ਟੈੱਟ ਦੀ ਸ਼ਰਤ ਥੋਪਣ ਦੇ ਵਿਰੋਧ 'ਚ ਸਾਂਝੇ ਅਧਿਆਪਕ ਮੋਰਚੇ ਵੱਲੋਂ ਰੋਸ ਪ੍ਰਦਰਸ਼ਨ
ਟੈੱਟ ਦੀ ਸ਼ਰਤ ਥੋਪਣ ਦੇ ਵਿਰੋਧ 'ਚ ਸਾਂਝੇ ਅਧਿਆਪਕ ਮੋਰਚੇ ਵੱਲੋਂ ਸ਼ਾਹਕੋਟ ’ਚ ਰੋਸ ਪ੍ਰਦਰਸ਼ਨ
Publish Date: Wed, 11 Feb 2026 10:15 PM (IST)
Updated Date: Wed, 11 Feb 2026 10:17 PM (IST)

--ਐੱਸਡੀਐੱਮ ਦਫਤਰ ਤੇ ਪੁਲਿਸ ਸਟੇਸ਼ਨ ਦੇ ਬਾਹਰ ਜ਼ੋਰਦਾਰ ਨਾਅਰੇਬਾਜ਼ੀ --22 ਫਰਵਰੀ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਹਾਂਰੈਲੀ ਦੀ ਚਿਤਾਵਨੀ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸ਼ਾਹਕੋਟ ਤਹਿਸੀਲ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਤੇ ਆਧਾਰਿਤ ਸਾਂਝਾ ਅਧਿਆਪਕ ਮੋਰਚਾ ਤਹਿਸੀਲ ਸ਼ਾਹਕੋਟ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਨੌਕਰੀ ਕਰ ਰਹੇ ਅਧਿਆਪਕਾਂ ਉੱਪਰ ਟੀਚਰ ਐਲੀਜੀਬਿਲਟੀ ਟੈਸਟ (ਟੈੱਟ) ਪਾਸ ਕਰਨ ਦੀ ਸ਼ਰਤ ਲਾਗੂ ਕਰਨ ਦੇ ਵਿਰੋਧ ਵਿੱਚ ਬੁਧਵਾਰ ਸ਼ਾਹਕੋਟ ਵਿਖੇ ਅਧਿਆਪਕਾਂ ਵੱਲੋਂ ਪੁਲਿਸ ਸਟੇਸ਼ਨ ਤੇ ਐਸਡੀਐਮ ਦਫਤਰ ਦੇ ਬਾਹਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਪਿਛਲੇ 20-25 ਸਾਲਾਂ ਤੋਂ ਸਿੱਖਿਆ ਵਿਭਾਗ ਵਿੱਚ ਸੇਵਾਵਾਂ ਨਿਭਾ ਚੁੱਕੇ ਅਧਿਆਪਕਾਂ ਉੱਪਰ ਹੁਣ ਟੈੱਟ ਪਾਸ ਕਰਨ ਦੀ ਸ਼ਰਤ ਥੋਪਣਾ ਪੂਰੀ ਤਰ੍ਹਾਂ ਗੈਰ-ਵਿਗਿਆਨਕ ਅਤੇ ਤਰਕਹੀਣ ਫੈਸਲਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਅਧਿਆਪਕ ਆਪਣੇ ਸਮੇਂ ਦੀ ਭਰਤੀ ਦੀਆਂ ਸੇਵਾ ਸ਼ਰਤਾਂ ਅਤੇ ਨਿਯਮਾਂ ਅਨੁਸਾਰ ਆਪਣੀ ਯੋਗਤਾ ਪੂਰੀ ਕਰਕੇ ਹੀ ਨੌਕਰੀ ਵਿੱਚ ਆਏ ਸਨ। ਇੰਨੇ ਲੰਮੇ ਸਮੇਂ ਬਾਅਦ ਨਵੇਂ ਨਿਯਮ ਲਾਗੂ ਕਰਨਾ ਕੁਦਰਤੀ ਨਿਆਂ ਪ੍ਰਣਾਲੀ ਦੇ ਬਿਲਕੁਲ ਵਿਰੁੱਧ ਹੈ। ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਦੋਵੇਂ ਸਰਕਾਰਾਂ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦੇ ਕੇ ਅਧਿਆਪਕਾਂ ਤੇ ਇਹ ਟੈਸਟ ਥੋਪਣ ਲਈ ਕਾਹਲੀਆਂ ਪਈਆਂ ਹਨ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਮਸਲੇ ਦੇ ਹੱਲ ਲਈ ਸੰਸਦ ਵਿੱਚ ਬਕਾਇਦਾ ਕਾਨੂੰਨ ਪਾਸ ਕਰੇ। ਉਨ੍ਹਾਂ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਉਹ ਇਸ ਮਾਮਲੇ ਵਿੱਚ ਕਾਹਲੀ ਨਾ ਕਰੇ ਅਤੇ ਅਧਿਆਪਕਾਂ ਦੇ ਹਿੱਤਾਂ ਦੀ ਰਾਖੀ ਯਕੀਨੀ ਬਣਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 22 ਫਰਵਰੀ ਨੂੰ ਪੰਜਾਬ ਭਰ ਦੇ ਅਧਿਆਪਕ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਮਹਾਂਰੈਲੀ ਕਰਨਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਰੋਸ ਪ੍ਰਦਰਸ਼ਨ ਦੌਰਾਨ ਗੁੱਸੇ ਵਿੱਚ ਆਏ ਅਧਿਆਪਕਾਂ ਨੇ ਸਿੱਖਿਆ ਵਿਭਾਗ ਵੱਲੋਂ 7 ਫਰਵਰੀ 2026 ਨੂੰ ਜਾਰੀ ਕੀਤੇ ਗਏ ਉਸ ਪੱਤਰ ਦੀਆਂ ਕਾਪੀਆਂ ਵੀ ਫੂਕੀਆਂ, ਜਿਸ ਵਿੱਚ ਮਾਸਟਰ ਕਾਡਰ ਦੀਆਂ ਪਦਉਨਤੀਆਂ ਲਈ ਟੀਈਟੀ ਪਾਸ ਹੋਣ ਦੀ ਸ਼ਰਤ ਲਗਾਈ ਗਈ ਹੈ। ਇਸਦੇ ਨਾਲ ਹੀ 14 ਸਤੰਬਰ 2017 ਨੂੰ ਜਾਰੀ ਕੀਤੇ ਗਏ ਉਸ ਪੱਤਰ ਦਾ ਵੀ ਵਿਰੋਧ ਕੀਤਾ ਗਿਆ, ਜਿਸ ਰਾਹੀਂ ਟੀਈਟੀ ਤੋਂ ਮਿਲੀ ਛੋਟ ਨੂੰ ਰੱਦ ਕਰ ਦਿੱਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਮੰਗਾਂ ਸਬੰਧੀ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ। ਇਸ ਪ੍ਰਦਰਸ਼ਨ ਵਿੱਚ ਡੀਟੀਐੱਫ ਤੋਂ ਕੁਲਵਿੰਦਰ ਜੋਸਨ ਤੇ ਅੰਮ੍ਰਿਤਪਾਲ ਸਿੰਘ ਕੰਗ, ਜੀਟੀਯੂ ਤੋਂ ਰਮਨ ਗੁਪਤਾ ਤੇ ਕਮਲਜੀਤ ਸਿੰਘ, ਈਟੀਟੀ ਯੂਨੀਅਨ ਤੋਂ ਬੇਅੰਤ ਸਿੰਘ, ਗੁਰਪ੍ਰੀਤ ਸਿੰਘ ਤੇ ਬਰਿੰਦਰ ਪਾਲ ਸਿੰਘ , ਕੰਪਿਊਟਰ ਅਧਿਆਪਕ ਯੂਨੀਅਨ ਤੋਂ ਕੁਲਵਿੰਦਰ ਸਿੰਘ ਤੇ ਭੁਪਿੰਦਰ ਸਿੰਘ, ਬੀ.ਐੱਡ ਯੂਨੀਅਨ ਤੋਂ ਅਮਰਪ੍ਰੀਤ ਸਿੰਘ, ਸੀਐੱਚਟੀ. ਤੋਂ ਸੁਰਿੰਦਰ ਕੁਮਾਰ ਵਿੱਗ ਤੇ ਅਮਰਦੀਪ ਸਿੰਘ ਚੰਦੀ, ਪੈਨਸ਼ਨਰ ਐਸੋਸੀਏਸ਼ਨ ਤੋਂ ਰਾਕੇਸ਼ ਚੰਦ, ਨਰੇਸ਼ ਕੁਮਾਰ, ਸੂਰਤ ਸਿੰਘ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਹੋਰ ਆਗੂ ਅਤੇ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।