ਟਿੱਪਰ, ਟਰੱਕ ਤੇ ਮੋਟਰਸਾਈਕਲ ਟੱਕਰ ’ਚ ਇਕ ਦੀ ਮੌਤ, ਦੂਜਾ ਜ਼ਖ਼ਮੀ
ਜਲੰਧਰ-ਪਠਾਨਕੋਟ ਸੜਕ ਹਾਦਸਾ: ਟਿੱਪਰ ਟਰੱਕ ਤੇ ਮੋਟਰਸਾਈਕਲ ਟੱਕਰ ’ਚ ਇਕ ਦੀ ਮੌਤ, ਇੱਕ ਜ਼ਖਮੀ
Publish Date: Thu, 19 Mar 2026 09:39 PM (IST)
Updated Date: Thu, 19 Mar 2026 09:40 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਸੜਕ ’ਤੇ ਪਚਰੰਗਾ ਪੈਟਰੋਲ ਪੰਪ ਨੇੜੇ ਦੁਪਹਿਰ ਵੇਲੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਅਨੁਸਾਰ ਇਕ ਟਿੱਪਰ ਟਰੱਕ ਤੇ ਮੋਟਰਸਾਈਕਲ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ, ਜਦਕਿ ਉਸ ਦੇ ਭਰਾ ਗੰਭੀਰ ਜ਼ਖਮੀ ਹੋ ਗਿਆ। ਮੌਕੇ ’ਤੇ ਪੁੱਜੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ (ਪੀਬੀ-07-ਸੀਜੀ-6822) ਨੂੰ ਮੁਹੰਮਦ ਕਸੀਮ ਪੁੱਤਰ ਕਲੀਮੋਦੀਨ ਚਲਾ ਰਿਹਾ ਸੀ, ਜਿਸਦੇ ਪਿੱਛੇ ਉਸ ਦਾ ਭਰਾ ਸ਼ਾਹੀਨ ਸਵਾਰ ਸੀ। ਪਿੱਛਿਓਂ ਆ ਰਹੇ ਟਿੱਪਰ ਟਰੱਕ (ਪੀਬੀ-07-ਸੀਐੱਲ-3545) ਨੂੰ ਮਨਪ੍ਰੀਤ ਸਿੰਘ ਚਲਾ ਰਿਹਾ ਸੀ। ਟੱਕਰ ਇੰਨੀ ਭਿਆਨਕ ਸੀ ਕਿ ਮੁਹੰਮਦ ਕਸੀਮ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦਾ 18 ਸਾਲਾ ਭਰਾ ਸ਼ਾਹੀਨ ਗੰਭੀਰ ਜ਼ਖਮੀ ਹੋ ਗਿਆ ਤੇ ਹਸਪਤਾਲ ’ਚ ਇਲਾਜ ਅਧੀਨ ਹੈ। ਐੱਸਐੱਸਐੱਫ ਟੀਮ ਨੇ ਮੌਕੇ ’ਤੇ ਕੋਨ ਲਗਾ ਕੇ ਟ੍ਰੈਫਿਕ ਕੰਟਰੋਲ ਕੀਤਾ। ਪੁਲਿਸ ਚੌਕੀ ਲਾਦੜਾ, ਥਾਣਾ ਭੋਗਪੁਰ ਦੇ ਆਈਓ ਹੈੱਡ ਕਾਂਸਟੇਬਲ ਅਵਤਾਰ ਸਿੰਘ ਮੌਕੇ ’ਤੇ ਪੁੱਜੇ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਹਾਦਸਾਗ੍ਰਸਤ ਮੋਟਰਸਾਈਕਲ ਤੇ ਟਿੱਪਰ ਟਰੱਕ ਨੂੰ ਵੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾਵੇਗੀ ਤੇ ਘਟਨਾ ਦੀ ਪੂਰੀ ਜਾਂਚ ਜਾਰੀ ਹੈ।