ਜਥੇਦਾਰ ਗੜਗੱਜ ਤੇ ਸੀਐੱਮ ਕਾਲੇ ਬੈਗ ਦੀ ਸੱਚਾਈ ਦੱਸਣ
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਬਉੱਚਤਾ ਦਾ ਖਿਆਲ ਰੱਖਦਿਆਂ
Publish Date: Mon, 02 Mar 2026 08:03 PM (IST)
Updated Date: Mon, 02 Mar 2026 08:04 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਬਉੱਚਤਾ ਦਾ ਖਿਆਲ ਰੱਖਦਿਆਂ 72 ਘੰਟਿਆਂ ’ਚ ਜਥੇਦਾਰ ਗੜਗੱਜ ਤੇ ਮੁੱਖ ਮੰਤਰੀ ਕੋਲੋਂ ਕਾਲੇ ਬੈਗ ਦੀ ਸੱਚਾਈ ਜਾਨਣ ਲਈ ਪ੍ਰੈੱਸ ਕਲੱਬ ਜਲੰਧਰ ਵਿਖੇ ਭਾਈ ਬਲਦੇਵ ਸਿੰਘ ਵਡਾਲਾ, ਭਾਈ ਬਲਦੇਵ ਸਿੰਘ ਸਿਰਸਾ, ਭਾਈ ਸੁਖਜੀਤ ਸਿੰਘ ਖੋਸਾ, ਗੁਰਦੁਆਰਾ ਸਾਹਿਬ ਰਾਮਪੁਰ ਖੇੜਾ ਦੇ ਸੰਤ ਬਾਬਾ ਸੇਵਾ ਸਿੰਘ, ਸਤਿਕਾਰ ਕਮੇਟੀ, ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਸਿੱਖ ਸਦਭਾਵਨ ਦਲ, ਸ਼ੇਰ-ਏ-ਪੰਜਾਬ ਦਲ ਆਦਿ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ 15 ਜਨਵਰੀ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਪੰਜਾਬ ਨੂੰ ਤਲਬ ਕੀਤਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਪੇਸ਼ ਹੋ ਕੇ ਮੁੱਖ ਮੰਤਰੀ ਨੇ ਸਪੱਸ਼ਟੀਕਰਨ ਦਿੱਤਾ ਸੀ। ਉੱਥੇ ਉਨ੍ਹਾਂ ਦੇ ਕੁਝ ਦਸਤਾਵੇਜ਼ ਵੀ ਕਾਲ਼ੇ ਬੈਗ ’ਚ ਜਥੇਦਾਰ ਅੱਗੇ ਪੇਸ਼ ਕੀਤੇ। ਜਿੰਨਾ ਬਾਬਤ ਪੱਤਰਕਾਰ ਨੇ ਜਥੇਦਾਰ ਗੜਗੱਜ ਨੂੰ ਸਵਾਲ ਪੁੱਛਿਆ ਸੀ ਕਿ ਉਸ ਕਾਲੇ ਬੈਗ ’ਚ ਆਖਿਰ ਹੈ ਕੀ ਤਾਂ ਜਵਾਬ ਮਿਲਿਆ ਸੀ ਕਿ ਕੁਝ ਨਹੀ। ਉਨਾਂ ਕਿਹਾ ਕਿ ਹੁਣ ਸਵਾਲ ਖੜ੍ਹਾ ਹੋ ਗਿਆ ਹੈ ਕਿ ਜੇਕਰ ਹੈ ਕੁਝ ਨਹੀਂ ਸੀ ਤਾਂ ਫਿਰ ਜਨਤਕ ਕੀਤਾ ਜਾਵੇ ਕਿ ਕਾਲਾ ਬੈਗ ਕਿਉਂ ਲਿਜਾਇਆ ਗਿਆ ਤਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਬ-ਉੱਚਤਾ ਹੇਠ ਮੁੱਖ ਮੰਤਰੀ ਦੇ ਅਹੁਦੇ ਦਾ ਤੇ ਜਥੇਦਾਰ ਦਾ ਸਤਿਕਾਰ ਬਣਿਆ ਰਹੇ। ਸਿੱਖ ਸੰਗਤ ਸਾਹਮਣੇ ਸੱਚ ਆਵੇ ਤੇ ਪਤਾ ਲੱਗੇ ਕਿ ਅਗਲੇਰੇ ਪ੍ਰਬੰਧ ਕੀ ਕੀਤੇ। ਕੀ 328 ਪਾਵਨ ਸਰੂਪ, ਸਿੱਖ ਇਤਿਹਾਸ, ਵਿਰਾਸਤਾਂ ਗੁਰੂ ਕੀਆਂ ਗੋਲਕਾਂ ਜ਼ਮੀਨਾਂ ਸ਼੍ਰੋਮਣੀ ਕਮੇਟੀ ਚੋਣਾਂ ਬੇ-ਅਦਬੀ ਕਾਂਡ ਸਭ ਦਾ ਸੌਦਾ ਹੋਇਆ ਸੀ। ਉਨ੍ਹਾਂ ਕਿਹਾ ਕਿ ਸੰਗਤ ਵੱਲੋਂ ਜਥੇਦਾਰ ਗੜਗੱਜ ਅਤੇ ਮੁੱਖ ਮੰਤਰੀ ਪੰਜਾਬ 72 ਘੰਟਿਆਂ ਦੇ ਅੰਦਰ-ਅੰਦਰ 15 ਜਨਵਰੀ ਨੂੰ ਆਖਿਰ ਕੀ ਹੋਇਆ ਸਪੱਸ਼ਟ ਕਰਨ, ਕਾਲੇ ਬੈਗ ’ਚ ਆਖਿਰ ਕੀ ਸੀ ਜਨਤਕ ਕੀਤਾ ਜਾਵੇ। ਮੌਕੇ ਵੀਡੀਓ ਵੀ ਬਣੀ ਹੋਵੇਗੀ ਉਹ ਵੀ ਜਨਤਕ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਪੱਸ਼ਟ ਨਾਂ ਕਰਨ ਦੀ ਸੂਰਤ ’ਚ ਅਗਲਾ ਪ੍ਰੋਗਰਾਮ ਦਿੱਤਾ ਜਾਵੇਗਾ। ਇਸ ਮੌਕੇ ਭਾਈ ਬਲਦੇਵ ਸਿੰਘ ਵਡਾਲਾ, ਭਾਈ ਬਲਦੇਵ ਸਿੰਘ ਸਿਰਸਾ, ਭਾਈ ਗੁਰਵਤਨ ਸਿੰਘ ਮੁਕੇਰੀਆਂ ਪੰਜਾਬ ਪ੍ਰਧਾਨ, ਭਾਈ ਸੁਖਜੀਤ ਸਿੰਘ ਖੋਸਾ, ਭਾਈ ਸੁਖਜੀਤ ਸਿੰਘ ਡਰੌਲੀ, ਭਾਈ ਹਰਜਿੰਦਰ ਸਿੰਘ ਸਿਆਲ, ਭਾਈ ਗੁਰਮੀਤ ਸਿੰਘ ਚੰਡੋਕ, ਭਾਈ ਸੁਰਿੰਦਰ ਸਿੰਘ, ਭਾਈ ਅਵਤਾਰ ਸਿੰਘ ਫਿਲੌਰ, ਭਾਈ ਅਵਤਾਰ ਸਿੰਘ ਕੈਂਟ, ਭਾਈ ਸਰਬਜੀਤ ਸਿੰਘ, ਭਾਈ ਹਰਪਿੰਦਰ ਸਿੰਘ ਮਹੱਦੀਪੁਰ, ਭਾਈ ਬਘੇਲ ਸਿੰਘ, ਭਾਈ ਗੁਰਮੀਤ ਸਿੰਘ ਚੰਡੋਕ ਆਦਿ ਹਾਜ਼ਰ ਸਨ।