ਕਬੱਡੀ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਜ਼ੋਰਾਂ ’ਤੇ
ਗੁਰੂ ਨਾਨਕ ਸਟੇਡੀਅਮ ਕਪੂਰਥਲਾ 'ਚ ਕਬੱਡੀ ਚੈਂਪੀਅਨਸ਼ਿਪ 3 ਫਰਵਰੀ ਨੂੰ
Publish Date: Fri, 30 Jan 2026 07:13 PM (IST)
Updated Date: Fri, 30 Jan 2026 07:16 PM (IST)

ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਦੁਆਬਾ ਸਪੋਰਟਸ ਕਲੱਬ ਵੱਲੋਂ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਦੂਸਰੀ ਕਬੱਡੀ ਚੈਂਪੀਅਨਸ਼ਿਪ 3 ਫਰਵਰੀ ਨੂੰ ਕਰਵਾਈ ਜਾ ਰਹੀ ਹੈ। ਕਲੱਬ ਦੇ ਪ੍ਰਬੰਧਕ ਬਲਜੀਤ ਸਿੰਘ ਔਜਲਾ, ਦੁੱਲਾ ਸੁਰਖਪੁਰ, ਜੱਸ ਖੇੜਾ, ਪੰਮਾ ਧੰਜੂ, ਸੋਨੂੰ ਇਬਰਾਹੀਮਵਾਲ, ਚੰਨਾ ਹੁੰਦਲ ਆਦਿ ਨੇ ਦੱਸਿਆ ਕਿ ਕਬੱਡੀ ਚੈਂਪੀਅਨਸ਼ਿਪ ਦੀ ਜੇਤੂ ਟੀਮ ਨੂੰ ਪਹਿਲਾਂ ਇਨਾਮ 6 ਲੱਖ ਰੁਪਏ ਅਤੇ ਉਪਜੇਤੂ ਟੀਮ ਨੂੰ ਦੂਜਾ ਇਨਾਮ 5 ਲੱਖ ਰੁਪਏ ਦਿੱਤਾ ਜਾਵੇਗਾ। ਚੈਂਪੀਅਨਸ਼ਿਪ ਦੇ ਬੈਸਟ ਰੇਡਰ ਅਤੇ ਜਾਫੀ ਨੂੰ ਬੁਲਟ ਮੋਟਰਸਾਈਕਲ ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਪੰਜਾਬੀ ਗਾਇਕ ਕੇ.ਐਸ.ਮੱਖਣ ਦਾ ਖੁੱਲ੍ਹਾ ਅਖਾੜਾ ਵੀ ਲਗਾਇਆ ਜਾਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਚੈਂਪੀਅਨਸ਼ਿਪ ਨੂੰ ਲੈ ਕੇ ਤਿਆਰੀਆਂ ਲਗਾਤਾਰ ਜਾਰੀ ਹਨ। ਕਬੱਡੀ ਚੈਂਪੀਅਨਸ਼ਿਪ ਦੌਰਾਨ ਪੰਜਾਬ ਦੇ ਜ਼ਿਲ੍ਹਿਆਂ ਦੀਆਂ ਟੀਮਾਂ ਅਤੇ ਇੱਕ ਹਰਿਆਣਾ ਦੀ ਟੀਮ ਹਿੱਸਾ ਲਵੇਗੀ। ਇਨ੍ਹਾਂ ਟੀਮਾਂ ’ਚ ਦੁਨੀਆ ਦੇ ਸੁਪਰ ਸਟਾਰ ਖਿਡਾਰੀ ਆਪਣੀ ਖੇਡ ਦੇ ਜੌਹਰ ਦਿਖਾਉਣਗੇ। ਇਸ ਸਬੰਧੀ ਵੱਖ-ਵੱਖ ਦੇਸ਼ਾਂ ਤੋਂ ਖੇਡ ਪ੍ਰਮੋਟਰ ਪੰਜਾਬ ਪਹੁੰਚ ਚੁੱਕੇ ਹਨ। ਕਬੱਡੀ ਦੇ ਪੁਰਾਣੇ ਸੁਪਰ ਸਟਾਰ ਖਿਡਾਰੀਆਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਚੈਂਪੀਅਨਸ਼ਿਪ ਕਰਵਾਉਣ ਦਾ ਮਕਸਦ ਨੌਜਵਾਨ ਪੀੜੀ ਨੂੰ ਖੇਡਾਂ ਦੇ ਨਾਲ ਜੋੜਨਾ ਹੈ ਅਤੇ ਇਹ ਲਗਾਤਾਰ ਦੂਸਰੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਆਉਂਦੇ ਸਾਲਾਂ ਵਿੱਚ ਵੀ ਇਸੇ ਤਰ੍ਹਾਂ ਇਹ ਚੈਂਪੀਅਨਸ਼ਿਪ ਜਾਰੀ ਰਹੇਗੀ। ਇਸ ਮੌਕੇ ਦਰਸ਼ਕਾਂ ਵਾਸਤੇ ਵੀ ਖਾਸ ਪ੍ਰਬੰਧ ਕੀਤੇ ਗਏ ਹਨ।