ਐੱਸਡੀਐੱਮ ਸ਼ਾਹਕੋਟ ਨੇ ਜਿੱਤਿਆ ਓਵਰਆਲ ਖਿਤਾਬ
ਜਲੰਧਰ ਦੇ ਪੀਸੀਐੱਸ ਅਧਿਕਾਰੀ ਆਦਿੱਤਿਆ ਗੁਪਤਾ ਵੱਲੋਂ ਜੂਰਿਸਟਸ ਤੇ ਸਿਵਲ ਸਰਵਿਸਿਜ਼ ਗੋਲਫ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ
Publish Date: Fri, 03 Apr 2026 09:52 PM (IST)
Updated Date: Fri, 03 Apr 2026 09:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੀਸੀਐੱਸ ਅਧਿਕਾਰੀ ਆਦਿੱਤਿਆ ਗੁਪਤਾ, ਜੋ ਕਿ ਮੌਜੂਦਾ ਸਮੇਂ ਉਪ ਮੰਡਲ ਮੈਜਿਸਟ੍ਰੇਟ ਸ਼ਾਹਕੋਟ ਤੇ ਕਮਿਸ਼ਨਰ ਜਲੰਧਰ ਡਵੀਜ਼ਨ ਦੇ ਸਟਾਫ਼ ਅਫ਼ਸਰ ਵਜੋਂ ਤਾਇਨਾਤ ਹਨ, ਨੇ ਚੰਡੀਗੜ੍ਹ ਗੋਲਫ਼ ਕਲੱਬ ਵਿਖੇ ਹੋਏ ਜੂਰਿਸਟਸ ਤੇ ਸਿਵਲ ਸਰਵਿਸਿਜ਼ ਗੋਲਫ਼ ਟੂਰਨਾਮੈਂਟ ’ਚ ਓਵਰਆਲ ਟਰਾਫੀ ਜਿੱਤ ਕੇ ਜਲੰਧਰ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਸਭ ਤੋਂ ਵਧੀਆ ਕੁੱਲ ਸਕੋਰ ਨਾਲ ਇਹ ਖਿਤਾਬ ਆਪਣੇ ਨਾਮ ਕੀਤਾ ਹੈ। ਉਨ੍ਹਾਂ ਨੇ ਹਰਿਆਣਾ ਦੇ ਰਾਜਪਾਲ ਅਸ਼ੀਮ ਕੁਮਾਰ ਘੋਸ਼ ਪਾਸੋਂ ਜੇਤੂ ਟਰਾਫੀ ਹਾਸਲ ਕੀਤੀ, ਜਿਨ੍ਹਾਂ ਵੱਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ। ਇਹ ਪ੍ਰਾਪਤੀ ਹਾਸਲ ਕਰਨ ਤੋਂ ਬਾਅਦ ਐੱਸਡੀਐੱਮ ਆਦਿੱਤਿਆ ਗੁਪਤਾ ਨੇ ਅੱਜ ਡਵੀਜ਼ਨਲ ਕਮਿਸ਼ਨਰ ਰਾਮਵੀਰ, ਆਈਏਐੱਸ ਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਆਈਏਐੱਸ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ। ਐੱਸਡੀਐੱਮ. ਸ਼ਾਹਕੋਟ ਦੀ ਸਫ਼ਲਤਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਰੋਜ਼ਾਨਾ ਦੇ ਜੀਵਨ ਵਿੱਚ ਖੇਡਾਂ ਦੀ ਮਹੱਤਤਾ ਤੇ ਚਾਨਣਾ ਪਾਇਆ ਅਤੇ ਕਿਹਾ ਕਿ ਹਰ ਕਿਸੇ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿਣ ਲਈ ਕਿਸੇ ਨਾ ਕਿਸੇ ਤਰ੍ਹਾਂ ਦੀ ਸਰੀਰਕ ਗਤੀਵਿਧੀ ਜ਼ਰੂਰ ਅਪਣਾਉਣੀ ਚਾਹੀਦੀ ਹੈ। ਗੁਪਤਾ ਪਿਛਲੇ 15 ਸਾਲਾਂ ਤੋਂ ਇੰਡੀਅਨ ਨੈਸ਼ਨਲ ਗੋਲਫ ਟੂਰ ’ਚ ਖੇਡ ਰਹੇ ਹਨ। ਵਰਤਮਾਨ ’ਚ ਉਨ੍ਹਾਂ ਦਾ ਨਾਂ ਇੰਡੀਅਨ ਗੋਲਫ ਯੂਨੀਅਨ ਵੱਲੋਂ ਜਾਰੀ ਰਾਸ਼ਟਰੀ ਐਮਾਚਰ ਖਿਡਾਰੀਆਂ ਦੀ ਮੈਰਿਟ ਸੂਚੀ ’ਚ ਸ਼ਾਮਲ ਹੈ।