ਅਪਗ੍ਰੇਡ ਹੀ ਨਹੀਂ, ਸੁੰਦਰੀਕਰਨ ਵੀ ਹੋਵੇਗਾ ਜਲੰਧਰ ਦਾ ਬੱਸ ਸਟੈਂਡ
ਅਪਗ੍ਰੇਡ ਹੀ ਨਹੀਂ, ਸੁੰਦਰੀਕਰਨ ਵੀ ਹੋਵੇਗਾ ਜਲੰਧਰ ਦਾ ਬੱਸ ਸਟੈਂਡ, ਆਰਕੀਟੈਕਟ ਕਰਨਗੇ ਦੌਰਾ
Publish Date: Mon, 19 Jan 2026 08:37 PM (IST)
Updated Date: Mon, 19 Jan 2026 08:39 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਬੱਸ ਸਟੈਂਡ ਦਾ ਸਿਰਫ਼ ਅਪਗ੍ਰੇਡ ਹੀ ਨਹੀਂ ਕੀਤਾ ਜਾਵੇਗਾ, ਸਗੋਂ ਇਸ ਦਾ ਸੁੰਦਰੀਕਰਨ ਵੀ ਕੀਤਾ ਜਾਵੇਗਾ। ਅਪਗ੍ਰੇਡ ਪ੍ਰੋਜੈਕਟ ਲਈ ਆਰਕੀਟੈਕਟ ਬੱਸ ਸਟੈਂਡ ਦਾ ਜਾਇਜ਼ਾ ਲੈਣ ਲਈ ਦੌਰਾ ਕਰਨਗੇ। ਸੋਮਵਾਰ ਨੂੰ ਬੱਸ ਸਟੈਂਡ ਅਪਗ੍ਰੇਡ ਸਬੰਧੀ ਵਿਭਾਗ ਦੀ ਮੀਟਿੰਗ ਰੱਖੀ ਗਈ ਹੈ। ਚੋਣਾਂ ਵਾਲੇ ਸਾਲ ਤੋਂ ਪਹਿਲਾਂ ਬੱਸ ਸਟੈਂਡ ਦਾ ਕੰਮ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਸ਼ਨਿਚਰਵਾਰ ਨੂੰ ਪੰਜਾਬ ਦੇ ਟਰਾਂਸਪੋਰਟ ਮੰਤਰੀ ਵੱਲੋਂ ਰਾਜ ਦੇ ਪੰਜ ਸ਼ਹਿਰਾਂ ਦੇ ਬੱਸ ਸਟੈਂਡ ਅਪਗ੍ਰੇਡ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸਾਲ 1999 ’ਚ ਜਲੰਧਰ ਦੇ ਪੁਰਾਣੇ ਬੱਸ ਸਟੈਂਡ ਦਾ ਨਵਾਂ ਨਿਰਮਾਣ ਸ਼ੁਰੂ ਹੋਇਆ ਸੀ, ਜੋ ਸਾਲ 2006 ’ਚ ਪੂਰਾ ਹੋਇਆ। 2006 ਤੋਂ ਬਾਅਦ ਯਾਤਰੀਆਂ ਦੀ ਗਿਣਤੀ ’ਚ ਵਾਧਾ ਹੋਇਆ ਤੇ ਬੱਸਾਂ ਦੀ ਸੰਖਿਆ ਵੀ ਵਧੀ। ਪਿਛਲੇ ਪੰਜ ਸਾਲਾਂ ਤੋਂ ਬੱਸ ਸਟੈਂਡ ਨੂੰ ਮੁੜ ਅਪਗ੍ਰੇਡ ਕਰਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਇਸ ਮਾਮਲੇ ਨੂੰ ਲੈ ਕੇ ਕਈ ਵਾਰ ਵਿਭਾਗੀ ਪੱਧਰ ’ਤੇ ਮੀਟਿੰਗਾਂ ਵੀ ਹੋਈਆਂ, ਪਰ ਕੋਈ ਨਤੀਜਾ ਨਹੀਂ ਨਿਕਲਿਆ। ਪੰਜ ਸਾਲ ਬਾਅਦ ਹੁਣ ਮੁੜ ਬੱਸ ਸਟੈਂਡ ਨੂੰ ਅਪਗ੍ਰੇਡ ਕਰਨ ਦੀ ਮਨਜ਼ੂਰੀ ਮਿਲੀ ਹੈ। ਮਾਰਚ ਤੱਕ ਡੀਟੇਲ ਪ੍ਰੋਜੈਕਟ ਰਿਪੋਰਟ (ਡੀਪੀਆਰ) ਤਿਆਰ ਕੀਤੀ ਜਾਣੀ ਹੈ, ਜਿਸ ਲਈ ਸਰਵੇ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਸੂਤਰਾਂ ਮੁਤਾਬਕ ਇਸ ਵਾਰ ਕੰਮ ਬਿਨਾਂ ਕਿਸੇ ਦੇਰੀ ਦੇ ਜੰਗੀ ਪੱਧਰ ’ਤੇ ਕੀਤਾ ਜਾਵੇਗਾ। ਇਸ ਲਈ ਟੈਂਡਰਿੰਗ ਪ੍ਰਕਿਰਿਆ ਨੂੰ ਵੀ ਜਲਦੀ ਨਿਪਟਾਇਆ ਜਾਵੇਗਾ। ਬੱਸ ਸਟੈਂਡ ਅਪਗ੍ਰੇਡੇਸ਼ਨ ਪ੍ਰੋਜੈਕਟ ਹੇਠ ਇਸ ਵੇਲੇ ਬਿਹਤਰ ਪਾਰਕਿੰਗ, ਸਾਫ਼-ਸੁਥਰੇ ਪਖਾਨੇ, ਆਧੁਨਿਕ ਵੇਟਿੰਗ ਹਾਲ, ਫੂਡ ਕੋਰਟ, ਬੱਸਾਂ ਦੀ ਟਾਈਮਿੰਗ ਲਈ ਡਿਜ਼ਿਟਲ ਬੋਰਡ, ਆਰਓ ਸਿਸਟਮ, ਭੀੜਭਾੜ ਨਾਲ ਨਜਿੱਠਣ ਲਈ ਬੱਸਾਂ ਦੀ ਐਂਟਰੀ ਤੇ ਐਗਜ਼ਿਟ ਦੇ ਬਦਲ ਵਰਗੀਆਂ ਸੁਵਿਧਾਵਾਂ ਨੂੰ ਤਰਜੀਹ ਦਿੱਤੀ ਗਈ ਹੈ। ਸਰਵੇ ਤੋਂ ਬਾਅਦ ਕੁਝ ਹੋਰ ਕੰਮ ਵੀ ਪ੍ਰੋਜੈਕਟ ’ਚ ਸ਼ਾਮਲ ਕੀਤੇ ਜਾ ਸਕਦੇ ਹਨ। ਪ੍ਰੋਜੈਕਟ ਸਬੰਧੀ ਸੋਮਵਾਰ ਨੂੰ ਜਲੰਧਰ ਰੋਡਵੇਜ਼ ਡਿਪੂ-1 ਦੇ ਜੀਐੱਮ ਮਨਿੰਦਰ ਸਿੰਘ ਚੰਡੀਗੜ੍ਹ ਪੁੱਜੇ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦੇ ਅਪਗ੍ਰੇਡ ਹੋਣ ਨਾਲ ਆਉਣ ਵਾਲੇ ਕਈ ਸਾਲਾਂ ਤੱਕ ਯਾਤਰੀਆਂ ਨੂੰ ਰਾਹਤ ਮਿਲੇਗੀ ਤੇ ਪ੍ਰਬੰਧਾਂ ’ਚ ਵੀ ਸੁਧਾਰ ਆਵੇਗਾ। ਪ੍ਰੋਜੈਕਟ ਸਬੰਧੀ ਰਸਮਾਂ ਜਲਦੀ ਪੂਰੀਆਂ ਹੋਣ ਦੀ ਉਮੀਦ ਹੈ। ਵਿਕਾਸ ਕਾਰਜ ਵੱਖ-ਵੱਖ ਪੜਾਆਂ ’ਚ ਪੂਰੇ ਕੀਤੇ ਜਾਣਗੇ।