ਕਰਤਾਰਪੁਰ ਪੁਲਿਸ ਨੇ ਥਾਣੇ ਦੇ ਗੇਟ ਨੂੰ ਮਾਰਿਆ ਤਾਲਾ

--ਬੇਅਬਦੀ ਸਬੰਧੀ ਪਰਚਾ ਦਰਜ ਕਰਵਾਉਣ ਲਈ ਜੱਥੇਬੰਦੀਆਂ ਵੱਲੋਂ ਸੜਕ ਜਾਮ, ਪੱਕਾ ਮੋਰਚਾ ਜਾਰੀ
ਕੁਲਦੀਪ ਸਿੰਘ ਵਾਲੀਆ, ਪੰਜਾਬੀ ਜਾਗਰਣ, ਕਰਤਾਰਪੁਰ : ਨੇੜਲੇ ਪਿੰਡ ਪੱਤੜ ਕਲਾਂ ਵਿਖੇ ਭਗਵਾਨ ਵਾਲਮੀਕਿ ਜੀ ਦੇ ਨਿਸ਼ਾਨ ਸਾਹਿਬ ਦੀ ਭੰਨ-ਤੋੜ ਕਰਨ ਅਤੇ ਬੇਅਦਬੀ ਕਰਵਾਉਣ ਵਾਲਿਆਂ ਖਿਲਾਫ਼ ਮਾਮਲਾ ਦਰਜ ਕਰਵਾਉਣ ਲਈ ਵੱਖ-ਵੱਖ ਜਨਤਕ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਪੁਲਿਸ ਅਧਿਕਾਰੀਆਂ ਦੇ ਪੱਖਪਾਤੀ ਰਵੱਈਏ ਖਿਲਾਫ਼ ਥਾਣੇ ਦੇ ਸਾਹਮਣੇ ਸੜਕ ’ਤੇ ਜਾਮ ਲਗਾ ਕੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ। ਇਹ ਮੋਰਚਾ ਦੁਪਹਿਰ 2:30 ਵਜੇ ਤੋਂ ਸ਼ੁਰੂ ਹੋਇਆ ਜੋ ਹੁਣ ਤੱਕ ਜਾਰੀ ਹੈ। ਇਸ ਮੌਕੇ ਗੱਲਬਾਤ ਲਈ ਕਪਤਾਨ ਪੁਲਿਸ ਸਥਾਨਕ ਡਾ. ਮੁਕੇਸ਼ ਕੁਮਾਰ ਨੇ ਆਗੂਆਂ ਨਾਲ ਮਸਲੇ ਦੇ ਹੱਲ ਲਈ ਗੱਲਬਾਤ ਕੀਤੀ ਪ੍ਰੰਤੂ ਗੱਲਬਾਤ ਕਿਸੇ ਪਾਸੇ ਨਹੀਂ ਲੱਗੀ। ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਮੁਕੱਦਮਾ ਦਰਜ ਨਹੀਂ ਕੀਤਾ ਜਾਂਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ।
ਇਸ ਮੌਕੇ ਪਿੰਡ ਪੱਤੜ ਕਲਾਂ ਦੇ ਵਾਸੀਆਂ ਸਰਬਜੀਤ ਸਿੰਘ,ਸਨੀ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਸਾਲ 1974 ਨੂੰ ਬੇਘਰਿਆਂ ਨੂੰ ਘਰ ਸਕੀਮ ਤਹਿਤ ਸਰਕਾਰ ਵਲੋਂ ਸਾਡੇ ਐੱਸ ਸੀ ਭਾਈਚਾਰੇ ਨਾਲ ਸੰਬੰਧਿਤ 100 ਤੋਂ ਵੱਧ ਬਜ਼ੁਰਗਾਂ ਨੂੰ ਪੰਚਾਇਤੀ ਜ਼ਮੀਨ ਚੋਂ 4-4 ਮਰਲੇ ਦੇ ਰਿਹਾਇਸ਼ੀ ਪਲਾਟ ਅਲਾਟ ਹੋਏ ਸਨ। ਇੰਤਕਾਲ ਵੀ ਮਾਲ ਮਹਿਕਮੇ ਦੇ ਰਿਕਾਰਡ ਵਿੱਚ ਦਰਜ ਹਨ। ਜ਼ਮੀਨ ਨੇੜੇ ਪਾਠ ਪੂਜਾ ਅਤੇ ਸੇਵਾ ਲਈ ਵਾਲਮੀਕਿ ਭਾਈਚਾਰੇ ਵਲੋਂ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਸਥਾਪਿਤ ਕਰਕੇ ਨਿਸ਼ਾਨ ਸਾਹਿਬ ਲਾਇਆ ਹੋਇਆ ਹੈ। 31 ਮਾਰਚ ਨੂੰ ਜਦੋਂ ਉਕਤ ਸਥਾਨ ਉੱਤੇ ਆ ਕੇ ਦੇਖਿਆ ਕਿ ਨਿਸ਼ਾਨ ਸਾਹਿਬ ਦੀ ਭੰਨਤੋੜ ਕੀਤੀ ਹੋਈ ਸੀ। 28 ਮਾਰਚ ਨੂੰ ਇਸ ਥਾਂ ’ਤੇ ਪਿੰਡ ਦੇ ਕੁੱਝ ਲੋਕ ਆਏ ਸਨ, ਜੋ ਧਮਕੀਆਂ ਦੇ ਕੇ ਗਏ ਸਨ ਕਿ ਤੁਸੀਂ ਨਿਸ਼ਾਨ ਸਾਹਿਬ ਲਾਇਆ ਹੈ, ਅਸੀਂ ਇਸ ਨੂੰ ਪੁੱਟ ਦੇਵਾਂਗੇ ਤੇ ਜ਼ਮੀਨ ’ਤੇ ਕਬਜ਼ਾ ਕਰ ਕੇ ਦਮ ਲਵਾਂਗੇ। ਭੰਨਤੋੜ ਤੇ ਬੇਅਦਬੀ ਨਾਲ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ।
ਕਪਤਾਨ ਪੁਲਿਸ ਸਥਾਨਕ ਤੇ ਥਾਣਾ ਮੁਖੀ ਵਲੋਂ ਤਿੰਨ ਦਿਨ ਪਹਿਲਾਂ ਕਈ ਘੰਟੇ ਗੱਲਬਾਤ ਕਰਕੇ ਇੱਕ ਘੰਟੇ ਵਿੱਚ ਪਰਚਾ ਦਰਜ ਕਰਨ ਲਿਖਤੀ ਦਰਖ਼ਾਸਤ ਲੈ ਲਈ ਗਈ ਸੀ, ਜਿਸ ’ਚ ਉਨ੍ਹਾਂ ਵਿਅਕਤੀਆਂ ਦੇ ਨਾਂ ਦਰਜ ਕਰ ਦਿੱਤੇ ਗਏ ਸਨ ਪਰ ਉੱਚ ਸਿਆਸੀ ਦਬਾਅ ਹੇਠ ਪੁਲਿਸ ਪਰਚਾ ਦਰਜ ਕਰਨ ਨਹੀਂ ਕੀਤਾ ਜਾ ਰਿਹਾ। ਆਗੂਆਂ ਨੇ ਦੋਸ਼ ਲਗਾਇਆ ਕਿ ਜਥੇਬੰਦੀਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਮਰਦ ਤੇ ਔਰਤਾਂ ਜਦੋਂ ਥਾਣਾ ਕਰਤਾਰਪੁਰ ਪੁੱਜੇ ਤਾਂ ਪੁਲਿਸ ਅਧਿਕਾਰੀਆਂ ਨੇ ਥਾਣੇ ਦੇ ਗੇਟ ਨੂੰ ਜਿੰਦਰਾਂ ਮਰ ਕੇ ਬੰਦ ਕਰ ਲਿਆ। ਇਸ ਕਾਰਨ ਸੜਕ ਜਾਮ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਦੇ ਪੱਖਪਾਤੀ ਰਵੱਈਏ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਤੁਰੰਤ ਕੇਸ ਦਰਜ ਕਰਨ ਦੀ ਮੰਗ ਕੀਤੀ।
ਇਸ ਮੌਕੇ ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਦੇ ਪ੍ਰਧਾਨ ਮਹਿੰਦਰ ਸਿੰਘ ਹਮੀਰਾ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਯੂਨੀਅਨ ਦੇ ਯੂਥ ਵਿੰਗ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ, ਆਦਿਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਦੇ ਕੌਮੀ ਚੇਅਰਮੈਨ ਜੋਗਿੰਦਰ ਸਿੰਘ ਮਾਨ, ਪੰਜਾਬ ਖੇਤ ਮਜ਼ਦੂਰ ਸਭਾ ਦੇ ਵੀਰ ਕੁਮਾਰ,ਜੌਰਜ ਚੰਦ ਪਾੜਾ, ਗੁਰੂ ਰਵਿਦਾਸ ਟਾਈਗਰ ਫੋਰਸ ਦੇ ਜੱਸੀ ਤੱਲ੍ਹਣ, ਅੰਬੇਡਕਰ ਸੈਨਾ ਦੇ ਪ੍ਰਧਾਨ ਬਲਵਿੰਦਰ ਬੁੱਗਾ, ਨਿਹੰਗ ਸਿੰਘ ਜਥੇਬੰਦੀਆਂ ਮਿਸਲ ਬਾਬਾ ਜੀਵਨ ਸਿੰਘ ਤੋਂ ਜਥੇਦਾਰ ਬਾਬਾ ਹੀਰਾ ਸਿੰਘ, ਜਥੇਦਾਰ ਬਾਬਾ ਰਵੀਪਾਲ ਸਿੰਘ ਆਨੰਦਪੁਰ ਵਾਲੇ ਤੇ ਭਗਵਾਨ ਵਾਲਮੀਕਿ ਕਮਲੇਸ਼ਵਰ ਐਜੂਕੇਸ਼ਨ ਟਰੱਸਟ ਚਰਨਜੀਤ ਹੰਸ ਤੋਂ ਆਦਿ ਨੇ ਵੀ ਸੰਬੋਧਨ ਕੀਤਾ।