ਆਂਧਰਾ ’ਚ ਇਕ ਘਰ ’ਚ ਧਮਾਕਾ, ਚਾਰ ਦੀ ਮੌਤ
ਕੰਮਲਾਵਾਂਡਲਾ ਪੱਲੀ (ਪੀਟੀਆਈ) :
Publish Date: Thu, 16 Apr 2026 07:35 PM (IST)
Updated Date: Thu, 16 Apr 2026 07:39 PM (IST)
ਕੰਮਲਾਵਾਂਡਲਾ ਪੱਲੀ (ਪੀਟੀਆਈ) : ਆਂਧਰ ਪ੍ਰਦੇਸ਼ ਦੇ ਸਤਿਆਸਾਈ ਜ਼ਿਲ੍ਹੇ ਦੇ ਕੰਮਲਾਵਾਂਡਲਾ ਪੱਲੀ ’ਚ ਬੁੱਧਵਾਰ ਨੂੰ ਭਿਆਨਕ ਧਮਾਕੇ ’ਚ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ 29 ਲੋਕ ਜ਼ਖ਼ਮੀ ਹੋ ਗਏ। ਇਹ ਧਮਾਕਾ ਗੈਸ ਸਟੋਵ ’ਚ ਅੱਗ ਲੱਗਨ ਕਾਰਨ 150 ਜਿਲੇਟਿਨ ਦੀਆਂ ਛੜਾਂ ਦੇ ਫਟਨ ਨਾਲ ਹੋਇਆ। ਧਮਾਕੇ ਕਾਰਨ ਦੋ ਘਰ ਪੂਰੀ ਤਰ੍ਹਾਂ ਢਹਿ ਗਏ ਜਦਕਿ ਚਾਰ ਘਰਾਂ ਨੂੰ ਅੰਸ਼ਕ ਤੌਰ ’ਤੇ ਨੁਕਸਾਨ ਪਹੁੰਚਿਆ।
ਸ੍ਰੀ ਸਤਿਆਸਾਈ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਐੱਸ ਸਤੀਸ਼ ਨੇ ਦੱਸਿਆ ਕਿ ਦੋ ਕਮਰਿਆਂ ਵਾਲੇ ਘਰ ’ਚ 55 ਸਾਲਾ ਵੇਂਕੰਨਾ ਗੈਸ ਸਟੋਵ ’ਤੇ ਚਾਹ ਬਣਾ ਰਿਹਾ ਸੀ, ਉਦੋਂ ਸਟੋਵ ਤੇ ਸਿਲੰਡਰ ਨੂੰ ਜੋੜਨ ਵਾਲੀ ਪਾਈਪ ਟੁੱਟ ਗਈ। ਗੈਸ ਲੀਕ ਹੋਣ ਨਾਲ ਅੱਗ ਲੱਗ ਗਈ। ਅੱਗ ਦੇ ਕਾਰਨ ਜਿਲੇਟਿਨ ਦੀਆਂ ਛੜਾਂ ਇਕ-ਇਕ ਕਰਕੇ ਫਟ ਗਈਆਂ। ਅੱਗ ਲੱਗਣ ’ਤੇ ਵੇਂਕੰਨਾ ਤੇ ਉਸ ਦੇ ਪਰਿਵਾਰ ਦੇ ਛੇ ਹੋਰ ਮੈਂਬਰ ਕਿਸੇ ਤਰ੍ਹਾਂ ਬਚ ਨਿਕਲਣ ’ਚ ਸਫ਼ਲ ਰਹੇ ਪਰ ਅੱਗ ਬੁਝਾਉਣ ਲਈ ਦੌੜੇ ਲਗਪਗ 50 ਲੋਕ ਧਮਾਕੇ ਦੀ ਚਪੇਟ ’ਚ ਆ ਗਏ। ਪੁਲਿਸ ਦੇ ਅਨੁਸਾਰ ਵੇਂਕੰਨਾ ਡ੍ਰਿਲਿੰਗ ਮਸ਼ੀਨ ਨਾਲ ਵੱਡੇ-ਵੱਡੇ ਪੱਥਰ ਤੇ ਚੱਟਾਨਾਂ ਨੂੰ ਤੋੜ ਕੇ ਗੁਜ਼ਾਰਾ ਕਰਦਾ ਹੈ। ਇਸ ਲਈ ਉਹ ਪੱਥਰਾਂ ਨੂੰ ਤੋੜਨ ਲਈ ਜਿਲੇਟਿਨ ਦੀਆਂ ਛੜਾਂ ਦਾ ਇਸਤੇਮਾਲ ਕਰਦੇ ਹਨ। ਉਸ ਦੇ ਘਰ ’ਚ 150 ਤੋਂ ਵੱਧ ਛੜਾਂ ਰੱਖੀਆਂ ਹੋਈਆਂ ਸਨ।