ਜਲੰਧਰ ਪੀਐੱਨਜੀ ਗੈਸ ਪਾਈਪ ਲਾਈਨ ’ਤੇ ਵਿਰੋਧਭਾਸ, ਮੁੱਖ ਸਕੱਤਰ ਨੇ ਰਿਪੋਰਟ ਮੰਗੀ, ਮੇਅਰ ਨੇ ਕਿਹਾ ਹੁਣੇ ਕੰਮ ਸ਼ੁਰੂ ਨਹੀਂ ਹੋਣ ਦੇਵਾਂਗੇ

-ਦੋ ਮਹੀਨਿਆਂ ਤੋਂ ਪੁਰਾਣੇ ਸ਼ਹਿਰ ’ਚ ਗੈਸ ਪਾਈਪ ਲਾਈਨ ਦਾ ਕੰਮ ਬੰਦ, ਮੁੱਖ ਸਕੱਤਰ ਨੇ ਮੰਗੀ ਪ੍ਰੋਗਰੈੱਸ ਰਿਪੋਰਟ, ਗੈਸ ਕੰਪਨੀਆਂ ਨਾਲ ਮੀਟਿੰਗ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਪਾਈਪਡ ਨੇਚਰਲ ਗੈਸ (ਪੀਐੱਨਜੀ) ਲਾਈਨ ਪ੍ਰੋਜੈਕਟ ਨੂੰ ਲੈ ਕੇ ਆਪਾ ਵਿਰੋਧੀ ਦੇ ਹਾਲਾਤ ਬਣੇ ਹੋਏ ਹਨ। ਦੋ ਮਹੀਨਿਆਂ ਤੋਂ ਬੰਦ ਪਏ ਇਸ ਪ੍ਰੋਜੈਕਟ ਬਾਰੇ ਜਲੰਧਰ ਦੇ ਮੇਅਰ ਵਨੀਤ ਧੀਰ ਨੇ ਕਿਹਾ ਕਿ ਇਸ ਵੇਲੇ ਸ਼ਹਿਰ ’ਚ ਸੜਕਾਂ ਬਣ ਰਹੀਆਂ ਹਨ, ਇਸ ਕਰਕੇ ਅਜੇ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਦੂਜੇ ਪਾਸੇ ਐੱਲਪੀਜੀ ਸੰਕਟ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਗੈਸ ਪਾਈਪਲਾਈਨ ਪ੍ਰੋਜੈਕਟ ਨੂੰ ਲੈ ਕੇ ਸੂਬੇ ਦੇ ਮੁੱਖ ਸਕੱਤਰ ਕੇਪੀ ਸਿਨਹਾ ਨੇ ਗੈਸ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ’ਚ ਗੈਸ ਕੰਪਨੀਆਂ ਦੇ ਪ੍ਰੋਜੈਕਟ ’ਤੇ ਚਰਚਾ ਕੀਤੀ ਗਈ ਤੇ ਲੋਕਾਂ ਤੱਕ ਇਹ ਸੁਵਿਧਾ ਕਿਵੇਂ ਪਹੁੰਚੇਗੀ, ਇਸ ’ਤੇ ਵੀ ਵਿਚਾਰ ਕੀਤਾ ਗਿਆ। ਮੀਟਿੰਗ ਤੋਂ ਬਾਅਦ ਜਲੰਧਰ ’ਚ ਬੰਦ ਪਏ ਗੈਸ ਪਾਈਪਲਾਈਨ ਪ੍ਰੋਜੈਕਟ ਦੇ ਮੁੜ ਸ਼ੁਰੂ ਹੋਣ ਦੀ ਉਮੀਦ ਬਣੀ ਸੀ ਪਰ ਮੇਅਰ ਨੇ ਇਸ ਨੂੰ ਸਿੱਧੇ ਤੌਰ ’ਤੇ ਖਾਰਜ ਕਰ ਦਿੱਤਾ। ਜਲੰਧਰ ’ਚ ਅਡਾਨੀ ਗਰੁੱਪ ਵੱਲੋਂ ਪਾਈਪਲਾਈਨ ਪਾਈ ਜਾ ਰਹੀ ਸੀ, ਜਿਸ ਨੂੰ ਸੜਕਾਂ ਖਰਾਬ ਹੋਣ ਦੇ ਹਵਾਲੇ ਨਾਲ ਨਗਰ ਨਿਗਮ ਨੇ ਬੰਦ ਕਰਵਾ ਦਿੱਤਾ ਸੀ। ਪਾਈਪ ਲਾਈਨ ਪਾ ਰਹੀ ਅਡਾਨੀ ਕੰਪਨੀ ਦੇ ਪ੍ਰੋਜੈਕਟ ਹੈੱਡ ਅਜੈ ਬਹਾਦੁਰ ਸਿੰਘ ਨੇ ਕਿਹਾ ਕਿ ਬੁੱਧਵਾਰ ਨੂੰ ਪੀਐੱਨਜੀ ਪ੍ਰੋਜੈਕਟ ਚਲਾਉਣ ਵਾਲੀਆਂ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਮੁੱਖ ਸਕੱਤਰ ਕੇਪੀ ਸਿਨਹਾ ਦੀ ਮੀਟਿੰਗ ਹੋਈ, ਜਿਸ ’ਚ ਲੋਕਾਂ ਨੂੰ ਮਿਲਣ ਵਾਲੀ ਸੁਵਿਧਾ ਤੇ ਪ੍ਰੋਜੈਕਟ ਰਿਪੋਰਟ ’ਤੇ ਗੱਲਬਾਤ ਹੋਈ। ਇਸ ਨਾਲ ਜਲੰਧਰ ’ਚ ਬੰਦ ਪਏ ਕੰਮ ਦੇ ਮੁੜ ਸ਼ੁਰੂ ਹੋਣ ਦੀ ਉਮੀਦ ਬੱਝੀ ਹੈ। ਜਲੰਧਰ ਸ਼ਹਿਰ ਦੇ ਇਕ ਲੱਖ 82 ਹਜ਼ਾਰ ਘਰਾਂ ਤੱਕ ਪੀਐੱਨਜੀ ਸਪਲਾਈ ਪੁੱਜਣੀ ਹੈ। ਪੁਰਾਣੇ ਸ਼ਹਿਰ ’ਚ ਹੀ 60 ਕਿੱਲੋਮੀਟਰ ਲੰਬੀ ਪਾਈਪਲਾਈਨ ਪਾਈ ਜਾਣੀ ਹੈ। ਪਿੰਡ ਹਮੀਰ ਖੇੜਾ ’ਚ ਸਿਟੀ ਗੈਸ ਸਟੇਸ਼ਨ ਤਿਆਰ ਹੋ ਚੁੱਕਾ ਹੈ ਤੇ ਸ਼ਹਿਰ ਦੇ 500 ਘਰਾਂ ’ਚ ਮੀਟਰ ਵੀ ਲਾਏ ਜਾ ਚੁੱਕੇ ਹਨ। ਸ਼ਹਿਰ ਦੇ ਬਾਹਰੀ ਇਲਾਕਿਆਂ ’ਚ ਪਾਈਪਲਾਈਨ ਪਾਈ ਜਾ ਚੁੱਕੀ ਹੈ। ਕੰਪਨੀ ਦਾ ਜਲੰਧਰ ਤੇ ਆਸ-ਪਾਸ ਦੇ ਇਲਾਕਿਆਂ ’ਚ 155 ਕਿੱਲੋਮੀਟਰ ਗੈਸ ਪਾਈਪਲਾਈਨ ਪਾਉਣ ਦਾ ਪ੍ਰੋਜੈਕਟ ਹੈ। ਪਿੰਡ ਹਮੀਰ ਖੇੜਾ ਤੋਂ 66 ਫੁੱਟ ਰੋਡ, ਜਲੰਧਰ ਹਾਈਟਸ ਤੱਕ ਪਾਈਪਲਾਈਨ ਪੁੱਜ ਚੁੱਕੀ ਹੈ। ਇਸ ਦੇ ਨਾਲ ਹੀ ਜੰਡੂ ਸਿੰਘਾ, ਪਠਾਨਕੋਟ ਚੌਕ, ਮਕਸੂਦਾਂ, ਲਾਂਬੜਾ, ਕਰਤਾਰਪੁਰ ਤੇ ਕਿਸ਼ਨਗੜ੍ਹ ਵਰਗੇ ਇਲਾਕਿਆਂ ਤੱਕ ਵੀ ਪਾਈਪਲਾਈਨ ਪੁੱਜ ਚੁੱਕੀ ਹੈ।
---------------------------
ਜਨਵਰੀ ’ਚ ਬੰਦ ਹੋਇਆ ਪ੍ਰੋਜੈਕਟ
ਸਾਲ 2024 ਦੇ ਜੂਨ ਮਹੀਨੇ ’ਚ ਜਲੰਧਰ ’ਚ ਪਾਈਪਲਾਈਨ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਸਾਲ 2025 ਦੇ ਅਕਤੂਬਰ ’ਚ ਸ਼ਹਿਰ ’ਚ ਕੰਮ ਤੇਜ਼ ਕੀਤਾ ਗਿਆ ਪਰ ਜਨਵਰੀ 2026 ’ਚ ਇਸ ਨੂੰ ਬੰਦ ਕਰਵਾ ਦਿੱਤਾ ਗਿਆ। ਸ਼ਹਿਰ ਦੇ ਇਕ ਲੱਖ 82 ਹਜ਼ਾਰ ਘਰਾਂ ਤੱਕ ਕੁਦਰਤੀ ਗੈਸ ਪਹੁੰਚਾਉਣ ਦਾ ਟੀਚਾ ਸੀ। ਮਾਰਚ 2026 ਤੱਕ 2 ਹਜ਼ਾਰ ਘਰਾਂ ’ਚ ਗੈਸ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਸੀ। ਜਲੰਧਰ ਹਾਈਟਸ, 66 ਫੁੱਟ ਰੋਡ, ਅਰਬਨ ਅਸਟੇਟ ਵਰਗੇ ਇਲਾਕਿਆਂ ਦੇ 500 ਘਰਾਂ ’ਚ ਪਾਈਪ ਤੇ ਮੀਟਰ ਲਾਏ ਜਾ ਚੁੱਕੇ ਸਨ। ਪੂਰਾ ਪ੍ਰੋਜੈਕਟ 2027 ਤੱਕ ਮੁਕੰਮਲ ਕਰਨ ਦੀ ਯੋਜਨਾ ਸੀ।
-----------------------------
ਸੜਕਾਂ ਬਣ ਰਹੀਆਂ ਹਨ, ਹਾਲੇ ਪ੍ਰੋਜੈਕਟ ਸ਼ੁਰੂ ਨਹੀਂ ਹੋਵੇਗਾ
ਗੈਸ ਪਾਈਪਲਾਈਨ ਪਾਉਣ ਕਾਰਨ ਸ਼ਹਿਰ ਦੀਆਂ ਸੜਕਾਂ ਨੂੰ ਨੁਕਸਾਨ ਪੁੱਜ ਰਿਹਾ ਸੀ। ਨਗਰ ਨਿਗਮ ਵੱਲੋਂ ਹਾਲ ਹੀ ’ਚ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਸ਼ਹਿਰ ਦੀਆਂ ਸੜਕਾਂ ਬਣਾਉਣਾ ਪਹਿਲੀ ਤਰਜੀਹ ਹੈ। ਜਦੋਂ ਸੜਕਾਂ ਬਣ ਜਾਣਗੀਆਂ, ਉਸ ਤੋਂ ਬਾਅਦ ਗੈਸ ਪਾਈਪ ਲਾਈਨ ਪ੍ਰੋਜੈਕਟ ’ਤੇ ਵਿਚਾਰ ਕੀਤਾ ਜਾਵੇਗਾ। ਹਾਲੇ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਵਨੀਤ ਧੀਰ, ਮੇਅਰ, ਜਲੰਧਰ