-ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਪਾਲਕੀ ਸਾਹਿਬ ਦੇ ਪਿੱਛੇ ਚੱਲ ਕੇ ਲਿਆ ਲਾਹਾ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਨੂੰ ਸਮਰਪਿਤ ਖ਼ਾਲਸਾ ਮਾਰਚ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਤੋਂ ਦੁਪਹਿਰ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ’ਚ ਜੈਕਾਰਿਆਂ ਦੀ ਗੂੰਜ ਨਾਲ ਬੈਂਡ ਵਾਜਿਆਂ ਦੀਆਂ ਧੁਨਾਂ ਨਾਲ ਸ਼ਾਨੋ-ਸ਼ੌਕਤ ਨਾਲ ਆਰੰਭ ਹੋਇਆ। ਖਾਲਸਾ ਮਾਰਚ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਮਾਡਲ ਟਾਊਨ ਮਾਰਕੀਟ ਗੁਰਦੁਆਰਾ ਮਾਡਲ ਟਾਊਨ, ਗੁਰੂ ਨਾਨਕ ਮਿਸ਼ਨ ਚੌਕ, ਸਕਾਈ ਲਾਰਕ ਹੋਟਲ, ਵਾਲਮੀਕਿ ਚੌਕ, ਪੁਲੀ ਅਲੀ ਮੁਹੱਲਾ, ਬਸਤੀ ਅੱਡਾ, ਪਟੇਲ ਚੌਕ, ਗੁਰਦੁਆਰਾ ਰਾਮਗੜ੍ਹੀਆ, ਕਪੂਰਥਲਾ ਚੌਕ, ਗੁਰਦੁਆਰਾ ਡੇਰਾ ਸੰਤਗੜ੍ਹ ਹਰਖੋਵਾਲ, ਮਿੱਠੂ ਬਸਤੀ ਰੋਡ ਤੋਂ ਗੁਰਦੁਆਰਾ ਬਾਬਾ ਬਚਿੱਤਰ ਸਿੰਘ ਤੋਂ ਹੁੰਦਾ ਹੋਇਆ ਗੁਰਦੁਆਰਾ ਆਦਰਸ਼ ਨਗਰ ਬਸਤੀ, ਬਸਤੀ ਗੁਜ਼ਾਂ, ਭਈਆ ਮੰਡੀ ਚੌਕ ਤੋਂ ਗੁਰੂ ਹਰਗੋਬਿੰਦ ਮਾਰਗ ਤੋਂ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ’ਚ ਦੇਰ ਰਾਤ ਅਕਾਲ ਪੁਰਖੁ ਦੀ ਕਿਰਪਾ ਨਾਲ ਆਪਣੇ-ਆਪ ’ਚ ਇਤਿਹਾਸਕ ਛਾਪ ਛੱਡਦਾ ਹੋਇਆ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ’ਚ ਜੈਕਾਰਿਆਂ ਦੀ ਗੂੰਜ ਨਾਲ ਸੰਪੰਨ ਹੋਇਆ। ਜਿਥੇ ਵਿਸ਼ੇਸ਼ ਦੀਵਾਨ ਸਜਾਏ ਗਏ। ਵੱਖ-ਵੱਖ ਥਾਵਾਂ ’ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ’ਤੇ ਫੁੱਲਾਂ ਦੀ ਵਰਖਾ ਹੋਈ ਤੇ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦੀ ਸੇਵਾ ਕੀਤੀ ਗਈ। ਪਾਲਕੀ ਸਾਹਿਬ ਦੇ ਨਾਲ ਕੀਰਤਨ ਦੀ ਸੇਵਾ ਭਾਈ ਜਸਪਾਲ ਸਿੰਘ ਰਾਜ ਨਗਰ ਵਾਲਿਆਂ ਦੇ ਜਥੇ ਨੇ ਕੀਤੀ। ਵਾਜਿਆਂ ਦੀਆਂ ਧੁਨਾਂ ਉਸਦੇ ਪਿੱਛੇ ਘੋੜਸਵਾਰ ਨਿਹੰਗ ਸਿੰਘ ਫੌਜਾਂ ਅਤੇ ਵਾਹਨਾਂ ਤੇ ਦੋਪਹੀਆ ਵਾਹਨਾਂ ਦੇ ਕਾਫਲੇ ਵਿਚ ਸੰਗਤਾਂ ਨਗਰ ਕੀਰਤਨ ’ਚ ਸ਼ਮੂਲੀਅਤ ਕੀਤੀ। ----------------------- ਖਾਲਸਾਈ ਰੰਗ ਵਿਚ ਰੰਗਿਆ ਮਾਰਚ ਖਾਲਸਾ ਮਾਰਚ ’ਚ ਪੁਰਸ਼ ਕੇਸਰੀ ਦਸਤਾਰਾਂ, ਚਿੱਟੇ ਕੁੜਤੇ ਪਜਾਮੇ ਤੇ ਬੀਬੀਆਂ ਕੇਸਰੀ ਦੁਪੱਟੇ ਤੇ ਚਿੱਟੇ ਸੂਟ ਪਾ ਕੇ ਸ਼ਾਮਲ ਹੋਈਆਂ, ਜਿਨ੍ਹਾਂ ਨੇ ਖਾਲਸਾ ਮਾਰਚ ਨੂੰ ਖ਼ਾਲਸਾਈ ਰੰਗ ਵਿਚ ਰੰਗਿਆਂ। ਘੋੜ ਸਵਾਰ ਨਿਹੰਗ ਸਿੰਘ ਫੌਜਾਂ ਤੇ ਵਾਹਨਾਂ ਤੇ ਸਵਾਰ ਕਾਫਲੇ ’ਚ ਸੰਗਤਾਂ ਨਗਰ ਕੀਰਤਨ ਵਿਚ ਸ਼ਾਮਲ ਹੋਈਆਂ। ਦਸਤਾਰਾਂ ਤੇ ਹਿੰਦੂ ਵੀਰਾਂ ਲਈ ਕੇਸਰੀ ਪਟਕੇ ਗੁਰਦਵਾਰਾ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਣ ਸਾਹਿਬ ਵਿਖੇ ਭੇਟਾ ਰਹਿਤ ਮੁਹੱਈਆ ਕਰਵਾਏ ਗਏ। ਆਗਾਜ਼ ਐੱਨਜੀਓ ਦੇ ਸਮੂਹ ਮੈਂਬਰਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਜਾਂ ਪਿਆਰਿਆਂ ਅਤੇ ਸੰਗਤਾਂ ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ---------------------------- ਪ੍ਰਬੰਧਕਾਂ ਨੇ ਸਹਿਯੋਗੀਆਂ ਤੇ ਸੰਗਤਾਂ ਦਾ ਕੀਤਾ ਧੰਨਵਾਦ ਖਾਲਸਾ ਮਾਰਚ ਦੇ ਆਗੂ ਹਰਪਾਲ ਸਿੰਘ ਚੱਢਾ ਚੇਅਰਮੈਨ ਸਿੱਖ ਤਾਲਮੇਲ ਕਮੇਟੀ, ਕੰਵਲਜੀਤ ਸਿੰਘ ਟੋਨੀ ਪ੍ਰਧਾਨ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਣ ਸਾਹਿਬ, ਗੁਰੂ ਤੇਗ ਬਹਾਦਰ ਨਗਰ, ਗੁਰਕਿਰਪਾਲ ਸਿੰਘ ਪ੍ਰਧਾਨ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਬਸਤੀ ਸ਼ੇਖ, ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨ ਤਜਿੰਦਰ ਸਿੰਘ ਪ੍ਰਦੇਸੀ, ਹਰਪ੍ਰੀਤ ਸਿੰਘ ਨੀਟੂ, ਗੁਰਦੇਵ ਸਿੰਘ ਭਾਟੀਆ, ਪਰਮਪ੍ਰੀਤ ਸਿੰਘ ਵਿੱਟੀ, ਸਤਪਾਲ ਸਿੰਘ ਸਿਦਕੀ, ਗੁਰਦੀਪ ਸਿੰਘ ਨੇ ਸਾਂਝੇ ਬਿਆਨ ’ਚ ਜੱਥੇਬੰਦੀਆਂ ਤੇ ਸਮੁੱਚੀਆਂ ਸੰਗਤਾ ਦਾ ਵੱਧ ਚੜ੍ਹ ਕੇ ਸਾਥ ਦੇਣ ਤੇ ਖਾਲਸਾ ਮਾਰਚ ’ਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। --------------------- ਮਹਾਮੰਡਲੇਸ਼ਵਰ ਸਵਾਮੀ ਸਾਂਤਾ ਨੰਦ ਵੱਲੋਂ ਸਵਾਗਤ ਮਹਾਮੰਡਲੇਸ਼ਵਰ ਸਵਾਮੀ ਸਾਂਤਾਨੰਦ, ਬਾਬਾ ਚਰਨ ਦਾਸ ਸਮੇਤ ਪ੍ਰਿਤਪਾਲ ਸਿੰਘ, ਗੁਰਸ਼ਰਨ ਸਿੰਘ ਆਦਿ ਵੱਲੋਂ ਪਟੇਲ ਚੌਕ ’ਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਫੁੱਲਾਂ ਦੀ ਵਰਖਾ ਕਰਨ ਤੋਂ ਇਲਾਵਾ ਸੰਗਤਾ ਲਈ ਲੰਗਰ ਲਾਇਆ ਗਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕਰਕੇ ਧੰਨਵਾਦ ਕੀਤਾ ਗਿਆ। ------------------------- ਡੇਰਾ ਸੰਤਗੜ੍ਹ ’ਚ ਹੋਇਆ ਭਰਵਾਂ ਸਵਾਗਤ, ਜੰਗ ਨੂੰ ਠੱਲ੍ਹ ਪਾਉਣ ਲਈ ਕੀਤੀ ਅਰਦਾਸ ਡੇਰਾ ਸੰਤਗੜ੍ਹ ਹਰਖੋਵਾਲ ’ਚ ਬਾਬਾ ਭਗਵਾਨ ਸਿੰਘ ਹਰਖੋਵਾਲੀਏ ਦੀ ਅਗਵਾਈ ’ਚ ਖਾਲਸਾ ਮਾਰਚ ’ਚ ਪਾਲਕੀ ਸਾਹਿਬ ’ਚ ਸੁਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਜਾਂ ਪਿਆਰਿਆਂ ਤੇ ਸ਼ਾਮਲ ਸੰਗਤਾਂ ਦਾ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ ਗਿਆ। ਗੁਰਦੁਆਰਾ ਸਾਹਿਬ ’ਚ ਸੰਗਤਾਂ ਨੂੰ ਲੰਗਰ ਛਕਾਇਆ ਗਿਆ। ਸੰਤ ਬਾਬਾ ਭਗਵਾਨ ਸਿੰਘ ਹਰਖੋਵਾਲੀਏ ਨੇ ਸਮੁੱਚੀ ਮਾਨਵਤਾ ਨੂੰ ਇਕ ਜੁੱਟ ਹੋ ਕੇ ਪਿਆਰ ਦਾ ਸਬੂਤ ਦਿਨ ਦੀ ਬੇਨਤੀ ਕੀਤੀ। ਉਨ੍ਹਾਂ ਸਮੁੱਚੇ ਸੰਸਾਰ ’ਚ ਜੰਗ ਦੇ ਬਣੇ ਹਾਲਾਤ ਨੂੰ ਠੱਲ ਪਾਉਣ ਲਈ ਤੇ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਅਰਦਾਸ ਕੀਤੀ। ਖਾਲਸਾ ਮਾਰਚ ’ਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ, ਸਰਪ੍ਰਸਤ ਜਸਵਿੰਦਰ ਸਿੰਘ ਮੱਕੜ, ਮਨਜੀਤ ਸਿੰਘ ਠੁਕਰਾਲ, ਜੋਗਿੰਦਰ ਸਿੰਘ ਲਾਇਲਪੁਰੀ, ਦਵਿੰਦਰ ਸਿੰਘ ਰਹੇਜਾ, ਪ੍ਰਧਾਨ ਮਹਿੰਦਰ ਜੀਤ ਸਿੰਘ, ਜਸਪ੍ਰੀਤ ਸਿੰਘ ਕੋਚੜ, ਪ੍ਰਧਾਨ ਗੁਰਬਖਸ਼ ਸਿੰਘ ਜੁਨੇਜਾ, ਰਜਿੰਦਰ ਸਿੰਘ ਮਿਗਲਾਨੀ,ਪ੍ਰਧਾਨ ਹਰਜੋਤ ਸਿੰਘ ਲੱਕੀ, ਰਣਜੀਤ ਸਿੰਘ ਗੋਲਡੀ ਮਕਸੂਦਾਂ, ਗੁਰਵਿੰਦਰ ਸਿੰਘ ਨਾਗੀ, ਕਮਲਜੀਤ ਸਿੰਘ ਧਿਮਾਨ, ਹਰਵਿੰਦਰ ਸਿੰਘ ਨਾਗੀ, ਹਰਵਿੰਦਰ ਸਿੰਘ ਜੱਬਲ, ਸਕੱਤਰ ਜਸਬੀਰ ਸਿੰਘ ਰੰਧਾਵਾ, ਆਗਾਜ ਐਨਜੀਓ ਦੇ ਮੁਖੀ ਪਰਮਪ੍ਰੀਤ ਸਿੰਘ ਵਿੱਟੀ, ਭਵਨ ਜੀਤ ਸਿੰਘ, ਪ੍ਰਧਾਨ ਚਰਨ ਸਿੰਘ ਮਕਸੂਦਾਂ, ਰੇਸਮ ਸਿੰਘ, ਬਾਬਾ ਬਲਵਿੰਦਰ ਸਿੰਘ, ਸੰਤ ਬਾਬਾ ਮਨਜੀਤ ਸਿੰਘ, ਭਾਈ ਘਨਈਆ ਸੇਵਕ ਦਲ ਦੇ ਮੁਖੀ ਸਤਪਾਲ ਸਿੰਘ ਸਿਦਕੀ,ਪਰਮਜੀਤ ਸਿੰਘ ਨੈਨਾ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਸਾਬਕਾ ਵਿਧਾਇਕ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਕੇ.ਡੀ.ਭੰਡਾਰੀ, ਸਾਬਕਾ ਐਮ ਪੀ ਸੁਸ਼ੀਲ ਰਿੰਕੂ, ਸੁਖਦੇਵ ਸਿੰਘ ਗਾਂਧੀ, ਕੰਵਲਜੀਤ ਸਿੰਘ ਮੱਕੜ, ਗੁਰਜੀਤ ਸਿੰਘ ਪੋਪਲੀ, ਜਸਕਰਨ ਸਿੰਘ ਆਦਿ ਸੰਗਤਾਂ ਨੇ ਹਾਜ਼ਰੀ ਭਰੀ।