ਸਿਆਸੀ ਫਾਇਦੇ ਲਈ ਕਾਹਲੀ ਨਾ ਕਰੋ : ਖੜਗੇ
ਜਾਗਰਣ ਬਿਊਰੋ, ਨਵੀਂ ਦਿੱਲੀ
Publish Date: Sun, 12 Apr 2026 08:44 PM (IST)
Updated Date: Sun, 12 Apr 2026 08:49 PM (IST)

ਜਾਗਰਣ ਬਿਊਰੋ, ਨਵੀਂ ਦਿੱਲੀ : ਮਹਿਲਾ ਰਾਖਵੇਂਕਰਨ ਬਿੱਲ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਰੀਆਂ ਸਿਆਸੀ ਪਾਰਟੀ ਨੂੰ ਪੱਤਰ ਲਿਖ ਕੇ ਮੰਗੇ ਗਏ ਸਮਰਥਨ ’ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਹੱਦਬੰਦੀ ਤੇ ਦੂਜੇ ਪਹਿਲੂਆਂ ਦੇ ਬਿਓਰੇ ਤੋਂ ਬਿਨਾਂ ਇਸ ਬਿੱਲ ’ਤੇ ਚਰਚਾ ਕਰਨਾ ਅਸੰਭਵ ਹੋਵੇਗਾ। ਇਹ ਅਜੇ ਤੱਕ ਉਨ੍ਹਾਂ ਨਾਲ ਸਾਂਝਾ ਨਹੀਂ ਕੀਤਾ ਗਿਆ ਹੈ। ਅਜਿਹੇ ’ਚ ਉਨ੍ਹਾਂ ਦੀ ਮੰਗ ਹੈ ਕਿ ਪੰਜ ਸੂਬਿਆਂ ’ਚ ਚੱਲ ਰਹੀਆਂ ਚੋਣਾਂ ਦੇ 29 ਅਪ੍ਰੈਲ ਨੂੰ ਖਤਮ ਹੋਣ ਤੋਂ ਬਾਅਦ ਇਸ ਮੁੱਦੇ ’ਤੇ ਇਕ ਸਰਬਪਾਰਟੀ ਬੈਠਕ ਸੱਦੀ ਜਾਵੇ। ਉਸ ਤੋਂ ਬਾਅਦ ਆਮ ਸਹਿਮਤੀ ਨਾਲ ਇਸ ’ਤੇ ਫੈਸਲਾ ਕੀਤਾ ਜਾਵੇ। ਪੀਐੱਮ ਮੋਦੀ ਨੂੰ ਪੱਤਰ ਲਿਖ ਕੇ ਖੜਗੇ ਨੇ ਕਿਹਾ ਕਿ ਪੰਜ ਸੂਬਿਆਂ ’ਚ ਚੱਲ ਰਹੀਆਂ ਚੋਣਾਂ ਵਿਚਾਲੇ ਸੰਸਦ ਦਾ ਵਿਸ਼ੇਸ਼ ਅਜਲਾਸ ਸੱਦਨ ਨਾਲ ਇਹ ਗੱਲ ਹੋਰ ਵੀ ਪੱਕੀ ਹੁੰਦੀ ਹੈ ਕਿ ਸਰਕਾਰ ਸਿਆਸੀ ਫਾਇਦੇ ਲਈ ਮਹਿਲਾ ਰਾਖਵਾਂਕਰਨ ਕਾਨੂੰਨ ਨੂੰ ਲਾਗੂ ਕਰਨ ਦੀ ਕਾਹਲੀ ਕਰ ਰਹੀ ਹੈ। ਖੜਗੇ ਨੇ ਕਿਹਾ ਕਿ ਜਿਵੇਂ ਤੁਸੀਂ ਜਾਣਦੇ ਹੋ, ਨਾਰੀ ਸ਼ਕਤੀ ਵੰਦਨ ਬਿੱਲ ਨੂੰ ਸੰਸਦ ਨੇ ਸਤੰਬਰ 2023 ’ਚ ਪਾਸ ਕੀਤਾ ਸੀ। ਉਸ ਸਮੇਂ ਕਾਂਗਰਸ ਪਾਰਟੀ ਨੇ ਇਸ ਨੂੰ ਤੁਰੰਤ ਲਾਗੂ ਕਰਨ ਦੀ ਵੀ ਮੰਗ ਕੀਤੀ ਸੀ। ਪੀਐੱਮ ਦੇ ਪੱਤਰ ਦਾ ਜਵਾਬ ਦਿੰਦੇ ਹੋਏ ਖੜਗੇ ਨੇ ਕਿਹਾ,‘ਤੁਸੀਂ ਲਿਖਿਆ ਹੈ ਕਿ ਤੁਹਾਡੀ ਸਰਕਾਰ ਨੇ ਇਸ ਬਾਰੇ ਸਿਆਸੀ ਪਾਰਟੀਆਂ ਨਾਲ ਗੱਲਬਾਤ ਕੀਤੀ ਹੈ ਜਦਕਿ ਸੱਚਾਈ ਇਹ ਹੈ ਕਿ ਸਾਰੀਆਂ ਵਿਰੋਧੀ ਪਾਰਟੀਆਂ ਸਰਕਾਰ ਨੂੰ ਚੋਣ ਖਤਮ ਹੋਣ ਤੋਂ ਬਾਅਦ ਭਾਵ 29 ਅਪ੍ਰੈਲ ਤੋਂ ਬਾਅਦ ਸੰਵਿਧਾਨ ’ਚ ਕੀਤੇ ਜਾ ਰਹੇ ਬਦਲਾਵਾਂ ’ਤੇ ਚਰਚਾ ਕਰਨ ਲਈ ਸਰਬਪਾਰਟੀ ਬੈਠਕ ਬੁਲਾਉਣ ਦੀ ਮੰਗ ਕਰ ਰਹੀ ਹੈ’।