ਜੰਡਿਆਲਾ ਕਾਲਜ ਦੇ ਪਹਿਲਵਾਨਾਂ ਦੀ ਚਮਕ : ਅੰਡਰ-20 ਸਟੇਟ ਕੁਸ਼ਤੀ ’ਚ 2 ਸੋਨੇ ਦੇ ਤਮਗੇ ਕੀਤੇ ਹਾਸਲ
ਜੰਡਿਆਲਾ ਕਾਲਜ ਦੇ ਪਹਿਲਵਾਨਾਂ ਦੀ ਚਮਕ: ਅੰਡਰ-20 ਸਟੇਟ ਕੁਸ਼ਤੀ ’ਚ 2 ਸੋਨੇ ਦੇ ਤਗਮੇ ਹਾਸਲ
Publish Date: Sun, 12 Apr 2026 07:43 PM (IST)
Updated Date: Sun, 12 Apr 2026 07:46 PM (IST)
ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਦੇ ਪਹਿਲਵਾਨਾਂ ਨੇ ਪਟਿਆਲਾ ’ਚ ਹੋਏ ਅੰਡਰ-20 ਸਟੇਟ ਜੂਨੀਅਰ ਫ੍ਰੀ ਸਟਾਈਲ ਕੁਸ਼ਤੀ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਸੋਨੇ ਦੇ ਤਮਗੇ ਜਿੱਤੇ ਹਨ। ਇਨ੍ਹਾਂ ਮੁਕਾਬਲਿਆਂ ’ਚ ਕਾਲਜ ਦੇ ਵਿਦਿਆਰਥੀ ਸੂਰਜ ਨੇ 70 ਕਿਲੋ ਭਾਰ ਵਰਗ ਫ੍ਰੀ ਸਟਾਈਲ ’ਚ ਤੇ ਕਰਨਵੀਰ ਨੇ 92 ਕਿਲੋ ਭਾਰ ਵਰਗ ਫ੍ਰੀ ਸਟਾਈਲ ’ਚ ਸੋਨੇ ਦੇ ਤਮਗੇ ਹਾਸਲ ਕਰ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਦੋਵੇਂ ਪਹਿਲਵਾਨਾਂ ਦੀ ਚੋਣ ਅੰਡਰ-20 ਜੂਨੀਅਰ ਨੈਸ਼ਨਲ ਰੈਸਲਿੰਗ ਮੁਕਾਬਲਿਆਂ ਲਈ ਵੀ ਹੋ ਗਈ ਹੈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਜਸ਼ਨਜੋਤ ਸਿੰਘ ਜੌਹਲ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਕਾਲਜ ਲਈ ਮਾਣ ਵਾਲੀ ਗੱਲ ਹੈ ਕਿ ਬੀਏ ਭਾਗ ਪਹਿਲੇ ਦੇ ਵਿਦਿਆਰਥੀਆਂ ਨੇ ਇੰਨਾ ਵਧੀਆ ਪ੍ਰਦਰਸ਼ਨ ਕਰ ਕੇ ਇਤਿਹਾਸ ਰਚਿਆ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੇ ਨਾ ਸਿਰਫ ਕਾਲਜ, ਸਗੋਂ ਆਪਣੇ ਪਰਿਵਾਰ ਦਾ ਨਾਂ ਵੀ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ ਖੇਡਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਤੇ ਪੰਜਾਬ ਦਾ ਨਾਂ ਦੇਸ਼-ਵਿਦੇਸ਼ ’ਚ ਚਮਕਾਉਣ।