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਖੁਰਦਪੁਰ ਸਮਾਗਮ 16 ਮਾਰਚ ਨੂੰ
Publish Date: Tue, 10 Mar 2026 07:16 PM (IST)
Updated Date: Tue, 10 Mar 2026 07:18 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਤਪ ਅਸਥਾਨ ਖੁਰਦਪੁਰ ਦੇ ਪ੍ਰਧਾਨ ਸੁਖਦੇਵ ਸਿੰਘ, ਸਕੱਤਰ ਮਾਸਟਰ ਪਰਮਜੀਤ ਸਿੰਘ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤਦ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਤੇ ਇਤਿਹਾਸ ਕਮੇਟੀ ਦੇ ਕਨਵੀਨਰ ਚਰੰਜੀ ਲਾਲ ਕੰਗਣੀਵਾਲ ਨੇ ਦੱਸਿਆ ਕਿ ਸ਼ਹੀਦ ਭਾਈ ਬਲਵੰਤ ਸਿੰਘ ਤੇ ਸ਼ਹੀਦ ਰੰਗਾ ਸਿੰਘ ਖੁਰਦਪੁਰ ਦੀ ਯਾਦ ਚ ਹਰ ਸਾਲ ਹੋਣ ਵਾਲਾ ਯਾਦਗਾਰੀ ਸਮਾਗਮ ਇਸ ਵਾਰ ਬਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ ਨੂੰ ਸਮਰਪਤ ਕੀਤਾ ਜਾ ਰਿਹਾ ਹੈ। ਇਸ ਸਮਾਗਮ ’ਚ ਇਲਾਕੇ ਦੇ ਸਮੂਹ ਗ਼ਦਰੀ ਤੇ ਬੱਬਰ ਅਕਾਲੀ ਲਹਿਰ ਦੇ ਪਿੰਡਾਂ ਨੂੰ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਗਈ ਹੈ ਤੇ ਇਲਾਕੇ ਦੇ ਪਿੰਡਾਂ ’ਚ ਜਾ ਕੇ ਸੱਦਾ ਪੱਤਰ ਵੀ ਦਿੱਤੇ ਜਾ ਰਹੇ ਹਨ। ਖੁਰਦਪੁਰ ਨਗਰ ਦੀ ਸਮਾਗਮ ਪ੍ਰਬੰਧਕੀ ਕਮੇਟੀ ਤੇ ਸਹਿਯੋਗੀ ਦੇਸ ਭਗਤ ਯਾਦਗਾਰ ਕਮੇਟੀ ਵੱਲੋਂ ਸਬੰਧਤ ਨਗਰਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਜਾਣਗੇ। ਇਹ ਸਮਾਗਮ 16 ਮਾਰਚ ਸਵੇਰੇ 11 ਵਜੇ ਗੁਰਦੁਆਰਾ ਤਪ ਅਸਥਾਨ ਖੁਰਦਪੁਰ ਵਿਖੇ ਹੋਏਗਾ। ਇਸ ਸਮਾਗਮ ਤੋਂ ਹੋਰਨਾਂ ਇਲਾਕਿਆਂ ’ਚ ਵੀ ਅਜਿਹੇ ਸਮਾਗਮ ਕਰਨ ਤੇ ਸਾਲਾਨਾ ਮੁਹਿੰਮ ਦੀ ਸਿਖ਼ਰ ਤੇ ਪਹਿਲੀ ਨਵੰਬਰ ਮੇਲਾ ਗ਼ਦਰੀ ਬਾਬਿਆਂ ਦਾ ਮੌਕੇ ਦੇਸ਼ ਭਗਤ ਯਾਦਗਾਰ ਹਾਲ ਪੁੱਜਣ ਤੇ ਮੇਲੇ ਨੂੰ ਹਰ ਪੱਖੋਂ ਸਫ਼ਲ ਕਰਨ ਲਈ ਅਪੀਲ ਕੀਤੀ ਜਾਵੇਗੀ।