ਖ਼ਾਲਸਾ ਕਾਲਜ ਵੱਲੋਂ ਕਾਨਫਰੰਸ ਲਈ ਹਰ ਮਦਦ ਦੇਣ ਦਾ ਭਰੋਸਾ
ਖ਼ਾਲਸਾ ਕਾਲਜ ਵੱਲੋਂ ਅੰਤਰਰਾਸ਼ਟਰੀ ਕਾਨਫਰੰਸ ਲਈ ਹਰ ਮਦਦ ਦੇਣ ਦਾ ਭਰੋਸਾ
Publish Date: Thu, 22 Jan 2026 07:26 PM (IST)
Updated Date: Thu, 22 Jan 2026 07:27 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਨੇ ਕਬੱਡੀ ’ਤੇ ਕਰਵਾਈ ਜਾ ਰਹੀ ਕੌਮਾਂਤਰੀ ਕਾਨਫਰੰਸ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਨੇ ਅਜੈਬ ਸਿੰਘ ਚੱਠਾ ਨੂੰ ਆਇਆਂ ਆਖਿਆ। ਕਬੱਡੀ ਬਾਰੇ ਚਰਚਾ ਕਰਦਿਆਂ ਉਨ੍ਹਾਂ ਦੱਸਿਆ ਕਿ ਲਾਇਲਪੁਰ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸਾਬਕਾ ਪ੍ਰਧਾਨ ਬਲਬੀਰ ਸਿੰਘ ਨੇ ਕਬੱਡੀ ਦੇ ਖੇਤਰ ਦੇ ਵਿਚ ਇਤਿਹਾਸਿਕ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਕਬੱਡੀ ਖੇਡ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਲਿਜਾਣ ਵਿੱਚ ਮੁੱਢਲੀ ਤੇ ਅਹਿਮ ਭੂਮਿਕਾ ਨਿਭਾਈ। ਅਜੈਬ ਸਿੰਘ ਚੱਠਾ ਨੇ ਪੁਰਾਣੇ ਦੌਰ ਨੂੰ ਯਾਦ ਕਰਦਿਆਂ ਕਿਹਾ ਕਿ ਬਲਬੀਰ ਸਿੰਘ ਜਿੱਥੇ ਅਕਾਦਮਿਕ ਖੇਤਰ ਵਿੱਚ ਪੰਜਾਬ ਨੂੰ ਸਭ ਤੋਂ ਅਗਾਂਹ ਵੇਖਣਾ ਚਾਹੁੰਦੇ ਸਨ, ਉੱਥੇ ਨਾਲ ਹੀ ਉਹ ਪਂਜਾਬੀ ਸੱਭਿਆਚਾਰ ਅਤੇ ਖੇਡਾਂ ਪ੍ਰਤੀ ਨੌਜਵਾਨ ਵਿਦਿਆਰਥੀਆਂ ਨੂੰ ਜੋੜਨ ਲਈ ਪੂਰੀ ਤਰ੍ਹਾਂ ਸਮਰਪਿਤ ਸਨ। ਅਜੈਬ ਸਿੰਘ ਹੁਣਾਂ ਨੇ ਦੱਸਿਆ ਕਿ ਉਹ ਕਬੱਡੀ ਨੂੰ ਅੰਤਰਰਾਸ਼ਟਰੀ ਮੰਚ ਉੱਪਰ ਲੈ ਕੇ ਜਾਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਤੇ ਜਗਤ ਪੰਜਾਬੀ ਸਭਾ ਦੇ ਸਹਿਯੋਗ ਨਾਲ ਇੱਕ ਅੰਤਰਰਾਸ਼ਟਰੀ ਕਬੱਡੀ ਕਾਨਫਰੰਸ ਕਰਵਾਉਣ ਜਾ ਰਹੇ ਹਨ। ਕਾਲਜ ਦੀ ਗਵਰਨਿੰਗ ਕੌਂਸਲ ਦੇ ਪ੍ਰਧਾਨ ਬਲਬੀਰ ਕੌਰ ਨੇ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਹਮੇਸ਼ਾ ਤੋਂ ਪਂਜਾਬੀ ਸੱਭਿਆਚਾਰ ਨਾਲ ਪ੍ਰਤੀਬੱਧ ਰਿਹਾ ਹੈ ਤੇ ਰਹੇਗਾ। ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਨੇ ਇਸ ਮੌਕੇ ਕਿਹਾ ਕਿ ਜਿੰਨਾ ਚਿਰ ਸਾਡੀ ਮਾਂ ਬੋਲੀ ਤੇ ਮਾਂ ਖੇਡ ਜਿਊਂਦੀ ਰਹੇਗੀ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਜਿਊਂਦੀ ਰਹੇਗੀ। ਉਨ੍ਹਾਂ ਨੇ ਇਸ ਕਾਨਫਰੰਸ ਲਈ ਕਾਲਜ ਵਲੋਂ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ। ਪ੍ਰਿੰਸੀਪਲ ਨੇ ਦੱਸਿਆ ਕਿ ਇਸ ਕਾਨਫਰੰਸ ਵਿਚ ਕਾਲਜ ਦੇ ਦੋ ਪ੍ਰੋਫੈਸਰ ਡਾ. ਹਰਜਿੰਦਰ ਸਿੰਘ ਸੇਖੋਂ ਤੇ ਡਾ. ਸੁਖਦੇਵ ਸਿੰਘ ਨਾਗਰਾ ਖੋਜ ਪੱਤਰ ਪੜ੍ਹਨਗੇ।