ਨਕੋਦਰ ਦੇ ਪੋਸ਼ ਇਲਾਕੇ ’ਚੋਂ ਗਹਿਣੇ ਤੇ ਨਕਦੀ ਚੋਰੀ
ਨਕੋਦਰ ਦੇ ਪੋਸ਼ ਇਲਾਕੇ ’ਚ ਚੋਰੀ, ਸੋਨੇ ਦੇ ਗਹਿਣੇ ਤੇ ਨਕਦੀ ਲੈ ਉੱਡੇ ਚੋਰ
Publish Date: Wed, 11 Mar 2026 08:31 PM (IST)
Updated Date: Wed, 11 Mar 2026 08:33 PM (IST)
ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਨਕੋਦਰ ਦੇ ਮੁਹੱਲਾ ਜੀਟੀਬੀ ਨਗਰ ’ਚ ਅਣਪਛਾਤੇ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੀ ਚੋਰੀ ਕਰ ਲਈ। ਚੋਰ ਘਰ ’ਚੋਂ ਲਗਭਗ 9-10 ਤੋਲੇ ਸੋਨੇ ਦੇ ਗਹਿਣੇ ਤੇ ਕਰੀਬ 2.5 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਇਸ ਘਟਨਾ ਨਾਲ ਘਰ ਦੇ ਮਾਲਕ ਨੂੰ ਲਗਪਗ 17-18 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮੁਹੱਲਾ ਜੀਟੀਬੀ ਨਗਰ ਦੇ ਰਹਿਣ ਵਾਲੇ ਸੰਜੀਵ ਜੈਨ ਉਰਫ਼ ਬੌਬੀ, ਜੋ ਕਿ ਕੱਪੜਿਆਂ ਦੀ ਦੁਕਾਨ ਚਲਾਉਂਦੇ ਹਨ, ਮੰਗਲਵਾਰ ਦੁਪਹਿਰ ਆਪਣੇ ਪਰਿਵਾਰ ਸਮੇਤ ਲੁਧਿਆਣਾ ’ਚ ਇਕ ਰਿਸ਼ਤੇਦਾਰ ਦੇ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਗਏ ਹੋਏ ਸਨ। ਸ਼ਾਮ ਕਰੀਬ 6 ਵਜੇ ਜਦੋਂ ਘਰ ਦੀ ਨੌਕਰਾਣੀ ਘਰ ਪਹੁੰਚੀ ਤਾਂ ਉਸਨੇ ਦੇਖਿਆ ਕਿ ਘਰ ਦਾ ਮੁੱਖ ਗੇਟ ਤੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ ਤੇ ਘਰ ਦਾ ਸਾਮਾਨ ਖਿਲਰਿਆ ਪਿਆ ਸੀ। ਇਹ ਦੇਖ ਕੇ ਉਸਨੇ ਤੁਰੰਤ ਗੁਆਂਢੀਆਂ ਤੇ ਘਰ ਦੇ ਮਾਲਕ ਨੂੰ ਫੋਨ ਕਰਕੇ ਸੂਚਿਤ ਕੀਤਾ।
ਸੂਚਨਾ ਮਿਲਦਿਆਂ ਹੀ ਪਰਿਵਾਰ ਲੁਧਿਆਣਾ ਤੋਂ ਵਾਪਸ ਨਕੋਦਰ ਪਹੁੰਚ ਗਿਆ। ਘਰ ਦੇ ਮਾਲਕ ਸੰਜੀਵ ਜੈਨ ਨੇ ਦੱਸਿਆ ਕਿ ਚੋਰ ਘਰ ਦਾ ਗੇਟ ਤੋੜ ਕੇ ਅੰਦਰ ਦਾਖਲ ਹੋਏ ਤੇ ਤਿੰਨ ਕਮਰਿਆਂ ਦੇ ਤਾਲੇ ਤੋੜ ਕੇ ਅਲਮਾਰੀਆਂ ’ਚੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਘਰ ਵਿੱਚ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਸਨ ਪਰ ਆਸ-ਪਾਸ ਤੇ ਗਲੀ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੁਝ ਅਣਪਛਾਤੇ ਵਿਅਕਤੀ ਇਲਾਕੇ ’ਚ ਘੁੰਮਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਸ਼ੱਕ ਹੈ ਕਿ ਚੋਰੀ ’ਚ ਕੋਈ ਜਾਣਕਾਰ ਵੀ ਸ਼ਾਮਲ ਹੋ ਸਕਦਾ ਹੈ, ਜਿਸਨੂੰ ਘਰ ਦੀ ਪੂਰੀ ਜਾਣਕਾਰੀ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿਟੀ ਥਾਣਾ ਨਕੋਦਰ ਦੇ ਸਬ-ਇੰਸਪੈਕਟਰ ਸੁਖਵਿੰਦਰ ਪਾਲ ਸਿੰਘ ਮੁਲਤਾਨੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਮੌਕਾ ਮੁਆਇਨਾ ਕੀਤਾ। ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ।