ਜਤਿੰਦਰ ਸਿੰਘ ਕਾਲਾ ਦੀ ਨਾਰਾਜ਼ ਵਰਕਰਾਂ ਨਾਲ ਅਹਿਮ ਮੀਟਿੰਗ
ਜਤਿੰਦਰ ਸਿੰਘ ਕਾਲਾ ਦੀ ਨਾਰਾਜ਼ ਵਰਕਰਾਂ ਨਾਲ ਅਹਿਮ ਮੀਟਿੰਗ, 2027 ਚੋਣਾਂ ਤੋਂ ਪਹਿਲਾਂ ਵੱਡੇ ਫ਼ੈਸਲੇ ਦੇ ਦਿੱਤੇ ਸੰਕੇਤ
Publish Date: Sun, 01 Mar 2026 06:53 PM (IST)
Updated Date: Mon, 02 Mar 2026 04:11 AM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਹਲਕਾ ਫਿਲੌਰ ਆਪ ਦੇ ਯੂਥ ਆਗੂ ਜਤਿੰਦਰ ਸਿੰਘ ਕਾਲਾ ਮੰਡੀ ਨੇ ਆਪਣੇ ਸਪੋਰਟਰਾਂ ਤੇ ਆਪ ਪਾਰਟੀ ਨਾਲ ਨਾਰਾਜ਼ ਵਰਕਰਾਂ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ’ਚ ਵੱਡੀ ਗਿਣਤੀ ’ਚ ਪੁਰਾਣੇ ਤੇ ਸਰਗਰਮ ਵਰਕਰਾਂ ਨੇ ਹਾਜ਼ਰੀ ਭਰੀ ਤੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕੀਤੇ। ਮੀਟਿੰਗ ਦੌਰਾਨ ਵਰਕਰਾਂ ਨੇ ਕਿਹਾ ਕਿ ਇਲਾਕੇ ’ਚ ਨਸ਼ਾ ਘਟਣ ਦੀ ਬਜਾਏ ਵੱਧ ਰਿਹਾ ਹੈ ਤੇ “ਚਾਈਨਾ ਡੋਰ” ਕਾਰਨ ਲਗਾਤਾਰ ਹਾਦਸੇ ਹੋ ਰਹੇ ਹਨ, ਪਰ ਇਸ ’ਤੇ ਸਖ਼ਤ ਕਾਰਵਾਈ ਨਹੀਂ ਹੋ ਰਹੀ। ਇਸ ਤੋਂ ਇਲਾਵਾ ਰੇਤ ਮਾਫੀਆ ਦੇ ਪੂਰੇ ਜ਼ੋਰ ਨਾਲ ਕੰਮ ਕਰਨ ਦੇ ਵੀ ਦੋਸ਼ ਲਗਾਏ ਗਏ। ਹਲਕੇ ਫਿਲੌਰ ਦੇ ਲੋਕਾਂ ’ਚ ਪਾਰਟੀ ਦੀ ਪੂਰੀ ਹਾਈਕਮਾਂਡ ਪ੍ਰਤੀ ਵੀ ਨਾਰਾਜ਼ਗੀ ਵੇਖਣ ਨੂੰ ਮਿਲੀ। ਵਰਕਰਾਂ ਦਾ ਕਿਹਾ ਕਿ ਪਾਰਟੀ ਦੀ ਲੀਡਰਸ਼ਿਪ ਵੱਲੋਂ ਅਣਗੌਲਿਆਂ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨਾਲ ਕੋਈ ਮਸ਼ਵਰਾ ਨਹੀਂ ਕੀਤਾ ਜਾਂਦਾ। ਚਰਚਾ ਦੌਰਾਨ ਕੁਝ ਵਰਕਰਾਂ ਵੱਲੋਂ ਆਪ ਨੂੰ ਛੱਡ ਕੇ ਕਿਸੇ ਹੋਰ ਪਾਰਟੀ ’ਚ ਜਾਣ ਦੀ ਗੱਲ ਵੀ ਰੱਖੀ ਗਈ। ਇਸ ਮਾਮਲੇ ’ਤੇ ਵੀ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਕਿਹਾ ਗਿਆ ਕਿ ਜੇ ਹਾਲਾਤਾਂ ’ਚ ਸੁਧਾਰ ਨਾ ਆਇਆ ਤਾਂ ਵੱਡਾ ਫ਼ੈਸਲਾ ਲਿਆ ਜਾ ਸਕਦਾ ਹੈ। ਜਤਿੰਦਰ ਸਿੰਘ ਕਾਲਾ ਨੇ ਸਭ ਦੀਆਂ ਗੱਲਾਂ ਧਿਆਨ ਨਾਲ ਸੁਣਦਿਆਂ ਭਰੋਸਾ ਦਿਵਾਇਆ ਕਿ ਵਰਕਰਾਂ ਦੀ ਰਾਏ ਨੂੰ ਤਰਜੀਹ ਦਿੱਤੀ ਜਾਵੇਗੀ ਤੇ ਜੋ ਵੀ ਫ਼ੈਸਲਾ ਲਿਆ ਜਾਵੇਗਾ, ਉਹ ਹਲਕੇ ਦੇ ਹਿਤ ਤੇ ਵਰਕਰਾਂ ਦੀ ਸਹਿਮਤੀ ਨਾਲ ਹੀ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਜਲਦ ਹੀ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਮੀਟਿੰਗ ਦੇ ਅੰਤ ’ਚ ਇਹ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ’ਚ ਹੋਰ ਵੀ ਬੈਠਕਾਂ ਕੀਤੀਆਂ ਜਾਣਗੀਆਂ ਤੇ ਸਾਰੇ ਮਸਲਿਆਂ ’ਤੇ ਵਿਚਾਰ ਕਰਨ ਤੋਂ ਬਾਅਦ ਅਗਲਾ ਕਦਮ ਚੁੱਕਿਆ ਜਾਵੇਗਾ।