ਅੰਡਰ-11 ਸਟੇਟ ਜੇਤੂ ਹਾਕੀ ਟੀਮ ਸਨਮਾਨਿਤ
ਜਲੰਧਰ ਦੀ ਅੰਡਰ-11 ਸਟੇਟ ਜੇਤੂ ਹਾਕੀ ਟੀਮ ਦਾ ਡੀਸੀ ਜਲੰਧਰ ਵੱਲੋਂ ਸਨਮਾਨ
Publish Date: Tue, 24 Mar 2026 08:37 PM (IST)
Updated Date: Tue, 24 Mar 2026 08:40 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ- ਪੰਜਾਬ ਰਾਜ ਦੀਆਂ 45ਵੀਆਂ ਸਕੂਲ ਖੇਡਾਂ ਰੂਪਨਗਰ ਵਿਖੇ ਸ਼ਾਨਦਾਰ ਢੰਗ ਨਾਲ ਕਰਵਾਈਆਂ ਗਈਆਂ, ਜਿੱਥੇ ਜਲੰਧਰ ਜ਼ਿਲ੍ਹੇ ਦੀ ਅੰਡਰ-11 ਹਾਕੀ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿੱਚ ਸੰਗਰੂਰ ਦੀ ਟੀਮ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਟੀਮ ਦੇ ਖਿਡਾਰੀਆਂ ਨੇ ਪੂਰੇ ਟੂਰਨਾਮੈਂਟ ਦੌਰਾਨ ਉੱਚ ਕੋਟੀ ਦੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ। ਇਸ ਸ਼ਾਨਦਾਰ ਜਿੱਤ ’ਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਵੱਲੋਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਉਪਲੱਬਧੀਆਂ ਨਾਲ ਹੋਰ ਬੱਚਿਆਂ ਨੂੰ ਵੀ ਖੇਡਾਂ ਵੱਲ ਪ੍ਰੇਰਨਾ ਮਿਲਦੀ ਹੈ। ਜੇਤੂ ਟੀਮ ਵਿੱਚ ਸੀਚੇਵਾਲ ਸਕੂਲ ਤੇ ਤੇਹੰਗ ਸਕੂਲ ਦੇ ਖਿਡਾਰੀ ਸ਼ਾਮਲ ਸਨ। ਸੰਤ ਅਵਤਾਰ ਸਿੰਘ ਮੈਮੋਰੀਅਲ ਸਕੂਲ, ਸੀਚੇਵਾਲ ਦੇ ਖਿਡਾਰੀ ਗੁਰਮੀਤ ਸਿੰਘ, ਸੁਖਸਹਿਜ ਸਿੰਘ, ਗੁਰਚਰਨਪ੍ਰੀਤ ਸਿੰਘ ਅਤੇ ਗੁਰਵੀਰ ਪ੍ਰਤਾਪ ਸਿੰਘ ਅਤੇ ਤੇਹੰਗ ਦੇ ਸੰਜੂਰ, ਪ੍ਰਦੀਪ ਅਤੇ ਜਤਿਨ ਨੇ ਟੀਮ ਦੀ ਜਿੱਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਮੌਕੇ ਡੀਈਓ (ਐਲੀਮੈਂਟਰੀ) ਜਲੰਧਰ ਹਰਜਿੰਦਰ ਕੌਰ ਨੇ ਕਿਹਾ ਕਿ ਸਕੂਲ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਡਿਪਟੀ ਡੀਈਓ ਮੁਨੀਸ਼ ਸ਼ਰਮਾ ਨੇ ਵੀ ਖਿਡਾਰੀਆਂ ਅਤੇ ਕੋਚ ਦਵਿੰਦਰ ਸਿੰਘ ਸੀਚੇਵਾਲ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਉੱਚੀਆਂ ਉਡਾਣਾਂ ਭਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬੀਪੀਓ ਬੀ.ਕੇ. ਮਹਿਮੀ, ਬੀਪੀਓ ਰਮੇਸ਼ਵਰ ਚੰਦਰ, ਬੀਪੀਓ ਜਸਵੀਰ ਸਿੰਘ, ਪ੍ਰਿੰਸੀਪਲ ਕੁਲਵਿੰਦਰ ਸਿੰਘ ਤੇ ਡੀਪੀ ਪ੍ਰਦੀਪ ਕੁਮਾਰ ਵੀ ਹਾਜ਼ਰ ਸਨ।